ਚੰਡੀਗੜ੍ਹ ਪ੍ਰਸ਼ਾਸਨ ਨੇ 25 ਜੂਨ, 2026 ਨੂੰ ਪੈਰਿਸ, ਫਰਾਂਸ ਵਿੱਚ ਪ੍ਰਸਤਾਵਿਤ ਚੰਡੀਗੜ੍ਹ ਨਾਲ ਸਬੰਧਿਤ ਵਿਰਾਸਤ ਫਰਨੀਚਰ ਦੀ ਨਿਲਾਮੀ ਨੂੰ ਰੋਕਣ ਅਤੇ ਉਕਤ ਵਸਤੂਆਂ ਦੀ ਬਰਾਮਦਗੀ ਅਤੇ ਭਾਰਤ ਵਾਪਸੀ ਸੁਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (ਐੱਮਈਏ/MEA) ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।

ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ (ਯੂਐੱਨਈਐੱਸ/UNES) ਨੂੰ ਭੇਜੇ ਗਏ ਇੱਕ ਪੱਤਰ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰ ਸਕੱਤਰ ਨੇ ਨਿਲਾਮੀ ਹਿਤ ਪ੍ਰਸਤਾਵਿਤ ਦੋ ਫਰਨੀਚਰ ਵਸਤੂਆਂ ਦੇ ਉਤਪਤੀ (ਪ੍ਰੋਵੋਨੈਂਸ/provenance) ਨੂੰ ਲੈ ਕੇ ਗੰਭੀਰ ਚਿੰਤਾਵਾਂ ਵਿਅਕਤ ਕੀਤੀਆਂ ਹਨ।ਇਨ੍ਹਾਂ ਵਸਤੂਆਂ ‘ਤੇ ਕ੍ਰਮਵਾਰ: “PU Chem/55” ਅਤੇ “PGI/W/CH-020″ ਅੰਕਿਤ ਹੈ, ਜੋ ਇਨ੍ਹਾਂ ਦੇ ਪੰਜਾਬ ਯੂਨੀਵਰਸਿਟੀ ਅਤੇ ਪੀਜੀਆਈਐੱਮਈਆਰ (PGIMER), ਚੰਡੀਗੜ੍ਹ ਨਾਲ ਸਬੰਧਿਤ ਹੋਣ ਦਾ ਸੰਕੇਤ ਦਿੰਦਾ ਹੈ। ਇਨ੍ਹਾਂ ਚਿੰਨ੍ਹਾਂ ਤੋਂ ਇਹ ਖ਼ਦਸ਼ਾ ਉਤਪੰਨ ਹੁੰਦਾ ਹੈ ਕਿ ਉਕਤ ਫਰਨੀਚਰ ਨੂੰ ਉਨ੍ਹਾਂ ਦੇ ਕਾਨੂੰਨੀ ਰਖਵਾਲਿਆਂ ਦੀ ਆਗਿਆ ਦੇ ਬਿਨਾ ਹਟਾ ਕੇ ਵਿਦੇਸ਼ ਭੇਜਿਆ ਗਿਆ ਹੋ ਸਕਦਾ ਹੈ।

ਪ੍ਰਸ਼ਾਸਨ ਨੇ ਆਪਣੇ ਪੱਤਰ ਵਿੱਚ ਉਲੇਖ ਕੀਤਾ ਹੈ ਕਿ ਇਹ ਫਰਨੀਚਰ ਚੰਡੀਗੜ੍ਹ ਦੀ ਵਿਲੱਖਣ ਆਧੁਨਿਕਤਾਵਾਦੀ ਵਿਰਾਸਤ ਅਤੇ ਮਹਾਨ ਆਰਕੀਟੈਕਟ ਲੀ ਕਾਰਬੁਜ਼ੀਅਰ ਅਤੇ ਉਸ ਦੇ ਸਹਿਯੋਗੀਆਂ ਦੀ ਮੂਲ ਪਰਿਕਲਪਨਾ ਦਾ ਇੱਕ ਅਭਿੰਨ ਹਿੱਸਾ ਹੈ। ਕਿਉਂਕਿ ਚੰਡੀਗੜ੍ਹ ਦਾ ਕੈਪੀਟਲ ਕੰਪਲੈਕਸ ” ਦ ਆਰਕੀਟੈਕਚਰਲ ਵਰਕ ਆਵ੍ ਲੀ ਕਾਰਬੁਜ਼ੀਅਰ – ਐਨ ਆਊਟਸਟੈਂਡਿੰਗ ਕੰਟ੍ਰੀਬਿਊਸ਼ਨ ਟੂ ਦ ਮਾਡਰਨ ਮੂਵਮੈਂਟ” ਦੇ ਤਹਿਤ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹੈ, ਇਸ ਲਈ ਅਜਿਹੇ ਮੂਲ ਫਰਨੀਚਰ ਦੀ ਸੰਭਾਲ਼ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਮਹੱਤਵ ਦਾ ਵਿਸ਼ਾ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਵਿਰਾਸਤ ਫਰਨੀਚਰ ਦਾ
ਵਿਦੇਸ਼ੀ ਨਿਲਾਮੀ ਬਜ਼ਾਰ ਵਿੱਚ ਦਿਖਾਈ ਦੇਣਾ ਸੰਭਾਵਿਤ ਚੋਰੀ, ਅਵੈਧ ਤੌਰ ‘ਤੇ ਹਟਾਏ ਜਾਣ, ਅਣਅਧਿਕਾਰਿਤ ਨਿਸਤਾਰਣ ਅਤੇ ਵਿਰਾਸਤ ਜਾਇਦਾਦ ਦੇ ਅਵੈਧ ਨਿਰਯਾਤ ਜਿਹੇ ਗੰਭੀਰ ਖ਼ਦਸ਼ਿਆਂ ਨੂੰ ਜਨਮ ਦਿੰਦਾ ਹੈ। ਪ੍ਰਸਤਾਵਿਤ ਨਿਲਾਮੀ ਦੇ ਪਰਿਣਾਮਸਰੂਪ ਚੰਡੀਗੜ੍ਹ ਦੀ ਇਤਿਹਾਸਿਕ ਪਹਿਚਾਣ ਅਤੇ ਭਾਰਤ ਦੀ ਸੱਭਿਆਚਾਰਕ ਧਰੋਹਰ ਨਾਲ ਜੁੜੇ ਮਹੱਤਵਪੂਰਨ ਵਿਰਾਸਤ ਸੰਸਾਧਨਾਂ ਦਾ ਸਥਾਈ ਨੁਕਸਾਨ ਹੋ ਸਕਦਾ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਚੰਡੀਗੜ੍ਹ ਪੁਲਿਸ ਨੇ 23 ਜੂਨ, 2026 ਨੂੰ ਭਾਰਤੀਯ ਨਯਾਯ ਸੰਹਿਤਾ (ਬੀਐੱਨਐੱਸ/BNS) ਦੇ ਸਬੰਧਿਤ ਪ੍ਰਾਵਧਾਨਾਂ ਦੇ ਤਹਿਤ ਦੋ ਐੱਫਆਈਆਰ (FIR) ਦਰਜ ਕੀਤੀਆਂ ਹਨ ਅਤੇ ਸਬੰਧਿਤ ਵਿਰਾਸਤ ਫਰਨੀਚਰ ਦੀ ਕਥਿਤ ਚੋਰੀ, ਅਵੈਧ ਤਰੀਕੇ ਨਾਲ ਹਟਾਉਣ, ਨਿਰਯਾਤ, ਵਿਕਰੀ ਅਤੇ ਤਸਕਰੀ ਦੀ ਜਾਂਚ ਸ਼ੁਰੂ ਕੀਤੀ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਫਰਾਂਸ ਸਥਿਤ ਭਾਰਤੀ ਦੂਤਾਵਾਸ ਅਤੇ ਸਬੰਧਿਤ ਫਰਾਂਸੀਸੀ ਅਥਾਰਿਟੀਆਂ ਦੇ ਸਾਹਮਣੇ ਉਠਾਏ। ਪ੍ਰਸ਼ਾਸਨ ਨੇ ਨਿਲਾਮੀ ਨੂੰ ਤੁਰੰਤ ਮੁਅੱਤਲ ਜਾਂ ਮੁਲਤਵੀ ਕਰਨ, ਜਾਂਚ ਪੂਰੀ ਹੋਣ ਤੱਕ ਫਰਨੀਚਰ ਨੂੰ ਸੁਰੱਖਿਅਤ ਰੱਖਣ, ਮਾਲਕੀ ਅਤੇ ਉਤਪਤੀ ਸਬੰਧੀ ਰਿਕਾਰਡਾਂ ਦੀ ਤਸਦੀਕ ਕਰਵਾਉਣ, ਵਸਤੂਆਂ ਦੀ ਬਰਾਮਦਗੀ ਅਤੇ ਭਾਰਤ ਵਾਪਸੀ ਵਿੱਚ ਸਹਿਯੋਗ ਪ੍ਰਦਾਨ ਕਰਨ ਅਤੇ ਅਣਅਧਿਕਾਰਿਤ ਚੈਨਲਾਂ ਰਾਹੀਂ ਚੰਡੀਗੜ੍ਹ ਦੀ ਵਿਰਾਸਤ ਨਾਲ ਜੁੜੇ ਹੋਰ ਫਰਨੀਚਰ ਦੀ ਵਿਕਰੀ ਜਾਂ ਨਿਰਯਾਤ ਨੂੰ ਰੋਕਣ ਹਿਤ ਜ਼ਰੂਰੀ ਕਦਮ ਉਠਾਉਣ ਦੀ ਬੇਨਤੀ ਕੀਤੀ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਭਾਰਤ ਦੀ ਸੱਭਿਆਚਾਰਕ ਅਤੇ ਆਰਕੀਟੈਕਚਰਲ ਵਿਰਾਸਤ ਦੀ ਸੁਰੱਖਿਆ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਵਿਰਾਸਤ ਸੰਪਤੀਆਂ ਦੀ ਵਾਪਸੀ ਸੁਨਿਸ਼ਚਿਤ ਕਰਨ ਦੇ ਪ੍ਰਯਾਸਾਂ ਵਿੱਚ ਸਹਿਯੋਗ ਹਿਤ ਸਾਰੇ ਜ਼ਰੂਰੀ ਰਿਕਾਰਡ, ਵਸਤੂਆਂ ਦੀ ਸੂਚੀ, ਦਸਤਾਵੇਜ਼ ਅਤੇ ਤਕਨੀਕੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ।

×