ਚੰਡੀਗੜ੍ਹ, 30 ਜਨਵਰੀ
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਚੰਡੀਗੜ ਦੀ ਸਮੂਹ ਭਾਜਪਾ ਲੀਡਰਸ਼ਿਪ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਬਾਜਵਾ ਨੇ ਕਿਹਾ ਕਿ ਇਹ ਜਿੱਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੇ ਮੂੰਹ ‘ਤੇ ਇੱਕ ਵੱਡੀ ਚਪੇੜ ਹੈ।
ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਇਹ ਜਿੱਤ ਇੰਡੀ ਗਠਜੋੜ ਲਈ ਵੀ ਇੱਕ ਸਬਕ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਟਾਉਣ ਲਈ ਹੀ ਗਠਜੋੜ ਕਰਕੇ ਅਗਲੀਆਂ ਲੋਕ ਸਭਾ ਚੋਣਾਂ ਲਈ ਇਕੱਠੇ ਹੋਏ ਹਨ। ਉਨ੍ਹਾਂ ਨੇ ਇੰਡੀ ਗੱਠਜੋੜ ਨੂੰ ਮੌਕਾਪ੍ਰਸਤੀ ਦੀ ਮਿਸਾਲ ਦੱਸਦਿਆਂ ਕਿਹਾ ਕਿ ਇਸ ਦਾ ਕੋਈ ਸਿਆਸੀ ਭਵਿੱਖ ਨਹੀਂ ਹੈ।
ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਗਠਜੋੜ ਦੇ 8 ਕੌਂਸਲਰਾਂ ਨੇ ਗਲਤ ਵੋਟਾਂ ਪਾਈਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਇਹ ਕੌਂਸਲਰ ਆਪਣੇ ਗਠਜੋੜ ਤੋਂ ਅਸੰਤੁਸ਼ਟ ਤੇ ਨਾਖੁਸ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੀ ਪ੍ਰੋੜਤਾ ਕਰਨ ਲਈ ਉਨ੍ਹਾਂ ਨੇ ਆਪਣੇ ਉਮੀਦਵਾਰ ਨੂੰ ਵੋਟ ਪਾਉਣ ਦੀ ਬਜਾਏ ਆਪਣੀਆਂ ਵੋਟਾਂ ਨੂੰ ਅਯੋਗ ,ਕੈਸਲ ਕਰਵਾ ਦਿੱਤਾ । ਬਾਜਵਾ ਨੇ ਕਿਹਾ ਕਿ ਇਹ ਜਿੱਤ ਇਤਿਹਾਸਿਕ ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੀ ਜਿੱਤ ਹੈ।