ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ (ਸੀਐੱਸਏਸੀਐੱਸ) ਨੇ ਅੱਜ ਸੁਖਨਾ ਲੇਕ ‘ਤੇ ਰਾਜ ਪੱਧਰੀ ਚੰਡੀਗੜ੍ਹ “ਰੈੱਡ ਰਨ” ਦਾ ਆਯੋਜਨ ਕੀਤਾ। ਇਸ ਵਿੱਚ ਸ਼ਹਿਰ ਦੇ ਵਿਭਿੰਨ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਐੱਚਆਈਵੀ/ਏਡਸ (HIV/AIDS) ਬਾਰੇ ਜਾਗਰੂਕਤਾ ਵਧਾਉਣਾ, ਤੰਦਰੁਸਤ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਨਾ ਅਤੇ
ਐੱਚਆਈਵੀ (HIV) ਨਾਲ ਜੁੜੇ ਕਲੰਕ ਅਤੇ ਭੇਦਭਾਵ ਨੂੰ ਦੂਰ ਕਰਨ ਲਈ ਨੌਜਵਾਨਾਂ ਨੂੰ ਜਾਗਰੂਕਤਾ ਦੂਤ ਦੇ ਰੂਪ ਵਿੱਚ ਜੋੜਨਾ ਸੀ।

ਯੂ.ਟੀ. ਚੰਡੀਗੜ੍ਹ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ, ਡਾ. ਸੁਮਨ ਸਿੰਘ ਨੇ ਹਰੀ ਝੰਡੀ ਦਿਖਾ ਕੇ ਦੌੜ ਦੀ ਸ਼ੁਰੂਆਤ ਕੀਤੀ। ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਐੱਚਆਈਵੀ (HIV) ਦੀ ਰੋਕਥਾਮ, ਜਾਂਚ, ਇਲਾਜ ਅਤੇ ਇਸ ਨਾਲ ਜੁੜੇ ਕਲੰਕ ਅਤੇ ਭੇਦਭਾਵ ਨੂੰ ਸਮਾਪਤ ਕਰਨ ਦਾ ਸੰਦੇਸ਼ ਦਿੱਤਾ।

ਇਸ ਅਵਸਰ ‘ਤੇ ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ (ਸੀਐੱਸਏਸੀਐੱਸ) ਦੇ ਪ੍ਰੋਜੈਕਟ ਡਾਇਰੈਕਟਰ, ਡਾ. ਨੀਨਾ ਚੌਧਰੀ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਕਾਲਜ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਜਾਗਰੂਕਤਾ ਫੈਲਾਉਣ ਅਤੇ ਇੱਕ ਸੰਵੇਦਨਸ਼ੀਲ ਸਮਾਜ ਦੇ ਨਿਰਮਾਣ ਵਿੱਚ ਯੁਵਾ ਸ਼ਕਤੀ ਦੀ ਭੂਮਿਕਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਉਤਸ਼ਾਹ ਚੰਡੀਗੜ੍ਹ ਨੂੰ ਐੱਚਆਈਵੀ(HIV)-ਮੁਕਤ ਭਵਿੱਖ ਦੀ ਤਰਫ਼ ਵਧਣ ਵਿੱਚ ਮਦਦ ਕਰਨਗੇ।”

ਇਹ ਮੁਕਾਬਲਾ ਪੁਰਸ਼ ਅਤੇ ਮਹਿਲਾ ਸ਼੍ਰੇਣੀਆਂ ਵਿੱਚ ਆਯੋਜਿਤ ਕੀਤਾ ਗਿਆ। ਦੋਹਾਂ ਸ਼੍ਰੇਣੀਆਂ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਭਾਗੀਆਂ ਨੂੰ ਕ੍ਰਮਵਾਰ ₹15,000, ₹10,000 ਅਤੇ ₹5,000 ਦੇ ਨਕਦ ਪੁਰਸਕਾਰ ਦਿੱਤੇ ਗਏ।

ਪੁਰਸ਼ ਸ਼੍ਰੇਣੀ ਵਿੱਚ ਐੱਸਜੀਜੀਐੱਸ ਕਾਲਜ, ਸੈਕਟਰ 26 ਦੇ ਵਿਪਿਨ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ₹15,000 ਦਾ ਪੁਰਸਕਾਰ ਜਿੱਤਿਆ। ਇਸੇ ਕਾਲਜ ਦੇ ਸ਼ਾਹਰੁਖ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ₹10,000 ਅਤੇ
ਐੱਸਡੀ ਕਾਲਜ, ਸੈਕਟਰ 32 ਦੇ ਵਿਪਿਨ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ₹5,000 ਦਾ ਪੁਰਸਕਾਰ ਜਿੱਤਿਆ।

ਮਹਿਲਾ ਸ਼੍ਰੇਣੀ ਵਿੱਚ ਐੱਸਡੀ ਕਾਲਜ, ਸੈਕਟਰ 32 ਦੀ ਸਿਮਰਨ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ₹15,000 ਦਾ ਪੁਰਸਕਾਰ ਜਿੱਤਿਆ। ਇਸੇ ਕਾਲਜ ਦੀ ਮੋਨੀ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ₹10,000 ਅਤੇ ਜੀਸੀਸੀਬੀਏ, ਸੈਕਟਰ 50 ਦੀ ਤਨਿਸ਼ਕਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ₹5,000 ਦਾ ਪੁਰਸਕਾਰ ਜਿੱਤਿਆ।

ਦੋਹਾਂ ਸ਼੍ਰੇਣੀਆਂ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਭਾਗੀ 3 ਨਵੰਬਰ, 2026 ਨੂੰ ਪਟਨਾ, ਬਿਹਾਰ ਵਿੱਚ ਆਯੋਜਿਤ ਹੋਣ ਵਾਲੀ ‘ਨੈਸ਼ਨਲ ਰੈੱਡ ਰਨ’ ਵਿੱਚ ਚੰਡੀਗੜ੍ਹ ਦੀ ਪ੍ਰਤੀਨਿਧਤਾ ਕਰਨਗੇ।

ਇਸ ਸਮਾਗਮ ਦੇ ਜ਼ਰੀਏ ਐੱਚਆਈਵੀ/ਏਡਸ
(HIV/AIDS) ਦੀ ਰੋਕਥਾਮ, ਸਮੇਂ ‘ਤੇ ਜਾਂਚ, ਇਲਾਜ ਅਤੇ ਉਪਲਬਧ ਸੇਵਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ ਗਈ। ਪ੍ਰਤੀਭਾਗੀਆਂ ਨੂੰ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਅਤੇ ਐੱਚਆਈਵੀ (HIV) ਨਾਲ ਜੀਵਨ ਜੀ ਰਹੇ ਲੋਕਾਂ ਪ੍ਰਤੀ ਕਲੰਕ ਅਤੇ ਭੇਦਭਾਵ ਨੂੰ ਘੱਟ ਕਰਨ ਵਿੱਚ ਸਰਗਰਮ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ ਗਿਆ।

ਉਤਸ਼ਾਹ ਅਤੇ ਇਕਜੁੱਟਤਾ ਨਾਲ ਭਰਪੂਰ ਇਸ ਆਯੋਜਨ ਨੇ ਤੰਦਰੁਸਤ ਅਤੇ ਐੱਚਆਈਵੀ(HIV)-ਮੁਕਤ ਭਵਿੱਖ ਦੀ ਦਿਸ਼ਾ ਵਿੱਚ ਚੰਡੀਗੜ੍ਹ ਦੇ ਨੌਜਵਾਨਾਂ ਦੀ ਪ੍ਰਤੀਬੱਧਤਾ ਨੂੰ ਦਰਸਾਇਆ।
ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ (ਸੀਐੱਸਏਸੀਐੱਸ) ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਰੇ ਸਹਿਭਾਗੀ ਕਾਲਜਾਂ, ਵਿਦਿਆਰਥੀਆਂ, ਵਲੰਟੀਅਰਾਂ ਅਤੇ ਸਬੰਧਿਤ ਧਿਰਾਂ ਦਾ ਆਭਾਰ ਵਿਅਕਤ ਕੀਤਾ।