ਚੰਡੀਗੜ੍ਹ, 15 ਅਕਤੂਬਰ, 2025: ਪੋਸ਼ਣ ਅਭਿਯਾਨ ਦੇ ਤਹਿਤ ਚਲ ਰਹੀਆਂ ਪਹਿਲਾਂ ਦੇ ਹਿੱਸੇ ਵਜੋਂ, ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਵੱਖ-ਵੱਖ ਜਾਗਰੂਕਤਾ ਅਤੇ ਸਮੁਦਾਇਕ ਭਾਗੀਦਾਰੀ ਨਾਲ ਜੁੜੀਆਂ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਮਨੀਮਾਜਰਾ ਟਾਊਨ ਵਿਖੇ ਮਿਲਟ-ਅਧਾਰਿਤ ਭੋਜਨ ਪਦਾਰਥਾਂ ਤੋਂ ਬਣੀ ਤਿਰੰਗਾ/ਰੇਨਬੋਅ ਥਾਲ਼ੀ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ, ਜਿਸ ਵਿੱਚ ਮੋਟੇ ਅਨਾਜ (ਮਿਲਟਸ) ਤੋਂ ਬਣੇ ਵਿਭਿੰਨ ਵਿਅੰਜਨ ਸ਼ਾਮਲ ਸਨ। ਇਸ ਪਹਿਲ ਦਾ ਉਦੇਸ਼ ਲੋਕਾਂ ਨੂੰ ਮੋਟੇ ਅਨਾਜ (ਮਿਲਟਸ) ਦੇ ਪੋਸ਼ਣ ਮੁੱਲ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਰੋਜ਼ਾਨਾ ਆਹਾਰ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰਨਾ ਸੀ।ਇਸੇ ਦੇ ਨਾਲ,ਆਭਾ ਆਈਡੀ ਰਜਿਸਟ੍ਰੇਸ਼ਨ ਲਈ ਡ੍ਰਾਇਵ ਚਲਾਈ ਗਈ ਤਾਕਿ ਨਾਗਰਿਕਾਂ ਨੂੰ ਡਿਜੀਟਲ ਸਿਹਤ ਪਹਿਚਾਣ ਅਤੇ ਸਿਹਤ ਸੇਵਾਵਾਂ ਤੱਕ ਸੁਗਮ ਪਹੁੰਚ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ।

ਮਲੋਆ ਵਿਖੇ, ਪ੍ਰਧਾਨ ਮੰਤਰੀ ਮਾਤ੍ਰਤਵ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਕੈਂਪ ਲਗਾਇਆ ਗਿਆ, ਜਿਸ ਵਿੱਚ ਆਭਾ ਆਈਡੀ ਅਤੇ ਅਪਾਰ ਆਈਡੀ ਨਿਰਮਾਣ ਦੇ ਨਾਲ-ਨਾਲ ਛਾਤੀ ਦਾ ਦੁੱਧ ਚੁੰਘਾਉਣ ਦੀ ਜਲਦੀ ਸ਼ੁਰੂਆਤ ‘ਤੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਗਏ। ਇਨ੍ਹਾਂ ਸੈਸ਼ਨਾਂ ਵਿੱਚ ਸਮੇਂ ‘ਤੇ ਬੱਚਿਆਂ ਨੂੰ ਛਾਤੀ ਦਾ ਦੁੱਧ ਚੁੰਘਾਉਣ ਦੀ ਸ਼ੁਰੂਆਤ, ਮਾਤਾਵਾਂ ਦੇ ਪੋਸ਼ਣ ਅਤੇ ਗਰਭਵਤੀ ਤੇ ਬੱਚਿਆਂ ਨੂੰ ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਦੇ ਡਿਜੀਟਲ ਸਸ਼ਕਤੀਕਰਣ ਦੇ ਮਹੱਤਵ ‘ਤੇ ਬਲ ਦਿੱਤਾ ਗਿਆ।
ਬੁੜੈਲ ਵਿਖੇ, ਗੰਭੀਰ ਕੁਪੋਸ਼ਿਤ/ਦਰਮਿਆਨੇ ਕੁਪੋਸ਼ਿਤ ਬੱਚਿਆਂ ਦੀਆਂ ਮਾਤਾਵਾਂ ਨਾਲ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਬੱਚਿਆਂ ਦੀ ਪੋਸ਼ਣ ਸਥਿਤੀ ਦੀ ਸਮੀਖਿਆ, ਆਹਾਰ ਬਾਰੇ ਮਾਤਾਵਾਂ ਨੂੰ ਸਲਾਹ,ਅਤੇ ਨਿਰੰਤਰ ਵਿਕਾਸ ਨਿਗਰਾਨੀ ਦੇ ਜ਼ਰੀਏ ਸ਼ੁਰੂਆਤੀ ਦਖਲਅੰਦਾਜ਼ੀ ਅਤੇ ਪ੍ਰਬੰਧਨ ‘ਤੇ ਚਰਚਾ ਕੀਤੀ ਗਈ।

ਇਨ੍ਹਾਂ ਪ੍ਰਮੁੱਖ ਸਮਾਗਮਾਂ ਤੋਂ ਇਲਾਵਾ, ਆਂਗਣਵਾੜੀ ਕੇਂਦਰਾਂ ਵਿੱਚ ਕਈ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿੱਚ ਤੰਦਰੁਸਤੀ ਲਈ ਆਯੁਸ਼, ਭੋਜਨ ਮਜ਼ਬੂਤੀਕਰਨ, ਪੋਸ਼ਣ ਕੇ ਪੰਚ ਸੂਤਰ, ਅਤੇ ਵਿਆਹ ਦੀ ਸਹੀ ਉਮਰ ‘ਤੇ ਭਾਸ਼ਣ; ਤੰਦਰੁਸਤ ਆਹਾਰ ‘ਤੇ ਨਾਅਰੇ ਲਿਖਣ ਮੁਕਾਬਲੇ; ਓਆਰਐੱਸ ਪ੍ਰਦਰਸ਼ਨ; ਅਤੇ ਪੂਰਕ ਆਹਾਰ ਹਿਤ ਘਰ-ਘਰ ਦੌਰੇ ਕਰਨਾ ਸ਼ਾਮਲ ਸਨ। ਹੋਰ ਗਤੀਵਿਧੀਆਂ ਵਿੱਚ ਜਣੇਪੇ ਤੋਂ ਪਹਿਲਾਂ ਦੀ ਜਾਂਚ, ਆਈਐੱਫਏ ਗੋਲੀਆਂ ਦੀ ਵੰਡ, ਹੱਥ ਧੋਣ ਦੇ ਪ੍ਰਦਰਸ਼ਨ, ਗਰਭ ਅਵਸਥਾ ਅਤੇ ਟੀਕਾਕਰਣ ਦੌਰਾਨ ਆਹਾਰ ‘ਤੇ ਭਾਸ਼ਣ, ਅਤੇ ਸਿਹਤ ਲਈ ਯੋਗ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ। ਛੋਟੀ ਉਮਰ ਵਿੱਚ ਹੀ ਮਿਲਟਸ ਸ਼ੁਰੂ ਕਰਨ ਅਤੇ ਆਧਾਰ ਰਜਿਸਟ੍ਰੇਸ਼ਨ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਵੀ ਬਲ ਦਿੱਤਾ ਗਿਆ।

ਇਨ੍ਹਾਂ ਸਾਰੀਆਂ ਗਤੀਵਿਧੀਆਂ ਦਾ ਉਦੇਸ਼ ਮਹਿਲਾਵਾਂ ਅਤੇ ਬੱਚਿਆਂ ਵਿੱਚ ਪੋਸ਼ਣ, ਸਿਹਤ ਅਤੇ ਸਵੱਛਤਾ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਪੋਸ਼ਣ ਅਭਿਯਾਨ ਦੇ ਤਹਿਤ ਸੰਪੂਰਨ ਤੰਦਰੁਸਤੀ ਨੂੰ ਪ੍ਰੋਤਸਾਹਿਤ ਕਰਨਾ ਸੀ।

×