ਪਬਲਿਕ ਹੈਲਥਕੇਅਰ ਅਤੇ ਸਿੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਪ੍ਰੋਜੈਕਟ ਦੀ ਮੁੱਲਾਂਕਣ ਅਤੇ ਪ੍ਰਵਾਨਗੀ ਕਮੇਟੀ ਨੇ ਚੰਡੀਗੜ੍ਹ ਵਿੱਚ ਤਿੰਨ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਵਿੱਚ ਸਬ-ਡਿਸਟ੍ਰਿਕਟ ਹਸਪਤਾਲ, ਮਨੀਮਾਜਰਾ ਵਿਖੇ 50 ਬਿਸਤਰਿਆਂ ਦੇ ਕ੍ਰਿਟੀਕਲ ਕੇਅਰ ਹਸਪਤਾਲ ਦਾ ਨਿਰਮਾਣ, ਸੈਕਟਰ 28 ਵਿੱਚ
ਆਯੁਸ਼ ਸਿਹਤ ਅਤੇ ਕਲਿਆਣ ਕੇਂਦਰ ਅਤੇ ਪ੍ਰਸ਼ਾਸਨਿਕ ਬਲਾਕ ਦਾ ਨਿਰਮਾਣ, ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 27-ਸੀ ਵਿਖੇ ਅਤਿਰਿਕਤ ਅਕਾਦਮਿਕ ਬਲਾਕ ਦਾ ਨਿਰਮਾਣ ਸ਼ਾਮਲ ਹੈ।
ਪੰਜਾਹ (50) ਬਿਸਤਰਿਆਂ ਵਾਲੇ ਕ੍ਰਿਟੀਕਲ ਕੇਅਰ ਹਸਪਤਾਲ ਦਾ ਨਿਰਮਾਣ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ/PM-ABHIM) ਦੇ ਤਹਿਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਲਈ ਪ੍ਰਧਾਨ ਮੰਤਰੀ- ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ/PM-ABHIM) ਦੇ ਤਹਿਤ ₹16.63 ਕਰੋੜ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ। ਇਸ ਦਾ ਉਦੇਸ਼ ਗੰਭੀਰ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਮਨੀਮਾਜਰਾ, ਮੌਲੀ ਜੱਗਰਾਂ ਅਤੇ ਆਈਟੀ ਪਾਰਕ ਖੇਤਰ ਦੇ ਨਿਵਾਸੀਆਂ ਲਈ ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸੰਭਾਲ਼ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੈ। ਪ੍ਰਸਤਾਵਿਤ ਹਸਪਤਾਲ ਸਬ-ਡਿਸਟ੍ਰਿਕਟ ਹਸਪਤਾਲ (SDH), ਮਨੀਮਾਜਰਾ ਦੇ 2.88 ਏਕੜ ਪਰਿਸਰ ‘ਤੇ ਸਥਾਪਿਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ ₹82 ਕਰੋੜ ਹੈ।
ਆਯੁਸ਼ ਸਿਹਤ ਸੰਭਾਲ਼ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸੈਕਟਰ 28 ਵਿੱਚ ₹20.88 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਇੱਕ ਆਯੁਸ਼ ਸਿਹਤ ਅਤੇ ਕਲਿਆਣ ਕੇਂਦਰ ਅਤੇ ਪ੍ਰਸ਼ਾਸਨਿਕ ਬਲਾਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨਾਲ ਸੈਕਟਰ 26, 28, 29 ਅਤੇ 30, ਬਾਪੂ ਧਾਮ ਕਲੋਨੀ ਅਤੇ ਆਸਪਾਸ ਦੇ ਖੇਤਰਾਂ ਦੇ ਨਿਵਾਸੀਆਂ ਨੂੰ ਆਯੁਸ਼ ਸਿਹਤ ਸੰਭਾਲ਼ ਸੇਵਾਵਾਂ ਤੱਕ ਬਿਹਤਰ ਪਹੁੰਚ ਉਪਲਬਧ ਹੋਵੇਗੀ।
ਇਸ ਤੋਂ ਇਲਾਵਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 27-ਸੀ ਵਿਖੇ ₹8.4 ਕਰੋੜ ਦੀ ਲਾਗਤ ਨਾਲ ਇੱਕ ਅਤਿਰਿਕਤ ਬਲਾਕ ਦੇ ਨਿਰਮਾਣ ਨੂੰ ਵੀ ਪ੍ਰਸ਼ਾਸਨਿਕ ਪ੍ਰਵਾਨਗੀ ਦਿੱਤੀ ਗਈ ਹੈ। ਗਰਾਊਂਡ+2 ਮੰਜ਼ਿਲਾ ਇਸ ਭਵਨ ਵਿੱਚ 15 ਕਲਾਸਰੂਮ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਲਗਭਗ 400 ਵਿਦਿਆਰਥੀਆਂ ਨੂੰ ਸਮਾਯੋਜਿਤ ਕੀਤਾ ਜਾ ਸਕੇਗਾ। ਇਹ ਪ੍ਰੋਜੈਕਟ ਵਿੱਦਿਅਕ ਬੁਨਿਆਦੀ ਢਾਂਚੇ ਦੀ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਵਿਦਿਆਰਥੀਆਂ ਲਈ ਬਿਹਤਰ ਸਿੱਖਣ ਦਾ ਵਾਤਾਵਰਣ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।
ਇਨ੍ਹਾਂ ਪ੍ਰੋਜੈਕਟਾਂ ਦੀ ਯੋਜਨਾ ਹੈਲਥਕੇਅਰ ਅਤੇ ਸਿੱਖਿਆ ਬੁਨਿਆਦੀ ਢਾਂਚੇ ਵਿੱਚ ਮੌਜੂਦ ਕਮੀਆਂ ਨੂੰ ਦੂਰ ਕਰਨ, ਜਨਤਕ ਸੇਵਾਵਾਂ ਦੀ ਪਹੁੰਚ ਨੂੰ ਬਿਹਤਰ ਬਣਾਉਣ ਅਤੇ ਚੰਡੀਗੜ੍ਹ ਦੇ ਨਿਵਾਸੀਆਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਈ ਗਈ ਹੈ।
ਕਮੇਟੀ ਦੀ ਮੀਟਿੰਗ ਵਿੱਚ ਗ੍ਰਹਿ ਸਕੱਤਰ, ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ, ਦੀਪਰਵਾ ਲਾਕੜਾ, ਸਕੱਤਰ ਇੰਜੀਨੀਅਰਿੰਗ, ਪ੍ਰੇਰਣਾ ਪੁਰੀ, ਮੁੱਖ ਇੰਜੀਨੀਅਰ ਸੀਬੀ ਓਝਾ, ਅਤੇ ਮੁੱਖ ਆਰਕੀਟੈਕਟ ਰਾਜੀਵ ਮਹਿਤਾ ਵੀ ਉਪਸਥਿਤ ਰਹੇ।
