ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ.) ਨੇ ਨਵੀਂ ਦਿੱਲੀ ਵਿਖੇ ਡਿਊਟੀ ਨਿਭਾਅ ਰਹੀਆਂ ਦੋ ਮਹਿਲਾ ਪੱਤਰਕਾਰਾਂ ਨਾਲ ਪੁਲਿਸ ਵੱਲੋਂ ਕਥਿਤ ਤੌਰ ‘ਤੇ ਦੁਰਵਿਵਹਾਰ ਕਰਨ, ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਅਤੇ ਪੁਲਿਸ ਥਾਣੇ ਅੰਦਰ ਕੁੱਟਮਾਰ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਯੂਨੀਅਨ ਨੇ ਘਟਨਾ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼ੁੱਕਰਵਾਰ ਨੂੰ ਜਾਰੀ ਇਕ ਮੀਡੀਆ ਰਿਲੀਜ਼ ਵਿਚ ਆਈ.ਜੇ.ਯੂ. ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਅਤੇ ਸਕੱਤਰ ਜਨਰਲ ਡੀ. ਸੋਮਾ ਸੁੰਦਰ ਨੇ ਕਿਹਾ ਕਿ ਪੱਤਰਕਾਰਾਂ ਨਾਲ ਡਿਊਟੀ ਦੌਰਾਨ ਇਸ ਤਰ੍ਹਾਂ ਦਾ ਵਿਵਹਾਰ ਪ੍ਰੈੱਸ ਦੀ ਆਜ਼ਾਦੀ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਯੂਨੀਅਨ ਅਨੁਸਾਰ, ਡਿਜੀਟਲ ਨਿਊਜ਼ ਚੈਨਲ 4ਪੀ.ਐੱਮ. ਨਾਲ ਸਬੰਧਿਤ ਮਹਿਲਾ ਪੱਤਰਕਾਰ ਨਫੀਸਾ ਖ਼ਾਨ ਅਤੇ ਸ਼ਾਹੀਨ ਖ਼ਾਨ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਦੀ ਸ਼ਮੂਲੀਅਤ ਵਾਲੇ ਇਕ ਸਮਾਗਮ ਦੀ ਕਵਰੇਜ ਕਰਨ ਲਈ ਗਈਆਂ ਸਨ। ਆਈ.ਜੇ.ਯੂ. ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਦੋਵੇਂ ਡਿਊਟੀ ‘ਤੇ ਮੌਜੂਦ ਪੱਤਰਕਾਰਾਂ ਨੂੰ ਹਿਰਾਸਤ ਵਿਚ ਲੈ ਕੇ ਸਾਕੇਤ ਥਾਣੇ ਲੈ ਗਈ।
ਰਿਲੀਜ਼ ਵਿਚ ਦੋਸ਼ ਲਗਾਇਆ ਗਿਆ ਹੈ ਕਿ ਥਾਣੇ ਅੰਦਰ ਸਟੇਸ਼ਨ ਹਾਊਸ ਅਫ਼ਸਰ (ਐੱਸ.ਐੱਚ.ਓ.) ਅਤੇ ਸਾਦੇ ਕੱਪੜਿਆਂ ਵਿਚ ਮੌਜੂਦ ਕੁਝ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਦੋਵੇਂ ਪੱਤਰਕਾਰਾਂ ਨਾਲ ਸਰੀਰਕ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਡੰਡਿਆਂ ਨਾਲ ਮਾਰਨ ਦੇ ਨਾਲ-ਨਾਲ ਥੱਪੜ ਵੀ ਮਾਰੇ।
ਆਈ.ਜੇ.ਯੂ. ਨੇ ਕਿਹਾ ਕਿ ਮੀਡੀਆ ਕਰਮੀਆਂ ਵਿਰੁੱਧ ਦਿੱਲੀ ਪੁਲਿਸ ਦੀ ਕਥਿਤ ਮਨਮਾਨੀ ਦਿਨੋਂ-ਦਿਨ ਵਧ ਰਹੀ ਹੈ, ਜੋ ਪ੍ਰੈੱਸ ਦੀ ਆਜ਼ਾਦੀ ਲਈ ਗੰਭੀਰ ਖ਼ਤਰਾ ਹੈ। ਯੂਨੀਅਨ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਕਾਰਵਾਈ 4ਪੀ.ਐੱਮ. ਚੈਨਲ ਵੱਲੋਂ ਹਾਲ ਹੀ ਵਿਚ ਦਿੱਲੀ ਸਰਕਾਰ ਸਬੰਧੀ ਪ੍ਰਸਾਰਿਤ ਕੀਤੀਆਂ ਗਈਆਂ ਆਲੋਚਨਾਤਮਕ ਰਿਪੋਰਟਾਂ ਦੀ ਪ੍ਰਤੀਕਿਰਿਆ ਵਜੋਂ ਕੀਤੀ ਗਈ ਹੋ ਸਕਦੀ ਹੈ।
ਆਈ.ਜੇ.ਯੂ. ਨੇ ਘਟਨਾ ਵਿਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ ਦੀ ਆਪਣੀ ਮੰਗ ਨੂੰ ਮੁੜ ਦੁਹਰਾਇਆ ਹੈ।


