ਚੰਡੀਗੜ੍ਹ: 9 ਜੁਲਾਈ

ਭਾਜਪਾ ਪੰਜਾਬ ਦੇ ਮੁੱਖ ਦਫ਼ਤਰ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਸਰਕਾਰ ਦੇ ਮੰਤਰੀ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਪਹਿਲੀ ਵਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਿਵਸ ਨੂੰ ਸਰਕਾਰੀ ਤੌਰ ‘ਤੇ ਵੱਡੇ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ।

ਸ.ਸਿਰਸਾ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਚੁੱਜੀ ਸੋਚ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀ ਰੇਖਾ ਗੁਪਤਾ ਜੀ ਦੀ ਯੋਗ ਅਗਵਾਈ ਹੇਠ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਤੇ ਲਾਲ ਕਿਲ੍ਹੇ ਵਿਖੇ 2 ਦਿਨਾਂ ਦਾ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣਾ ਪੂਰਾ ਸਹਿਯੋਗ ਦੇਵੇਗੀ।

ਸ.ਸਿਰਸਾ ਨੇ ਕਿਹਾ ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਨਜਫਗੜ੍ਹ ਖੇਤਰ ਦੇ ਨੇੜੇ ਬਣਨ ਵਾਲਾ ਇਹ ਵੱਡਾ ਜੰਗਲ ਵਾਤਾਵਰਣ ਨੂੰ ਸੁਧਾਰਨ ਅਤੇ ਸ਼ਹਿਰਾਂ ਵਿੱਚ ਹਰਿਆਲੀ ਵਧਾਉਣ ਵਿੱਚ ਮਦਦ ਕਰੇਗਾ। ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਿਹਤਰ ਅਤੇ ਸਿਹਤਮੰਦ ਵਾਤਾਵਰਣ ਬਣਾਉਣ ਲਈ ਯਤਨਸ਼ੀਲ ਹਾਂ। ਇਹ ‘ਵੱਡਾ ਜੰਗਲ’ ਗੁਰੂ ਸਾਹਿਬ ਦੀ ਯਾਦ ਵਿੱਚ ਇੱਕ ਸਦੀਵੀ ਸ਼ਰਧਾਂਜਲੀ ਹੋਵੇਗਾ, ਜੋ ਭਵਿੱਖ ਦੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਬਲੀਦਾਨ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਸਾਡੀ ਵਚਨਬੱਧਤਾ ਦੀ ਯਾਦ ਦਿਵਾਏਗਾ। ਇਹ ਉਪਰਾਲਾ ਸ਼ਾਂਤੀ, ਭਾਈਚਾਰਕ ਸਾਂਝ ਅਤੇ ਕੁਦਰਤ ਨਾਲ ਜੁੜੇ ਰਹਿਣ ਦੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਦਰਸਾਉਂਦਾ ਹੈ।

ਸ.ਸਿਰਸਾ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਨੇ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਗੁਰੂ ਸਾਹਿਬਾਨ ਜੀ ਦੇ ਇਤਿਹਾਸ ਨੂੰ ਸਮਰਪਿਤ ਇੱਕ ਵਿਸ਼ੇਸ਼ ਕੋਰਸ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ ਜਾ ਸਕੇ। ਪੰਜਾਬ ਦੀਆਂ ਸਾਰੀਆਂ ਸਰਕਾਰੀ ਤੇ ਪ੍ਰਾਇਵੇਟ ਯੂਨੀਵਰਸਿਟੀਆਂ ਨੂੰ ਅਪੀਲ ਹੈ ਕਿ ਉਹ ਵੀ ਅਜਿਹੇ ਕੋਰਸਾਂ ਦੀ ਸ਼ੁਰੂਆਤ ਕਰਨ ਜਿਸ ਨਾਲ ਬੱਚੇ ਸਾਡੇ ਇਤਿਹਾਸ ਨਾਲ ਜੁੜ ਸਕਣ।

ਸ.ਸਿਰਸਾ ਨੇ ਪੰਜਾਬ ਦੀ ਮੌਜੂਦਾ ਸੱਤਾਧਿਰ ਆਪ ਪਾਰਟੀ ਨੂੰ ਘੇਰਦੇ ਹੋਏ ਕਿਹਾ ਦਿੱਲੀ ਨੂੰ ਪੂਰਨ ਰੂਪ ਵਿੱਚ ਲੁੱਟਣ ਵਾਲੇ ਕੇਜਰੀਵਾਲ ਤੇ ਉਸਦੇ ਸਾਥੀ ਅੱਜ ਪੰਜਾਬ ਨੂੰ ਲੁੱਟ ਦਾ ਸਾਧਨ ਬਣਾ ਲਿਆ ਹੈ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਆਏ ਦਿਨ ਕਤਲ ਹੋ ਰਹੇ ਹਨ ਤੇ ਸਾਰੀ ਸੁਰੱਖਿਆ ਕੇਜਰੀਵਾਲ, ਸਿਸੋਦੀਆ, ਭਗਵੰਤ ਮਾਨ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਿੱਚ ਲਾਈ ਹੋਈ ਹੈ।

ਬੇਅਦਬੀ ਕਾਨੂੰਨ ਲਿਆਉਣ ਦੇ ਮਾਮਲੇ ਵਿੱਚ ਸ.ਸਿਰਸਾ ਨੇ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਸਰਕਾਰ ਨੇ ਇਸ ਮੁੱਦੇ ਤੇ ਕੁੱਝ ਵੀ ਨਹੀਂ ਕੀਤਾ। 2015 ਵਿੱਚ ਹੋਈਆਂ ਬੇਅਦਬੀਆਂ ਦਾ ਕੋਈ ਇਨਸਾਫ਼ ਨਹੀਂ ਦਿੱਤਾ ਗਿਆ। ਪਹਿਲਾਂ ਕਾਂਗਰਸ ਸਰਕਾਰ ਨੇ ਬੇਅਦਬੀ ਤੇ ਸਿਆਸਤ ਕੀਤੀ ਆਪ ਸਰਕਾਰ ਵੀ ਹੁਣ ਫਿਰ ਤੋਂ ਸਿਆਸਤ ਹੀ ਖੇਡ ਰਹੇ ਹਨ।

ਸਿਰਸਾ ਨੇ ਅਖੀਰ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ, ਸੱਚਾਈ ਅਤੇ ਵਾਤਾਵਰਣ ਸੰਭਾਲ ਦੇ ਸੰਦੇਸ਼ ਦੀ ਪਾਲਣਾ ਕਰਦੇ ਹੋਏ ਅਤੇ ਖੋਖਲੇ ਰਾਜਨੀਤਿਕ ਨਾਅਰਿਆਂ ਦੀ ਬਜਾਏ ਉਨ੍ਹਾਂ ਉਪਰਾਲਿਆਂ ਦਾ ਸਨਮਾਨ ਕਰਨ ਜੋ ਉਸ ਵਿਰਾਸਤ ਦਾ ਸੱਚਮੁੱਚ ਸਨਮਾਨ ਕਰਦੇ ਹਨ