“NOC ਰੋਕ ਕੇ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੀ ਤਿਆਰੀ — ਪੰਜਾਬ ਭਰ ਵਿੱਚ ਲੋਕ ਖੱਜਲ-ਖੁਆਰ” ਮਜੀਠਿਆ
“ਬਲਾਕ ਸੰਮਤੀ-ਜ਼ਿਲ੍ਹਾ ਪਰਿਸ਼ਦ ਵਾਲੀ ਧਾਂਦਲੀ ਹੁਣ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਵਿੱਚ ਦੁਹਰਾਈ ਜਾ ਰਹੀ ਹੈ”
“ਜਦੋਂ ਸਰਕਾਰ ਨੂੰ ਆਪਣੇ ਕੰਮਾਂ ‘ਤੇ ਭਰੋਸਾ ਨਾ ਰਹੇ, ਤਾਂ ਉਹ ਲੋਕਾਂ ਦੇ ਫੈਸਲੇ ਨਹੀਂ — NOC, ਪੁਲਿਸ ਅਤੇ ਧੱਕੇਸ਼ਾਹੀ ਦੇ ਸਹਾਰੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਦੀ ਹੈ।” ਬਿਕਰਮ ਮਜੀਠੀਆ
ਚੰਡੀਗੜ੍ਹ / ਅੰਮ੍ਰਿਤਸਰ,14 ਮਈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਚੱਲ ਰਹੀ ਨਗਰ ਨਿਗਮ ਅਤੇ ਨਗਰ ਕੌਂਸਲ ਚੋਣ ਪ੍ਰਕਿਰਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਧੱਕਾ ਤੰਤਰ, ਡੰਡਾ ਤੰਤਰ ਅਤੇ ਪੁਲਿਸ ਤੰਤਰ ਦੇ ਸਹਾਰੇ ਚੋਣਾਂ ਜਿੱਤਣਾ ਚਾਹੁੰਦੀ ਹੈ ਅਤੇ ਇਸ ਲਈ ਜਾਣ-ਬੁੱਝ ਕੇ NOC ਦੇ ਨਾਮ ‘ਤੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਹਨਾਂ ਨੇ ਅੰਮ੍ਰਿਤਸਰ ਵਿਚ ਭਰੀ ਪ੍ਰੈਸ ਕਾਨਫਰੰਸ ਵਿੱਚ ਕਈ ਵੀਡੀਓ ਵੀ ਜਨਤਕ ਕਰਦੇ ਹੋਏ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਉੱਤੇ ਗੰਭੀਰ ਸਵਾਲ ਖੜੇ ਕੀਤੇ ਕਿਸ ਤਰ੍ਹਾਂ ਅਫਸਰ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਹਮੇਸ਼ਾਂ ਦੀ ਤਰ੍ਹਾਂ ਰੌਲਾ ਪਾਉਣਗੇ ਅਤੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨਗੇ, ਪਰ ਸੱਚਾਈ ਇਹ ਹੈ ਕਿ ਪੰਜਾਬ ਭਰ ਵਿੱਚ ਇੱਕੋ ਸ਼ਿਕਾਇਤ ਆ ਰਹੀ ਹੈ — “NOC ਨਹੀਂ ਦਿੱਤੀ ਜਾ ਰਹੀ।” ਐਨਓਸੀ ਦੇ ਆਲੇ ਦੁਆਲੇ ਹੀ ਸਾਰਾ ਖੇਲ ਖੇਲਿਆ ਵੀ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਮਜੀਠਾ ਵਿੱਚ ਹੋ ਰਿਹਾ ਹੈ ਉਸੇ ਤਰ੍ਹਾਂ ਦਾ ਹਾਲ ਸਾਰੇ ਪੰਜਾਬ ਦਾ ਹੈ ਉਹਨਾਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਹਾਲੇ ਲੋਕ ਭੁੱਲੇ ਨਹੀਂ ਹਨ ਅਤੇ ਹੁਣ ਨਗਰ ਕੌਂਸਲ ਚੋਣਾਂ ਵਿੱਚ ਇੱਕ ਵਾਰ ਫਿਰ ਧੱਕੇਸ਼ਾਹੀ ਦੇ ਨਮੂਨੇ ਦੇਖਣ ਨੂੰ ਮਿਲ ਰਹੇ ਹਨ।
ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ, ਅਜਨਾਲਾ, ਮਜੀਠਾ, ਫਤਿਹਗੜ੍ਹ ਚੂੜੀਆਂ ਸਮੇਤ ਕਈ ਹਲਕਿਆਂ ਵਿੱਚ ਲੋਕ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਕਿਤੇ ਦਫ਼ਤਰ ਬੰਦ ਹਨ, ਕਿਤੇ ਅਫ਼ਸਰ ਗਾਇਬ ਹਨ ਅਤੇ ਕਿਤੇ ਸਿੱਧਾ ਕਿਹਾ ਜਾ ਰਿਹਾ ਹੈ ਕਿ “ਉੱਪਰੋਂ ਹੁਕਮ ਹਨ।” ਮਜੀਠੀਆ ਨੇ ਕਿਹਾ ਕਿ ਜੰਡਿਆਲਾ ਗੁਰੂ ਤੋਂ ਆਈ ਇੱਕ ਤਸਵੀਰ ਵਿੱਚ NOC ਜਾਰੀ ਕਰਨ ਵਾਲੇ ਦਫ਼ਤਰ ਦਾ ਦਰਵਾਜ਼ਾ ਹੀ ਬੰਦ ਮਿਲਿਆ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਇਲੈਕਸ਼ਨ ਕਮਿਸ਼ਨ ਹੁਣ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਉਮੀਦਵਾਰ ਐਫੀਡੇਵਿਟ ਦੇ ਕੇ ਕਾਗਜ਼ ਦਾਖ਼ਲ ਕਰ ਸਕਦੇ ਹਨ, ਪਰ ਹਕੀਕਤ ਇਹ ਹੈ ਕਿ ਬਾਅਦ ਵਿੱਚ ਉਸੇ ਐਫੀਡੇਵਿਟ ਨੂੰ ਨੁਕਸ ਬਣਾ ਕੇ ਕਾਗਜ਼ ਰੱਦ ਕਰਨ ਦਾ ਰਸਤਾ ਤਿਆਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਮਜੀਠੀਆ ਹਲਕੇ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਮਜੀਠਾ ਵਿੱਚ ਜੋ ਵਿਅਕਤੀ ਇਸ ਸਮੇਂ ਨਾ ਐਮਐਲਏ ਹੈ ਨਾ ਐਮਪੀ ਹੈ ਨਾ ਹੀ ਕੋਈ ਉਸ ਦੇ ਕੋਲ ਸੰਵਿਧਾਨਿਕ ਅਹੁਦਾ ਹੈ ਲੇਕਿਨ ਫਿਰ ਵੀ ਉਹ ਅਫਸਰਾਂ ਨੂੰ ਸਾਫ ਸੰਦੇਸ਼ ਦੇ ਰਿਹਾ ਹੈ ਕਿ ਸਭ ਨੂੰ ਐਨਓਸੀ ਜਾਰੀ ਕਰ ਦਿੱਤੀ ਜਾਵੇ ਅੱਗੇ ਤੋਂ ਨਗਰ ਕੌਂਸਲ ਮਜੀਠਾ ਦਾ ਈਓ ਉਸ ਤੋਂ ਪੁੱਛਦਾ ਹੈ ਕਿ ਉਸ ਨੂੰ ਵੀ ਜਾਰੀ ਕਰ ਦਈਏ ਇਸ ਨੂੰ ਵੀ ਜਾਰੀ ਕਰ ਦਈਏ ਜਿਸ ਤੋਂ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਅਫਸਰਾਂ ਦੇ ਉੱਪਰ ਦਬਾਅ ਬਣਾ ਕੇ ਵਿਰੋਧੀਆਂ ਨੂੰ ਤੰਗ ਪਰੇਸ਼ਾਨ ਕਰਨ ਦੀ ਭਗਵੰਤ ਮਾਨ ਦੀ ਕੱਟੜ ਸੋਚ ਨੇ ਨੀਤੀ ਬਣਾਈ ਹੋਈ ਹੈ।
ਮਜੀਠੀਆ ਨੇ ਕਿਹਾ ਕਿ ਆਰਓ ਅਤੇ ਈਓ ਦੀ ਡਿਊਟੀ ਹੁੰਦੀ ਹੈ ਕਿ ਉਹ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਫ਼ਤਰਾਂ ਵਿੱਚ ਬੈਠ ਕੇ ਹਰ ਉਮੀਦਵਾਰ ਨੂੰ ਬਿਨਾਂ ਭੇਦਭਾਵ NOC ਜਾਰੀ ਕਰਨ, ਪਰ ਪੰਜਾਬ ਵਿੱਚ ਹਾਲਾਤ ਇਹ ਹਨ ਕਿ ਲੋਕ ਸਾਰਾ ਦਿਨ ਦਫ਼ਤਰਾਂ ਦੇ ਬਾਹਰ ਬੈਠੇ ਰਹਿੰਦੇ ਹਨ ਅਤੇ ਅੰਦਰੋਂ ਜਵਾਬ ਮਿਲਦਾ ਹੈ — “ਕਾਗਜ਼ ਨਹੀਂ ਦੇਣੇ।”
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਪਤਾ ਹੈ ਕਿ ਉਸ ਨੇ ਬੇਸਿਕ ਗਵਰਨੈਂਸ ਦੇ ਹਰ ਮੋਰਚੇ ‘ਤੇ ਨਾਕਾਮੀ ਹਾਸਲ ਕੀਤੀ ਹੈ। ਕਾਨੂੰਨ-ਵਿਵਸਥਾ ਡਿੱਗ ਚੁੱਕੀ ਹੈ, ਨਸ਼ਾ ਅਤੇ ਭ੍ਰਿਸ਼ਟਾਚਾਰ ਵਧ ਚੁੱਕੇ ਹਨ, ਕਿਸਾਨਾਂ ਨਾਲ ਧੋਖਾ ਹੋਇਆ ਹੈ, ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲੀ, ਮੁਲਾਜ਼ਮਾਂ ਨੂੰ TA/DA ਨਹੀਂ ਮਿਲ ਰਹੇ ਅਤੇ ਮਹਿੰਗਾਈ ਸਿਖਰ ‘ਤੇ ਹੈ। ਪੰਜਾਬ ਦਾ ਕਰਜ਼ਾ ਪਜ ਲੱਖ ਕਰੋੜ ਦੇ ਕੋਲ ਪਹੁੰਚਣ ਨੂੰ ਹੈ ਇਸ ਲਈ ਹੁਣ ਸਰਕਾਰ ਲੋਕਾਂ ਦੇ ਫੈਸਲੇ ਦੀ ਬਜਾਏ ਪ੍ਰਸ਼ਾਸਨਿਕ ਦਬਾਅ ਰਾਹੀਂ ਚੋਣਾਂ ਜਿੱਤਣਾ ਚਾਹੁੰਦੀ ਹੈ।
ਮਜੀਠੀਆ ਨੇ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਵੀ ਬੈਲਟ ਪੇਪਰਾਂ ‘ਤੇ ਵੱਡੇ ਪੱਧਰ ‘ਤੇ ਧਾਂਦਲੀਆਂ ਹੋਈਆਂ ਸਨ। ਮੋਹਰਾਂ ਨਾਲ ਖੇਡ ਕੀਤੀ ਗਈ, ਵੋਟਾਂ ਰੱਦ ਕੀਤੀਆਂ ਗਈਆਂ ਅਤੇ ਗਿਣਤੀ ਵਿੱਚ ਗੜਬੜ ਦੇ ਦੋਸ਼ ਲੱਗੇ। ਉਨ੍ਹਾਂ ਕਿਹਾ ਕਿ ਇਸੇ ਕਾਰਨ ਕਈ ਰਾਜਨੀਤਿਕ ਪਾਰਟੀਆਂ ਨੇ ਇਸ ਵਾਰ EVM ਰਾਹੀਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ ਤਾਂ ਜੋ ਬੇਈਮਾਨੀ ਦੀ ਸੰਭਾਵਨਾ ਘੱਟ ਹੋ ਸਕੇ ਕਿਉਂਕਿ ਉਹ ਸਮਝਦੇ ਹਨ ਕਿ ਬੈਲਟ ਪੇਪਰਾਂ ਦੇ ਨਾਲ ਹੇਰਾਫੇਰੀ ਦੇ ਆਸਾਰ ਬਹੁਤ ਜਿਆਦਾ ਵਧ ਜਾਂਦੇ ਹਨ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਹੋਇਆ ਹੈ ਉਹ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ ਜਿਸ ਕਰਕੇ ਈਬੀਐਮ ਰਾਹੀਂ ਸਾਫ ਹੁੰਦਾ ਹੈ ਜਿਸ ਵਿੱਚ ਨਾ ਕਿਸੇ ਦਾ ਕੋਈ ਰਿਜੈਕਸ਼ਨ ਹੁੰਦਾ ਹੈ ਨਾ ਹੀ ਬੋਟ ਖਰਾਬ ਹੁੰਦੀ ਹੈ ਅਤੇ ਬਟਨ ਦੱਬਦੇ ਸਾਰ ਹੀ ਸਾਰਾ ਨਤੀਜਾ ਸਾਹਮਣੇ ਆ ਜਾਂਦਾ ਹੈ
ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਅਜਿਹਾ ਮਾਹੌਲ ਬਣਾਉਣਾ ਚਾਹੁੰਦੀ ਹੈ ਕਿ ਵਿਰੋਧੀ ਉਮੀਦਵਾਰ ਕਾਗਜ਼ ਹੀ ਨਾ ਭਰ ਸਕਣ ਅਤੇ ਬਾਅਦ ਵਿੱਚ ਕਮੇਟੀਆਂ ਉੱਤੇ ਕਬਜ਼ਾ ਕੀਤਾ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਕਈ ਥਾਵਾਂ ‘ਤੇ ਰੂਲਿੰਗ ਪਾਰਟੀ ਦੇ ਲੋਕ ਸਵੇਰੇ ਤੋਂ ਦਫ਼ਤਰਾਂ ਵਿੱਚ ਬੈਠ ਜਾਂਦੇ ਹਨ ਤਾਂ ਜੋ ਦੂਜੇ ਉਮੀਦਵਾਰਾਂ ਨੂੰ ਕਾਗਜ਼ ਦਾਖ਼ਲ ਕਰਨ ਦਾ ਮੌਕਾ ਹੀ ਨਾ ਮਿਲੇ।
ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂ ਖੁਦ ਫੋਨ ਕਰਕੇ ਅਧਿਕਾਰੀਆਂ ਨੂੰ ਕਹਿ ਰਹੇ ਹਨ ਕਿ “ਇਸਨੂੰ NOC ਦੇ ਦਿਓ, ਇਸਨੂੰ ਨਾ ਦਿਓ” ਅਤੇ ਉਸ ਦੀਆਂ ਵੀਡੀਓ ਬਣਾਕੇ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਬਹੁਤ ਨਿਰਪੱਖ ਚੋਣਾਂ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ “ਡਰਾਮਾ” ਲੋਕਾਂ ਨੂੰ ਮੂਰਖ ਬਣਾਉਣ ਲਈ ਕੀਤਾ ਜਾ ਰਿਹਾ ਹੈ, ਜਦੋਂ ਕਿ ਅਸਲ ਵਿੱਚ ਪੂਰਾ ਪ੍ਰਸ਼ਾਸਨਿਕ ਤੰਤਰ ਦਬਾਅ ਹੇਠ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਵੋਟਰ ਲਿਸਟਾਂ ਵਿੱਚ ਵੀ ਵੱਡੇ ਪੱਧਰ ‘ਤੇ ਗੜਬੜ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਵੋਟਾਂ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਆਪਣੀ ਵੋਟ ਹੀ ਨਹੀਂ ਲੱਭ ਰਹੀ।
ਮਜੀਠੀਆ ਨੇ ਕਿਹਾ ਕਿ ਇਹ ਨਿਰਪੱਖ ਚੋਣਾਂ ਨਹੀਂ, ਸਗੋਂ ਲੋਕਤੰਤਰ ਦਾ ਗਲਾ ਘੁੱਟਣ ਦੀ ਖੁੱਲ੍ਹੀ ਕੋਸ਼ਿਸ਼ ਹੈ। ਜੇ ਸਰਕਾਰ ਨੂੰ ਆਪਣੇ ਕੰਮਾਂ ‘ਤੇ ਭਰੋਸਾ ਹੈ ਤਾਂ ਬਿਨਾਂ ਧੱਕੇਸ਼ਾਹੀ, ਬਿਨਾਂ ਪੁਲਿਸ ਦਬਾਅ ਅਤੇ ਬਿਨਾਂ NOC ਰੋਕਣ ਵਾਲੀ ਰਾਜਨੀਤੀ ਤੋਂ ਚੋਣਾਂ ਕਰਵਾ ਕੇ ਵੇਖ ਲਵੇ — ਲੋਕ ਖੁਦ ਫੈਸਲਾ ਕਰ ਦੇਣਗੇ ਕਿ ਸਰਕਾਰ ਕਿੰਨੀ ਲੋਕਪ੍ਰਿਯ ਹੈ।
ਅੰਤ ਵਿੱਚ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ। ਪਹਿਲਾਂ ਵੀ ਕਈ ਸਰਕਾਰਾਂ ਨੇ ਧੱਕੇਸ਼ਾਹੀ ਰਾਹੀਂ ਲੋਕਤੰਤਰ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਬਾਅਦ ਵਿੱਚ ਲੋਕਾਂ ਨੇ ਉਹਨਾਂ ਦਾ ਹਿਸਾਬ ਕਰ ਦਿੱਤਾ ਸੀ। ਪੰਜਾਬ ਦੇ ਲੋਕ ਇਸ ਵਾਰ ਵੀ ਲੋਕਤੰਤਰ ਨਾਲ ਹੋ ਰਹੇ ਇਸ ਖਿਲਵਾੜ ਦਾ ਜਵਾਬ ਜ਼ਰੂਰ ਦੇਣਗੇ। ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਮਜੀਠਾ ਹਲਕੇ ਦੇ ਸਾਰੇ ਨਾਮਵਰ ਸ਼ਹਿਰੀ ਅਤੇ ਨਗਰ ਕੌਂਸਲ ਦੀ ਚੋਣ ਲੜਨ ਵਾਲੇ ਸਾਰੇ ਵਾਰਡਾਂ ਦੇ ਉਮੀਦਵਾਰ ਮੌਜੂਦ ਸਨ