60 ਏਕੜ ਵਿੱਚ ਲੱਗਿਆ ਪੰਡਾਲ, ਰੈਲੀ ਨੂੰ ਇਤਿਹਾਸਕ ਬਣਾਉਣ ਲਈ ਪ੍ਰਬੰਧ ਮੁਕੰਮਲ – ਰਾਜੇਸ਼ ਬਾਘਾ
ਇਹ ਸਮਾਪਤੀ ਨਹੀਂ ਨਸ਼ਾ ਮੁਕਤ ਅੰਦੋਲਨ ਦੀ ਸ਼ੁਰੂਆਤ ਹੈ- ਅਨਿਲ ਸਰੀਨ
ਭਾਰਤੀ ਜਨਤਾ ਪਾਰਟੀ ਦੀ ‘ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ’ ਦੇ ਨਾਅਰੇ ਹੇਠ 18 ਸਤੰਬਰ ਤੋਂ ਸ਼ੁਰੂ ਹੋਈ ਨਸ਼ਾ ਮੁਕਤ ਪੰਜਾਬ ਯਾਤਰਾ ਕੱਲ ਜਲੰਧਰ 30 ਸਤੰਬਰ ਨੂੰ ਸੰਪੰਨ ਹੋ ਜਾਵੇਗੀ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ਉੱਤੇ ਪਹੁੰਚ ਰਹੇ ਹਨ, ਜੋ ਸਥਾਨਕ ਪਿੰਡ ਪਰਾਗਪੁਰ ਵਿੱਚ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ।
ਨਸ਼ਾ ਮੁਕਤ ਪੰਜਾਬ ਯਾਤਰਾ ਦੇ ਇੰਚਾਰਜ ਤੇ ਭਾਜਪਾ ਆਗੂ ਰਾਜੇਸ਼ ਬਾਘਾ ਨੇ ਦੱਸਿਆ ਕਿ ਪਠਾਨਕੋਟ, ਫਤਿਹਗੜ੍ਹ ਸਾਹਿਬ, ਤਲਵੰਡੀ ਸਾਬੋ ਅਤੇ ਫਾਜ਼ਿਲਕਾ ਤੋਂ ਸ਼ੁਰੂ ਹੋਈਆਂ ਚਾਰ ਯਾਤਰਾਵਾਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਹੁੰਦੀਆਂ ਹੋਈਆਂ, 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੱਜ ਜਲੰਧਰ ਪਹੁੰਚ ਗਈਆਂ ਹਨ।
ਪਰਾਗਪੁਰ ਵਿੱਚ ਸਜੀ ਸਟੇਜ
ਰਾਜੇਸ਼ ਬਾਘਾ ਨੇ ਦੱਸਿਆ ਕਿ ਸਮਾਪਤੀ ਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਮੂਲੀਅਤ ਵਾਲੀ ਇਸ ਰੈਲੀ ਨੂੰ ਪੰਜਾਬ ਵਿੱਚ ਭਾਜਪਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ ਬਣਾਉਣ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 23 ਸਤੰਬਰ ਨੂੰ ਰੈਲੀ ਵਾਲੀ ਥਾਂ ਉੱਤੇ ਬਕਾਇਦਾ ਹਵਨ ਕਰ ਕੇ ਤਿਆਰੀਆਂ ਵਿੱਢੀਆਂ ਗਈਆਂ ਸਨ, ਜੋ ਹੁਣ ਮੁਕੰਮਲ ਹਨ। ਇਹ ਰੈਲੀ ਅੰਮ੍ਰਿਤਸਰ- ਦਿੱਲੀ ਹਾਈਵੇਅ ਉੱਤੇ ਪੈਂਦੇ ਜਲੰਧਰ ਸ਼ਹਿਰ ਦੇ ਬਾਹਰਵਾਰ ਪੈਂਦੇ ਪਿੰਡ ਪਰਾਗਪੁਰ ਵਿੱਚ ਹੋਵੇਗੀ ਅਤੇ ਇਸ ਵਿੱਚ ਮੋਗਾ ਰੈਲੀ ਤੋਂ ਵੀ ਵੱਡਾ ਇਕੱਠ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
60 ਏਕੜ ਵਿੱਚ ਸਜਿਆ ਪੰਡਾਲ
ਰਾਜੇਸ਼ ਬਾਘਾ ਮੁਤਾਬਕ ਇਸ ਰੈਲੀ ਦਾ ਪ੍ਰਬੰਧ 60 ਏਕੜ ਥਾਂ ਵਿੱਚ ਕੀਤਾ ਗਿਆ ਹੈ, 45 ਏਕੜ ਦੇ ਕਰੀਬ ਪੰਡਾਲ ਲਗਾਇਆ ਗਿਆ ਹੈ ਜਦਕਿ 15 ਏਕੜ ਥਾਂ ਪਾਰਕਿੰਗ ਲਈ ਰੱਖੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਿੱਥੇ ਇਸ ਰੈਲੀ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆ ਰਹੀਆਂ ਚਾਰ ਨਸ਼ਾ ਮੁਕਤ ਪੰਜਾਬ ਯਾਤਰਾਵਾ ਨਾਲ ਆ ਰਹੇ ਪਾਰਟੀ ਵਰਕਰ ਸ਼ਾਮਲ ਹੋ ਹੋਣਗੇ ਉੱਥੇ 2 ਲੱਖ ਦੇ ਕਰੀਬ ਇਕੱਠ ਕਰਨ ਲਈ 2000 ਤੋਂ ਵੱਧ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਰੈਲੀ ਵਿੱਚ ਨਸ਼ਿਆਂ ਕਾਰਨ ਆਪਣੇ ਪੁੱਤ-ਭਤੀਜੇ ਤੇ ਸਕੇ-ਸਬੰਧੀ ਗੁਆ ਚੁੱਕੇ ਪੀੜਤ ਪਰਿਵਾਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
30 ਸਤੰਬਰ ਦਾ ਜਲੰਧਰ ਸਮਾਗਮ ਪੰਜਾਬ ਭਾਜਪਾ ਲਈ ਆਪਣੀ ਨਸ਼ਾ ਵਿਰੋਧੀ ਮੁਹਿੰਮ ਨੂੰ ਇੱਕ ਵੱਡੇ ਸਿਆਸੀ ਅਤੇ ਸਮਾਜਿਕ ਮੰਚ ’ਤੇ ਸਮੇਟਣ ਦਾ ਮੌਕਾ ਹੋਵੇਗਾ। ਅਮਿਤ ਸ਼ਾਹ ਦੀ ਸ਼ਮੂਲੀਅਤ ਇਸ ਨੂੰ ਰਾਸ਼ਟਰੀ ਪੱਧਰ ਦੀ ਦਿੱਖ ਦੇਵੇਗੀ।
ਅੰਤ ਨਹੀਂ ਸ਼ੁਰੂਆਤ : ਅਨਿਲ ਸਰੀਨ
ਨਸ਼ਾ ਮੁਕਤ ਯਾਤਰਾ ਦੇ ਸਫ਼ਲਤਾ ਨਾਲ ਸਿਰੇ ਚੜਨ੍ਹ ਉੱਤੇ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਇਹ ਕੋਈ ਸਿਆਸੀ ਸਮਾਗਮ ਨਹੀਂ ਬਲਕਿ ਸਮਾਜਿਕ ਤੇ ਲੋਕ ਅੰਦੋਲਨ ਹੈ। ਭਾਜਪਾ ਨੇ ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦਾ ਅਹਿਦ ਕੀਤਾ ਹੈ। ਇਸ ਲਈ 30 ਸਤੰਬਰ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸੰਪੰਨਤਾ ਹੋ ਰਹੀ ਹੈ, ਲੋਕ ਅੰਦੋਲਨ ਦੀ ਇਹ ਸ਼ੁਰੂਆਤ ਹੈ, ਜਿਸ ਨੂੰ ਪੰਜਾਬ ਭਾਜਪਾ ਇਸ ਦੇ ਅੰਜ਼ਾਮ ਤੱਕ ਲੈ ਕੇ ਜਾਵੇਗੀ।


