ਮੁੱਖ ਮੰਤਰੀ ਨੇ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਸੂਬੇ ਨੂੰ ਕੰਗਲਾ ਪੰਜਾਬ ਬਣਾ ਦਿੱਤਾ: ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ
ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਅਸਤੀਫਾ ਮੰਗਿਆ ਤੇ ਆਮ ਆਦਮੀ ਪਾਰਟੀ ਵੱਲੋਂ ਜਨਤਕ ਫੰਡਾਂ ਦੀ ਦੁਰਵਰਤੋਂ ਪਾਰਟੀ ਵਾਸਤੇ ਕਰਨ ਦੀ ਜਾਂਚ ਮੰਗੀ
ਚੰਡੀਗੜ੍ਹ, 25 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਨੈਸ਼ਨਲ ਫਿਸਕਲ ਹੈਲਥ ਇੰਡੈਕਸ 2025 ਜਿਸ ਤਹਿਤ ਪੰਜਾਬ ਦੇਸ਼ ਦੇ 18 ਪ੍ਰਮੁੱਖ ਰਾਜਾਂ ਵਿਚੋਂ ਅਖੀਰਲੇ ਸਥਾਨ ’ਤੇ ਆਇਆ ਹੈ, ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਦਾ ਅਸਲ ਝਲਕਾਰਾ ਹੈ ਅਤੇ ਇਸਨੇ ਸਪਸ਼ਟ ਕੀਤਾ ਹੈ ਕਿ ਜਿਸ ਤਰੀਕੇ ਸੂਬੇ ਦੀ ਵਿੱਤੀ ਸਿਹਤ ਬਰਬਾਦ ਕੀਤੀ ਗਈ।
ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ’ਤੇ ਹੈਰਾਨੀ ਪ੍ਰਗਟ ਕਰਦਿਆਂ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇਸਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਇਸ ਮਾੜੀ ਕਾਰਗੁਜ਼ਾਰੀ ਦੇ ਬੇਨਕਾਬ ਹੋਣ ਮਗਰੋਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ।
ਦੋਵਾਂ ਆਗੂਆਂ ਨੇ ਕਿਹਾ ਕਿ ਪੰਜਾਬ ਫਿਸਕਲ ਹੈਲਥ ਇੰਡੈਕਸ ਦੇ ਪੰਜਾਂ ਪੈਮਾਨਿਆਂ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ ਜਿਹਨਾਂ ਵਿਚ ਖਰਚ ਦਾ ਮਿਆਰ, ਮਾਲੀਆ ਜੁਟਾਉਣਾ, ਵਿੱਤੀ ਸਮਝਦਾਰੀ, ਕਰਜ਼ੇ ਨੂੰ ਹੱਦ ਵਿਚ ਰੱਖਣਾ ਸ਼ਾਮਲ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਵਿਕਾਸ ਕਾਰਜਾਂ ’ਤੇ ਕੀਤੇ ਕੁੱਲ ਖਰਚ ਦਾ ਸਿਰਫ 10 ਫੀਸਦੀ ਹੀ ਪੂੰਜੀਗਤ ਖਰਚਾ ਕੀਤਾ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਸਰਕਾਰੀ ਪੈਸਾ ਸਿਆਸੀ ਮੰਤਵਾਂ ਵਾਸਤੇ ਖਰਚ ਕੀਤਾ ਹੈ। ਅਕਾਲੀ ਦਲ ਨੇ ਇਸ ਪੈਸੇ ਦੀ ਦੁਰਵਰਤੋਂ ਦੀ ਜਾਂਚ ਮੰਗੀ ਤੇ ਕਿਹਾ ਕਿ ਇਹ ਪੈਸਾ ਆਪ ਤੋਂ ਵਸੂਲਿਆ ਜਾਣਾ ਚਾਹੀਦਾ ਹੈ।
ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਫਿਸਕਲ ਹੈਲਥ ਇੰਡੈਕਸ ਨੇ ਆਪ ਵੱਲੋਂ ਫੈਲਾਏ ਜਾ ਰਹੇ ਗਈ ਭ੍ਰਮ ਬੇਨਕਾਬ ਕੀਤੇ ਹਨ ਤੇ ਇਸਦੀ ਅਸਲ ਕਾਰਗੁਜ਼ਾਰੀ ਸਾਹਮਣੇ ਲਿਆਂਦੀ ਹੈ। ਰਿਪੋਰਟ ਮੁਤਾਬਕ ਆਪ ਸਰਕਾਰ ਦੇ ਰਾਜ ਵਿਚ ਸਮਾਜਿਕ ਸੇਵਾਵਾਂ ’ਤੇ ਖਰਚ ਅਤੇ ਸਿਹਤ ਤੇ ਸਿੱਖਿਆ ’ਤੇ ਖਰਚ ਵੀ ਘਟਿਆ ਹੈ ਤੇ ਅਧੂਰੇ ਪਏ ਪ੍ਰਾਜੈਕਟਾਂ ਦਾ ਬੈਕਲਾਗ ਵਧਿਆ ਹੈ ਜਿਸ ਨਾਲ ਪੂੰਜੀਨਿਵੇਸ਼ ਨਿਵੇਸ਼ ਪ੍ਰਭਾਵਤ ਹੋਇਆ ਹੈ।
ਇਹਨਾਂ ਆਗੂਆਂ ਨੇ ਕਿਹਾ ਕਿ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕਰਜ਼ੇ ਨੂੰ ਹੱਦ ਵਿਚ ਰੱਖਣ ਨਾਂਹ ਪੱਖੀ ਸਾਬਤ ਹੋਇਆ ਹੈ ਤੇ ਜੇਕਰ ਕੋਈ ਦਰੁਸੱਤੀ ਨਾ ਕੀਤੀ ਤਾਂ ਕਰਜ਼ਾ ਹੋਰ ਵਧਦਾ ਜਾਵੇਗਾ।
ਇਹਨਾਂ ਆਗੂਆਂ ਨੇ ਕਿਹਾ ਕਿ ਇਹ ਸਭ ਕੁਝ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਦੀ ਭਲਾਈ ਵਾਸਤੇ ਕੰਮ ਨਾ ਕਰ ਕੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਵਜੋਂ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਸੁਨੇਹਾ ਦੇਸ਼ ਭਰ ਵਿਚ ਪਹੁੰਚਾਉਣ ਵਾਸਤੇ ਪੰਜਾਬ ਦੇ ਖ਼ਜ਼ਾਨੇ ਦੀ ਲੁੱਟ ਕੀਤੀ ਗਈ। ਉਹਨਾਂ ਕਿਹਾ ਕਿ ਇਲੈਕਟ੍ਰਾਨਿਕ, ਪ੍ਰਿੰਟ ਤੇ ਸੋਸ਼ਲ ਮੀਡੀਆ ਵਿਚ ਜਾਅਲੀ ਇਸ਼ਤਿਹਾਰਾਂ ’ਤੇ ਹਜ਼ਾਰਾਂ ਕਰੋੜ ਰੁਪਏ ਬਰਬਾਦ ਕੀਤੇ ਗਏ। ਉਹਨਾਂ ਕਿਹਾ ਕਿ ਸੈਂਕੜੇ ਕਰੋੜ ਰੁਪਏ ਪਾਰਟੀ ਦੇ ਗੈਰ ਪੰਜਾਬੀ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ ’ਤੇ ਬਰਬਾਦ ਕੀਤੇ ਗਏ ਤੇ ਮੁੱਖ ਮੰਤਰੀ ਹੁਣ ਵੀ ਅਰਵਿੰਦ ਕੇਜਰੀਵਾਲ ਨੂੰ ਬੇਲੋੜੀ ਜ਼ੈਡ ਪਲੱਸ ਸੁਰੱਖਿਆ ਪ੍ਰਦਾਨ ਕਰਨ ਵਾਸਤੇ ਬਜ਼ਿੱਦ ਹਨ।
ਸਰਦਾਰ ਮਜੀਠੀਆ ਤੇ ਡਾ. ਚੀਮਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਦਾ ਮਾਲੀਆ ਵੀ ਸਰੰਡ ਕਰ ਦਿੱਤਾ ਹੈ ਤੇ ਦਿੱਲੀ ਦੀਆਂ ਕੰਪਨੀਆਂ ਨੂੰ ਹੀ ਪੰਜਾਬ ਦਾ ਸ਼ਰਾਬ ਕਾਰੋਬਾਰ ਸੌਂਪ ਦਿੱਤਾ ਹੈ। ਉਹਨਾਂ ਕਿਹਾ ਕਿ ਪੂਰਨ ਵਿੱਤੀ ਢਹਿ ਢੇਰੀ ਦੇ ਨਾਲ-ਨਾਲ ਆਪ ਸਰਕਾਰ ਵਿਚ ਅਮਨ ਕਾਨੂੰਨ ਵਿਵਸਥਾ ਫੇਲ੍ਹ ਹੋ ਗਈ ਤੇ ਪੰਜਾਬ ਪੂਰਨ ਬਰਬਾਦ ਹੋ ਗਿਆ ਹੈ। ਉਹਨਾਂ ਕਿਹਾ ਕਿ ਜਿਹੜਾ ਸੂਬਾ 10 ਸਾਲ ਪਹਿਲਾਂ ਸਾਰੇ ਪੈਮਾਨਿਆਂ ’ਤੇ ਦੇਸ਼ ਭਰ ਵਿਚ ਸਿਖ਼ਰ ’ਤੇ ਸੀ, ਹੁਣ ਉਸਨੂੰ 18 ਰਾਜਾਂ ਦੇ ਸਰਵੇਖਣ ਵਿਚ ਸਭ ਤੋਂ ਪਛੜਿਆ ਕਰਾਰ ਦਿੱਤਾ ਜਾ ਰਿਹਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਸੂਬੇ ਨੂੰ ਇਸ ਹਾਲਾਤ ਵਿਚ ਧੱਕਣ ਲਈ ਜ਼ਿੰਮੇਵਾਰ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਦਰਮਿਆਨ ਗੰਢ ਤੁੱਪ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਕਾਰਣ ਇਹ ਮਾੜੇ ਹਾਲਾਤ ਬਣੇ ਹਨ।