ਚੰਡੀਗੜ੍ਹ, 22 ਅਪ੍ਰੈਲ, 2026: ਪੋਸ਼ਣ ਪਖਵਾੜਾ 2026 ਦੇ ਤਹਿਤ, ਮਾਂ ਅਤੇ ਬੱਚੇ ਦੇ ਪੋਸ਼ਣ ਦੇ ਵਿਸ਼ੇ ‘ਤੇ ਕੇਂਦ੍ਰਿਤ ਜਾਗਰੂਕਤਾ ਅਤੇ ਆਊਟਰੀਚ ਗਤੀਵਿਧੀਆਂ ਦੀ ਇੱਕ ਲੜੀ ਸਫ਼ਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਦੌਰਾਨ ਇੱਕ ਪ੍ਰੋਗਰਾਮ ਵਿੱਚ ਏਐੱਨਐੱਮ ਅਤੇ ਐੱਲਐੱਚਵੀ ਦੁਆਰਾ ਜਾਣਕਾਰੀ ਭਰਪੂਰ ਭਾਸ਼ਣ ਦਿੱਤੇ ਗਏ, ਜਿਨ੍ਹਾਂ ਵਿੱਚ ਮਾਂ ਅਤੇ ਬੱਚੇ ਦੀ ਸਿਹਤ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਗਿਆ। ਇਸ ਤੋਂ ਬਾਅਦ ਗਰਭਵਤੀ ਮਹਿਲਾਵਾਂ ਦੇ ਸਨਮਾਨ ਅਤੇ ਉਤਸ਼ਾਹਵਰਧਨ ਹਿਤ ਰਵਾਇਤੀ ਗੋਦ ਭਰਾਈ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਮਲੋਆ ਵਿਖੇ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਲਈ ਤੰਦਰੁਸਤ ਆਹਾਰ ਅਤੇ ਜੀਵਨਸ਼ੈਲੀ ‘ਤੇ ਇੱਕ ਜਾਗਰੂਕਤਾ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਵਿੱਚ
ਸੰਤੁਲਿਤ ਪੋਸ਼ਣ, ਸਵੱਛਤਾ ਅਤੇ ਤੰਦਰੁਸਤ ਰੋਜ਼ਾਨਾ ਰੁਟੀਨ ਬਣਾਈ ਰੱਖਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ, ਤਾਕਿ ਮਾਂ ਅਤੇ ਬੱਚੇ ਦੋਹਾਂ ਦੀ ਸੰਪੂਰਨ ਸਿਹਤ ਸੁਨਿਸ਼ਚਿਤ ਕੀਤੀ ਜਾ ਸਕੇ।
ਮੁਹਿੰਮ ਦੇ ਤਹਿਤ ਬੁੜੈਲ ਵਿੱਚ ਇੱਕ ਪੋਸ਼ਣ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਥਾਨਕ ਸਮੁਦਾਇ ਨੇ ਸਰਗਰਮ ਭਾਗੀਦਾਰੀ ਕਰਦੇ ਹੋਏ ਪੌਸ਼ਟਿਕ ਆਹਾਰ ਅਤੇ ਤੰਦਰੁਸਤ ਖਾਣ-ਪੀਣ ਦੀਆਂ ਆਦਤਾਂ ਦੇ ਪ੍ਰਤੀ ਜਾਗਰੂਕਤਾ ਫੈਲਾਈ। ਇਸ ਤੋਂ ਇਲਾਵਾ, ਆਰਸੀ ਧਨਾਸ ਵਿਖੇ ਇੰਪੈਕਟ ਗਰੁੱਪ ਦੁਆਰਾ ਨੁੱਕੜ ਨਾਟਕ ਪ੍ਰਸਤੁਤ ਕੀਤਾ ਗਿਆ, ਜਿਸ ਦੇ ਜ਼ਰੀਏ ਪੋਸ਼ਣ ਅਤੇ ਤੰਦਰੁਸਤ ਜੀਵਨਸ਼ੈਲੀ ਨਾਲ ਜੁੜੇ ਸੰਦੇਸ਼ ਪ੍ਰਭਾਵੀ ਢੰਗ ਨਾਲ ਲੋਕਾਂ ਤੱਕ ਪਹੁੰਚਾਏ ਗਏ।
ਮੁਹਿੰਮ ਦੇ ਤਹਿਤ ਵਿਭਿੰਨ ਪੂਰਕ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਮੁੱਚੀ ਤੰਦਰੁਸਤੀ ਲਈ ਆਯੁਸ਼ ‘ਤੇ ਲੈਕਚਰ, ਫੂਡ ਫੋਰਟਿਫਿਕੇਸ਼ਨ ਦੀ ਜ਼ਰੂਰਤ ਬਾਰੇ ਜਾਗਰੂਕਤਾ, ਅਤੇ ‘ਪੋਸ਼ਣ ਕੇ ਪੰਚ ਸੂਤਰ’ ਦਾ ਪ੍ਰਚਾਰ-ਪ੍ਰਸਾਰ ਕਰਨਾ ਸ਼ਾਮਲ ਰਿਹਾ। ਘਰ-ਘਰ ਜਾ ਕੇ ਪੂਰਕ ਆਹਾਰ ਪਿਰਤਾਂ ਨੂੰ ਹੁਲਾਰਾ ਦਿੱਤਾ ਗਿਆ ਅਤੇ ਬੱਚਿਆਂ ਦੇ ਆਹਾਰ ਵਿੱਚ ਮਿਲੇਟਸ ਦੇ ਜਲਦੀ ਸਮਾਵੇਸ਼ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਛਾਤੀ ਦਾ ਦੁੱਧ ਚੁੰਘਾਉਣ ਦੀ ਜਲਦੀ ਸ਼ੁਰੂਆਤ, ਗਰਭਵਤੀ ਮਹਿਲਾਵਾਂ ਲਈ ਮਿਲੇਟਸ ਦੇ ਜ਼ਰੀਏ ਪੋਸ਼ਣ ਸਮਰਥਨ, ਨਿਯਮਿਤ ਵਿਕਾਸ ਨਿਗਰਾਨੀ, 3 ਤੋਂ 6 ਵਰ੍ਹਿਆਂ ਦੇ ਬੱਚਿਆਂ ਲਈ ਪ੍ਰੀ-ਸਕੂਲ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਸੰਸਥਾਗਤ ਜਣੇਪੇ ਨੂੰ ਹੁਲਾਰਾ ਦੇਣ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਇਨ੍ਹਾਂ ਸਾਰੀਆਂ ਗਤੀਵਿਧੀਆਂ ਵਿੱਚ ਸਮੁਦਾਇ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਨੇ ਪੋਸ਼ਣ, ਸਿਹਤ ਅਤੇ ਸੰਪੂਰਨ ਕਲਿਆਣ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਪੋਸ਼ਣ ਪਖਵਾੜਾ 2026 ਦੇ ਉਦੇਸ਼ਾਂ ਨੂੰ ਹੋਰ ਸਸ਼ਕਤ ਕੀਤਾ।