9ਵੇਂ ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਚੰਡੀਗੜ੍ਹ ਦੇ ਵਿਭਿੰਨ ਆਂਗਣਵਾੜੀ ਕੇਂਦਰਾਂ ਵਿੱਚ ਪੋਸ਼ਣ ਜਾਗਰੂਕਤਾ ਅਤੇ ਸਮੁਦਾਇਕ ਸੰਪਰਕ ਗਤੀਵਿਧੀਆਂ ਦੀ ਇੱਕ ਸੀਰੀਜ਼ ਆਯੋਜਿਤ ਕੀਤੀ ਗਈ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਤੰਦਰੁਸਤ ਖਾਨ-ਪਾਨ ਦੀਆਂ ਆਦਤਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ
ਮਾਤਾਵਾਂ ਤੇ ਬੱਚਿਆਂ ਦੇ ਪੋਸ਼ਣ ਵਿੱਚ ਸੁਧਾਰ ਲਿਆਉਣਾ ਸੀ।

ਕਜਹੇੜੀ ਆਂਗਣਵਾੜੀ ਸਰਕਲ ਵਿਖੇ ਤੰਦਰੁਸਤ ਅਤੇ ਸੰਤੁਲਿਤ “ਪੋਸ਼ਣ ਥਾਲੀ” ਤਿਆਰ ਕਰਨ ਦਾ ਪ੍ਰਦਰਸ਼ਨ (ਡੈਮੋਨਸਟ੍ਰੇਸ਼ਨ) ਕੀਤਾ ਗਿਆ। ਇਹ ਸੈਸ਼ਨ ਏਐੱਨਐੱਮ ਅਤੇ ਸੀਡੀਪੀਓ ਪ੍ਰੋਜੈਕਟ-II ਦੁਆਰਾ ਆਯੋਜਿਤ ਕੀਤਾ ਗਿਆ। ਉਨ੍ਹਾਂ ਨੇ ਲਾਭਾਰਥੀਆਂ ਨੂੰ ਬੱਚਿਆਂ, ਮਹਿਲਾਵਾਂ ਅਤੇ ਪਰਿਵਾਰਾਂ ਲਈ ਪੌਸ਼ਟਿਕ, ਸੰਤੁਲਿਤ ਅਤੇ ਵਿਵਿਧਤਾਪੂਰਨ ਆਹਾਰ ਦੇ ਮਹੱਤਵ ਬਾਰੇ ਜਾਗਰੂਕ ਕੀਤਾ।

ਧਨਾਸ ਸਰਕਲ ਵਿਖੇ ਇੱਕ ਆਯੁਸ਼ ਸਿਹਤ ਕੈਂਪ ਆਯੋਜਿਤ ਕੀਤਾ ਗਿਆ, ਜਿੱਥੇ 43 ਗਰਭਵਤੀ ਮਹਿਲਾਵਾਂ ਦੀ ਸਿਹਤ ਜਾਂਚ ਕੀਤੀ ਗਈ। ਆਯੁਰਵੇਦ ਵਿਭਾਗ ਤੋਂ ਡਾ. ਪ੍ਰਣੀਤਾ ਅਤੇ ਉਨ੍ਹਾਂ ਦੀ ਟੀਮ ਅਤੇ ਹੋਮਿਓਪੈਥੀ ਵਿਭਾਗ ਤੋਂ ਡਾ. ਪ੍ਰੀਤੀ ਅਤੇ ਉਨ੍ਹਾਂ ਦੀ ਟੀਮ ਨੇ ਸਿਹਤ ਸਬੰਧੀ ਸਲਾਹ-ਮਸ਼ਵਰਾ ਦਿੱਤਾ ਅਤੇ ਮਾਤਾਵਾਂ ਦੀ ਸਿਹਤ ਤੇ ਤੰਦਰੁਸਤੀ ਬਾਰੇ ਮਾਰਗਦਰਸ਼ਨ ਕੀਤਾ।

ਕੈਂਪ ਸਥਾਨ ‘ਤੇ ਆਧਾਰ ਕੈਂਪ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਆਧਾਰ ਨਾਮਾਂਕਣ ਅਤੇ ਵਿਵਰਣ ਅਪਡੇਟ ਸੇਵਾਵਾਂ ਦੀ ਸੁਵਿਧਾ ਪ੍ਰਦਾਨ ਕੀਤੀ ਗਈ। ‘ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ’ (ਪੀਐੱਮਐੱਮਵੀਵਾਈ) ਦਾ ਲਾਭ ਪ੍ਰਾਪਤ ਕਰਨ ਲਈ ਪਾਤਰ ਲਾਭਾਰਥੀਆਂ ਨੂੰ ਬੈਂਕ ਖਾਤੇ ਖੁੱਲ੍ਹਵਾਉਣ ਵਿੱਚ ਵੀ ਸਹਾਇਤਾ ਪ੍ਰਦਾਨ ਕੀਤੀ ਗਈ।

ਮਨੀਮਾਜਰਾ ਟਾਊਨ ਦੇ ਤਹਿਤ ਇੰਦਰਾ ਕਲੋਨੀ ਸਰਕਲ ਵਿਖੇ ਪੋਸ਼ਣ ਸਬੰਧੀ ਸਲਾਹ-ਮਸ਼ਵਰੇ ਬਾਰੇ ਇੱਕ ਲੈਕਚਰ ਆਯੋਜਿਤ ਕੀਤਾ ਗਿਆ। ਏਐੱਨਐੱਮ ਅਤੇ ਸੁਪਰਵਾਇਜ਼ਰ ਨੇ ਪਰਿਵਾਰਾਂ ਨੂੰ ਸੰਤੁਲਿਤ ਆਹਾਰ, ਬਾਲ ਪੋਸ਼ਣ, ਸਵੱਛਤਾਪੂਰਨ ਭੋਜਨ ਸਬੰਧੀ ਆਦਤਾਂ ਅਤੇ ਬੱਚਿਆਂ ਤੇ ਪਰਿਵਾਰਾਂ ਦੀਆਂ ਪੋਸ਼ਣ ਜ਼ਰੂਰਤਾਂ ਬਾਰੇ ਜਾਣਕਾਰੀ ਦਿੱਤੀ। ਪ੍ਰਤੀਭਾਗੀਆਂ ਨੂੰ ਤੰਦਰੁਸਤ ਵਿਕਾਸ ਅਤੇ ਬਿਹਤਰ ਸਿਹਤ ਲਈ ਆਪਣੇ ਰੋਜ਼ਾਨਾ ਆਹਾਰ ਵਿੱਚ ਪ੍ਰੋਟੀਨ-ਯੁਕਤ ਖੁਰਾਕੀ ਪਦਾਰਥ ਸ਼ਾਮਲ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ ਗਿਆ।

ਬੁੜੈਲ ਸਰਕਲ ਵਿਖੇ, ਸਿਹਤ-ਵਰਧਕ ਅਤੇ ਵਿਵਿਧ ਵਿਅੰਜਨਾਂ ਨੂੰ ਤਿਆਰ ਕਰਨ ਦਾ ਪ੍ਰਦਰਸ਼ਨ ਕੀਤਾ ਗਿਆ। ਲਾਭਰਥੀਆਂ ਨੂੰ ਸਥਾਨਕ ਤੌਰ ‘ਤੇ ਉਪਲਬਧ ਸਮੱਗਰੀ ਨਾਲ ਤਿਆਰ ਕੀਤੇ ਜਾ ਸਕਣ ਵਾਲੇ ਪੌਸ਼ਟਿਕ ਅਤੇ ਕਿਫ਼ਾਇਤੀ ਵਿਅੰਜਨਾਂ ਦੀ ਜਾਣਕਾਰੀ ਦਿੱਤੀ ਗਈ। ਇਸ ਗਤੀਵਿਧੀ ਦੇ ਦੌਰਾਨ ਰੋਜ਼ਾਨਾ ਭੋਜਨ ਵਿੱਚ ਪੌਸ਼ਟਿਕ ਖੁਰਾਕੀ ਪਦਾਰਥਾਂ ਨੂੰ ਸ਼ਾਮਲ ਕਰਨ ਦੇ ਵਿਵਹਾਰਿਕ ਅਤੇ ਕਿਫ਼ਾਇਤੀ ਤਰੀਕਿਆਂ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ।

ਇਹ ਸਾਰੀਆਂ ਗਤੀਵਿਧੀਆਂ ਪੋਸ਼ਣ ਮਾਹ 2026 ਦੇ ਤਹਿਤ ਚਲਾਏ ਜਾ ਰਹੇ ਅਭਿਯਾਨ ਦਾ ਹਿੱਸਾ ਸਨ। ਇਸ ਅਭਿਯਾਨ ਦਾ ਉਦੇਸ਼ ਸਮੁਦਾਇ ਵਿੱਚ ਪੋਸ਼ਣ, ਤੰਦਰੁਸਤ ਖਾਨ-ਪਾਨ ਅਤੇ ਮਾਤਾਵਾਂ ਅਤੇ ਬੱਚਿਆਂ ਦੇ ਕਲਿਆਣ ਦੇ ਪ੍ਰਤੀ ਵਿਆਪਕ ਜਾਗਰੂਕਤਾ ਉਤਪੰਨ ਕਰਨਾ ਹੈ।