ਪੋਸ਼ਣ ਸਬੰਧੀ ਜਾਗਰੂਕਤਾ, ਤੰਦਰੁਸਤ ਆਹਾਰ ਸਬੰਧੀ ਆਦਤਾਂ ਅਤੇ ਸਮੁਦਾਇਕ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਚੰਡੀਗੜ੍ਹ ਵਿੱਚ ਪੋਸ਼ਣ ਸਹੁੰ ਅਤੇ ਜਾਗਰੂਕਤਾ ਰੈਲੀ ਨਾਲ 9ਵੇਂ ਰਾਸ਼ਟਰੀਯ ਪੋਸ਼ਣ ਮਾਹ- 2026 ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਇੱਕ ਮਹੀਨੇ ਤੱਕ ਚਲੇਗੀ। ਪ੍ਰਤੀਭਾਗੀਆਂ ਨੇ ਪੋਸ਼ਣ ਸਹੁੰ ਲਈ ਅਤੇ ਉਨ੍ਹਾਂ ਨੂੰ ਸੰਤੁਲਿਤ ਆਹਾਰ, ਮਾਤਾਵਾਂ ਅਤੇ ਬੱਚਿਆਂ ਦੀ ਸਿਹਤ, ਸਵੱਛਤਾ ਅਤੇ ਕੁਪੋਸ਼ਣ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ।

9ਵੇਂ ਰਾਸ਼ਟਰੀਯ ਪੋਸ਼ਣ ਮਾਹ ਦੀ ਰਾਸ਼ਟਰੀ ਪੱਧਰ ‘ਤੇ ਸ਼ੁਰੂਆਤ ਮਾਣਯੋਗ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਦੁਆਰਾ ਵਾਰਾਣਸੀ ਤੋਂ ਕੀਤੀ ਗਈ, ਜਿਸ ਦਾ ਸਿੱਧਾ ਪ੍ਰਸਾਰਣ ਵੈੱਬਕਾਸਟ ਦੇ ਜ਼ਰੀਏ ਕੀਤਾ ਗਿਆ। ਚੰਡੀਗੜ੍ਹ ਦੇ ਸਾਰੇ ਆਂਗਣਵਾੜੀ ਵਰਕਰਾਂ (ਏਡਬਲਿਊਡਬਲਿਊਜ਼) ਅਤੇ ਆਂਗਣਵਾੜੀ ਹੈਲਪਰਾਂ (ਏਡਬਲਿਊਐੱਚਜ਼) ਨੇ ਇਹ ਸਿੱਧਾ ਪ੍ਰਸਾਰਣ ਦੇਖਿਆ।

ਮੁਹਿੰਮ ਦੇ ਤਹਿਤ ਆਂਗਣਵਾੜੀ ਕੇਂਦਰਾਂ ਅਤੇ ਘਰਾਂ ਦੇ ਦੌਰੇ ਕਰਕੇ ਵਿਭਿੰਨ ਜਾਗਰੂਕਤਾ ਅਤੇ ਸਲਾਹ-ਮਸ਼ਵਰਾ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਵਿੱਚ ਸੰਤੁਲਿਤ ਪੋਸ਼ਣ, ਤੰਦਰੁਸਤ ਖਾਨ-ਪਾਨ, ਤੇਲ ਅਤੇ ਖੰਡ ਦਾ ਸੇਵਨ ਘੱਟ ਕਰਨ, ਪੂਰਕ ਆਹਾਰ, ਟੀਕਾਕਰਣ, ਅਨੀਮੀਆ ਦੀ ਰੋਕਥਾਮ ਅਤੇ ਓਆਰਐੱਸ ਘੋਲ ਤਿਆਰ ਕਰਨ ਅਤੇ ਉਸ ਦੇ ਉਪਯੋਗ ਬਾਰੇ ਜਾਣਕਾਰੀ ਦਿੱਤੀ ਗਈ। ਗੰਭੀਰ ਤੀਬਰ ਕੁਪੋਸ਼ਣ ਵਾਲੇ (ਐੱਸਏਐੱਮ) ਤੋਂ ਪੀੜਿਤ ਬੱਚਿਆਂ ਦੇ ਮਾਪਿਆਂ ਅਤੇ ਦੇਖਭਾਲ਼ ਕਰਨ ਵਾਲਿਆਂ ਨੂੰ ਉਚਿਤ ਪੋਸ਼ਣ ਅਤੇ ਦੇਖਭਾਲ਼ ਬਾਰੇ ਸਲਾਹ ਵੀ ਦਿੱਤੀ ਗਈ। ਔਸ਼ਧੀ ਗੁਣਾਂ ਵਾਲੇ ਪੌਦਿਆਂ, ਕਮਿਊਨਿਟੀ-ਅਧਾਰਿਤ ਸਮਾਗਮਾਂ (ਸੀਬੀਈਜ਼) ਅਤੇ ਪੋਸ਼ਣ ਨਾਲ ਜੁੜੀਆਂ ਹੋਰ ਗਤੀਵਿਧੀਆਂ ‘ਤੇ ਵੀ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਗਏ।

ਸੈਕਟਰ 30 ਵਿੱਚ ਪੋਸ਼ਣ ਸਹੁੰ ਅਤੇ ਕਮਿਊਨਿਟੀ-ਅਧਾਰਿਤ ਅੰਨਪ੍ਰਾਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਅਨੀਮੀਆ, ਟੀਕਾਕਰਣ, ਪੂਰਕ ਆਹਾਰ ਅਤੇ ਪੋਸ਼ਣ-ਸਬੰਧੀ ਵਿਸ਼ਿਆਂ ‘ਤੇ ਜਾਗਰੂਕਤਾ ਅਤੇ ਸਲਾਹ-ਮਸ਼ਵਰਾ ਸੈਸ਼ਨ ਵੀ ਆਯੋਜਿਤ ਕੀਤੇ ਗਏ।

ਰਾਮਦਰਬਾਰ ਵਿਖੇ ਰਵੀ ਦਰਪਨ ਕਲਾ ਮੰਚ ਦੁਆਰਾ ਪੋਸ਼ਣ ਅਤੇ ਕੁਪੋਸ਼ਣ ਵਿਸ਼ੇ ‘ਤੇ ਨੁੱਕੜ ਨਾਟਕ ਪ੍ਰਸਤੁਤ ਕੀਤਾ ਗਿਆ। ਇਸ ਦੇ ਜ਼ਰੀਏ ਭਾਈਚਾਰੇ ਨੂੰ ਉਚਿਤ ਪੋਸ਼ਣ ਦੇ ਮਹੱਤਵ ਅਤੇ ਕੁਪੋਸ਼ਣ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਗਿਆ।

ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਆਂਗਣਵਾੜੀ ਵਰਕਰਾਂ, ਲਾਭਾਰਥੀਆਂ, ਮਹਿਲਾਵਾਂ, ਬੱਚਿਆਂ, ਮਾਪਿਆਂ ਅਤੇ ਸਥਾਨਕ ਭਾਈਚਾਰੇ ਦੀ ਸਰਗਰਮ ਭਾਗੀਦਾਰੀ ਨਾਲ ਇਹ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦਾ ਉਦੇਸ਼ ਤੰਦਰੁਸਤ ਆਦਤਾਂ ਨੂੰ ਹੁਲਾਰਾ ਦੇਣਾ ਅਤੇ ਪੋਸ਼ਣ ਪ੍ਰਤੀ ਸਮੂਹਿਕ ਜ਼ਿੰਮੇਦਾਰੀ ਨੂੰ ਮਜ਼ਬੂਤ ​ਕਰਨਾ ਹੈ।

ਇਹ ਮੁਹਿੰਮ 9 ਸਤੰਬਰ ਤੋਂ 8 ਅਕਤੂਬਰ 2026 ਤੱਕ ਚੰਡੀਗੜ੍ਹ ਵਿੱਚ ਵਿਭਿੰਨ ਜਾਗਰੂਕਤਾ, ਸਲਾਹ-ਮਸ਼ਵਰਾ, ਸਮੁਦਾਇਕ ਸਹਿਭਾਗਿਤਾ ਅਤੇ ਵਿਭਾਗੀ ਤਾਲਮੇਲ ਵਾਲੀਆਂ ਗਤੀਵਿਧੀਆਂ ਦੇ ਜ਼ਰੀਏ ਜਾਰੀ ਰਹੇਗੀ।