ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ)-32 ਵਿਖੇ ਚਲ ਰਹੇ ਵਿਕਾਸ ਪ੍ਰੋਜੈਕਟਾਂ, ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦੀ ਸਮੀਖਿਆ ਕੀਤੀ।

ਯੂ.ਟੀ. ਚੰਡੀਗੜ੍ਹ ਦੇ ਸਿਹਤ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ ਦੇ ਨਾਲ, ਪ੍ਰਸ਼ਾਸਕ ਨੇ ਵਿਭਾਗਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਅਤੇ ਮਰੀਜ਼ਾਂ ਦੀ ਦੇਖਭਾਲ਼ ਸਬੰਧੀ ਸੇਵਾਵਾਂ, ਬੁਨਿਆਦੀ ਢਾਂਚੇ ਦੇ ਵਿਸਤਾਰ ਅਤੇ ਜੀਐੱਮਸੀਐੱਚ-32 ਨੂੰ ਮਜ਼ਬੂਤ ​​ਕਰਨ ਲਈ ਕੀਤੇ ਜਾ ਰਹੇ ਹੋਰ ਉਪਾਵਾਂ ਦੀ ਸਮੀਖਿਆ ਕੀਤੀ। ਪ੍ਰਸ਼ਾਸਕ ਨੇ ਡਾਕਟਰਾਂ, ਫੈਕਲਟੀ ਮੈਂਬਰਾਂ, ਨਰਸਿੰਗ ਸਟਾਫ਼ ਅਤੇ ਹੋਰ ਹੈਲਥਕੇਅਰ ਪ੍ਰੋਫੈਸ਼ਨਲਸ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਅਤੇ ਇਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਵਿੱਚ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।

ਮੀਟਿੰਗ ਵਿੱਚ ਰੈਜ਼ੀਡੈਂਟ ਡਾਕਟਰਾਂ ਦੀ ਭਰਤੀ, ਮੈਡੀਕਲ ਉਪਕਰਣਾਂ ਦੀ ਖਰੀਦ ਅਤੇ ਫਾਰਮਾਕੋਵਿਜੀਲੈਂਸ (ਦਵਾਈਆਂ ਦੀ ਸੁਰੱਖਿਆ ਨਿਗਰਾਨੀ) ਗਤੀਵਿਧੀਆਂ ਨੂੰ ਮਜ਼ਬੂਤ ​​ਕਰਨ ਸਹਿਤ ਹੋਰ ਵਿਸ਼ਿਆਂ ਦੀ ਵੀ ਸਮੀਖਿਆ ਕੀਤੀ ਗਈ।

ਪ੍ਰਸ਼ਾਸਕ ਨੇ ਡਾਕਟਰਾਂ, ਨਰਸਾਂ ਅਤੇ ਹੋਰ ਹੈਲਥਕੇਅਰ ਸਟਾਫ਼ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਸੁਲਭ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਦੁਹਰਾਈ।

ਮੀਟਿੰਗ ਵਿੱਚ ਜੀਐੱਮਸੀਐੱਚ-32 ਦੇ ਡਾਇਰੈਕਟਰ-ਪ੍ਰਿੰਸੀਪਲ ਪ੍ਰੋਫੈਸਰ ਰਵਨੀਤ ਕੌਰ ਸਹਿਤ ਸਾਰੇ ਵਿਭਾਗਾਂ ਦੇ ਮੁਖੀ ਮੌਜੂਦ ਸਨ।