‘ਰਾਇਟ ਟੂ ਸਰਵਿਸ ਲਾਅ’ ‘ਤੇ ਅਧਾਰਿਤ ਪੁਸਤਕ ਦਾ 2026 ਐਡੀਸ਼ਨ ਅੱਜ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ, ਯੂਟੀ ਚੰਡੀਗੜ੍ਹ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਜਾਰੀ ਕੀਤਾ। ਇਸ ਅਵਸਰ ‘ਤੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਸਹਿਤ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਉਪਸਥਿਤ ਰਹੇ। ਪੁਸਤਕ ਦੇ ਲੇਖਕ ਯੂਟੀ ਚੰਡੀਗੜ੍ਹ ਦੇ ਐਡਵੋਕੇਟ ਅਤੇ ਐਡੀਸ਼ਨਲ ਸਟੈਂਡਿੰਗ ਕੌਂਸਲ ਸ਼੍ਰੀ ਅਜੈ ਜੱਗਾ ਹਨ।
ਇਸ ਪੁਸਤਕ ਵਿੱਚ ਚੰਡੀਗੜ੍ਹ ਵਿੱਚ ਲਾਗੂ ਰਾਇਟ ਟੂ ਸਰਵਿਸ ਵਿਵਸਥਾ, ਅਧਿਸੂਚਿਤ ਸੇਵਾਵਾਂ, ਸੇਵਾਵਾਂ ਪ੍ਰਦਾਨ ਕਰਨ ਦੀ ਨਿਰਧਾਰਿਤ ਸਮਾਂ-ਸੀਮਾ, ਸਬੰਧਿਤ ਅਧਿਕਾਰੀਆਂ, ਅਪੀਲ ਦੀ ਵਿਵਸਥਾ ਅਤੇ ਆਟੋ ਅਪੀਲ ਸਿਸਟਮ ਸਹਿਤ ਹਾਲੀਆ ਬਦਲਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਅਵਸਰ ‘ਤੇ ਕਾਨੂੰਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਪ੍ਰਭਾਵੀ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ। ਇਹ ਕਿਹਾ ਗਿਆ ਕਿ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ, ਨਿਰਧਾਰਿਤ ਸਮਾਂ-ਸੀਮਾ, ਅਪੀਲ ਦੀ ਪ੍ਰਕਿਰਿਆ, ਆਟੋ ਅਪੀਲ ਸਿਸਟਮ ਅਤੇ ਨਿਯਮਾਂ ਦਾ ਪਾਲਨ ਨਾ ਕਰਨ ਦੇ ਪਰਿਣਾਮਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਪਹਿਲਾਂ ਅਧਿਕਾਰੀਆਂ ਦੀ ਟ੍ਰੇਨਿੰਗ ਅਤੇ ਜਾਗਰੂਕਤਾ ‘ਤੇ ਧਿਆਨ ਦਿੱਤਾ ਜਾਵੇ ਅਤੇ ਇਸ ਤੋਂ ਬਾਅਦ ਨਾਗਰਿਕਾਂ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾਵੇ, ਤਾਕਿ ਉਹ ਆਪਣੇ ਅਧਿਕਾਰਾਂ ਅਤੇ ਸੇਵਾਵਾਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਮਝ ਸਕਣ।
ਅਧਿਕਾਰੀਆਂ ਅਤੇ ਨਾਗਰਿਕਾਂ, ਦੋਹਾਂ ਵਿੱਚ ਜਾਗਰੂਕਤਾ ਵਧਣ ਨਾਲ ਸਰਕਾਰੀ ਸੇਵਾਵਾਂ ਦੀ ਕਾਰਜਸਮਰੱਥਾ, ਜਵਾਬਦੇਹੀ ਅਤੇ ਤਤਪਰਤਾ ਬਿਹਤਰ ਹੋਣਗੀਆਂ ਅਤੇ ਗ਼ੈਰਜ਼ਰੂਰੀ ਸ਼ਿਕਾਇਤਾਂ ਅਤੇ ਮੁਕੱਦਮਿਆਂ ਵਿੱਚ ਵੀ ਕਮੀ ਆਵੇਗੀ।
ਪ੍ਰਸ਼ਾਸਕ ਨੇ ਸ਼੍ਰੀ ਸਵਪਨਿਲ ਨਾਇਕ, ਸਕੱਤਰ (ਪ੍ਰਸੋਨਲ), ਚੰਡੀਗੜ੍ਹ ਪ੍ਰਸ਼ਾਸਨ ਅਤੇ ਸ਼੍ਰੀ ਅਜੈ ਜੱਗਾ ਨੂੰ ਰਾਇਟ ਟੂ ਸਰਵਿਸ ਲਾਅ ਨੂੰ ਚੰਡੀਗੜ੍ਹ ਵਿੱਚ ਹੋਰ ਅਧਿਕ ਪ੍ਰਭਾਵੀ ਬਣਾਉਣ ਲਈ ਜ਼ਰੂਰੀ ਕਦਮਾਂ ਅਤੇ ਉਪਾਵਾਂ ਬਾਰੇ ਸੁਝਾਅ ਦੇਣ ਨੂੰ ਕਿਹਾ।
ਰਾਇਟ ਟੂ ਸਰਵਿਸ ਵਿਵਸਥਾ ਦਾ ਉਦੇਸ਼ ਨਾਗਰਿਕਾਂ ਨੂੰ ਅਧਿਸੂਚਿਤ ਸਰਕਾਰੀ ਸੇਵਾਵਾਂ ਨਿਰਧਾਰਿਤ ਸਮਾਂ-ਸੀਮਾ ਵਿੱਚ ਉਪਲਬਧ ਕਰਵਾਉਣ ਅਤੇ ਪਾਰਦਰਸ਼ੀ, ਜਵਾਬਦੇਹ ਅਤੇ ਨਾਗਰਿਕ-ਕੇਂਦ੍ਰਿਤ ਪ੍ਰਸ਼ਾਸਨ ਨੂੰ ਮਜ਼ਬੂਤ ਕਰਨਾ ਹੈ।
