ਪ੍ਰਸ਼ਾਸਕ ਨੇ ਚੰਡੀਗੜ੍ਹ ਵਿੱਚ ਸਿੱਖਿਆ ਬੁਨਿਆਦੀ ਢਾਂਚੇ ਅਤੇ ਵਾਤਾਵਰਣਕ ਪਹਿਲਾਂ ਦੀ ਵੀ ਸਮੀਖਿਆ ਕੀਤੀ
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਹਿਰ ਵਿੱਚ ਸਿਹਤ ਸੁਵਿਧਾਵਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਗੁਣਵੱਤਾਪੂਰਨ ਚਿਕਿਤਸਾ ਸੇਵਾਵਾਂ ਸੁਨਿਸ਼ਚਿਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਆਪਣੇ ਦੌਰੇ ਦੇ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਸੰਚਾਲਿਤ ਵਿੱਦਿਅਕ ਬੁਨਿਆਦੀ ਢਾਂਚੇ ਅਤੇ ਵਾਤਾਵਰਣਕ ਪਹਿਲਾਂ ਦੀ ਵੀ ਸਮੀਖਿਆ ਕੀਤੀ।
ਗਵਰਨਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ/GMCH), ਸਾਊਥ ਕੈਂਪਸ, ਸੈਕਟਰ 48 ਵਿਖੇ ਪ੍ਰਸ਼ਾਸਕ ਨੇ ਨਾਗਰਿਕਾਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਵਿਭਿੰਨ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ। ਸਿਹਤ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ ਨੇ ਉਨ੍ਹਾਂ ਨੂੰ ਆਯੁਸ਼ ਓਪੀਡੀ, ਹੋਮਿਓਪੈਥੀ ਸੇਵਾਵਾਂ ਅਤੇ ਆਗਾਮੀ ਪੰਚਕਰਮਾ ਸੁਵਿਧਾ ਬਾਰੇ ਜਾਣਕਾਰੀ ਦਿੱਤੀ।
ਸੁਲਭ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਰਾਜਪਾਲ ਨੇ ਲੋਕਾਂ ਨੂੰ ਬਿਹਤਰੀਨ ਚਿਕਿਤਸਾ ਸੁਵਿਧਾਵਾਂ ਉਪਲਬਧ ਕਰਵਾਉਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੰਭਾਲ਼ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਪ੍ਰਸ਼ਾਸਨ ਦੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਵਿਸਤਾਰ ਅਤੇ ਚਿਕਿਤਸਾ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਲਈ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ, ਤਾਕਿ ਸਾਰੇ ਨਾਗਰਿਕਾਂ ਨੂੰ ਬਿਹਤਰ ਇਲਾਜ ਅਤੇ ਮਰੀਜ਼ਾਂ ਦੀ ਦੇਖਭਾਲ਼ ਸੁਨਿਸ਼ਚਿਤ ਕੀਤੀ ਜਾ ਸਕੇ।
ਪ੍ਰਸ਼ਾਸਕ ਨੇ ਫਿਜ਼ੀਓਥੈਰੇਪੀ, ਟੀਕਾਕਰਣ, ਡੇਅ ਕੇਅਰ, ਔਨਕੋਲੋਜੀ, ਯੋਗ, ਡੈਂਟਲ ਅਤੇ ਪੀਡੀਆਟ੍ਰਿਕ ਓਪੀਡੀ ਸਹਿਤ ਰੇਡੀਏਸ਼ਨ ਔਨਕੋਲੋਜੀ ਸੇਵਾਵਾਂ ਦਾ ਵੀ ਨਿਰੀਖਣ ਕੀਤਾ। ਸਿਹਤ ਸਕੱਤਰ ਨੇ ਉਨ੍ਹਾਂ ਨੂੰ ਦੱਸਿਆ ਕਿ ਹਾਲ ਹੀ ਵਿੱਚ ਕਈ ਨਵੀਆਂ ਓਪੀਡੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਸਿਹਤ ਸੇਵਾਵਾਂ ਪ੍ਰਤੀ ਜਾਗਰੂਕਤਾ ਅਤੇ ਉਪਯੋਗ ਵਧਾਉਣ ਲਈ ਜਨ-ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ।
ਆਯੁਸ਼ਮਾਨ ਆਰੋਗਯ ਮੰਦਿਰ, ਸੈਕਟਰ 47 ਅਤੇ ਸਿਵਲ ਹਸਪਤਾਲ, ਸੈਕਟਰ 45 ਵਿਖੇ ਪ੍ਰਸ਼ਾਸਕ ਦੇ ਨਾਲ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ, ਡਾ. ਸੁਮਨ ਸਿੰਘ ਵੀ ਉਪਸਥਿਤ ਰਹੇ। ਇੱਥੇ ਉਨ੍ਹਾਂ ਨੇ ਆਯੁਰਵੈਦਿਕ ਫਾਰਮੇਸੀ, ਹੋਮਿਓਪੈਥੀ ਓਪੀਡੀ, ਡੈਂਟਲ ਓਪੀਡੀ, ਏਐੱਨਸੀ ਓਪੀਡੀ ਅਤੇ ਏਐੱਨਐੱਮ/ਆਰਸੀਐੱਚ ਰੂਮ ਸਹਿਤ ਫਾਰਮੇਸੀ ਸੇਵਾਵਾਂਦਾ ਨਿਰੀਖਣ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ ਐਮਰਜੈਂਸੀ ਸੇਵਾਵਾਂ, ਈਸੀਜੀ ਸੁਵਿਧਾ, ਈਐੱਮਓ ਰੂਮ ਸੇਵਾਵਾਂ, ਬੀਪੀ ਜਾਂਚ ਜਿਹੀਆਂ ਬੁਨਿਆਦੀ ਸਿਹਤ ਜਾਂਚਾਂ ਅਤੇ ਮਲੇਰੀਆ ਪ੍ਰਯੋਗਸ਼ਾਲਾ ਸੇਵਾਵਾਂ ਦੀ ਵੀ ਸਮੀਖਿਆ ਕੀਤੀ। ਪ੍ਰਸ਼ਾਸਕ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਉਪਲਬਧ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਫੀਡਬੈਕ ਲਿਆ, ਜਿਸ ‘ਤੇ ਸਿਹਤ ਸੇਵਾਵਾਂ ਨੂੰ ਲੈਕੇ ਸਕਾਰਾਤਮਕ ਪ੍ਰਤੀਕਿਰਿਆ ਪ੍ਰਾਪਤ ਹੋਈ।
ਇਸ ਦੇ ਬਾਅਦ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਲੋਆ ਵਿਖੇ ਪ੍ਰਸ਼ਾਸਕ ਨੇ ਮਲੋਆ ਸਮਾਧਾਨ ਸ਼ਿਵਿਰ ਦੇ ਦੌਰਾਨ ਉਠਾਏ ਗਏ ਸਕੂਲਾਂ ਨਾਲ ਸਬੰਧਿਤ ਮੁੱਦਿਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਗਵਰਨਮੈਂਟ ਹਾਈ ਸਕੂਲ, ਮਲੋਆ ਵਿਖੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਹਿਤ 25 ਕਮਰਿਆਂ ਦੇ ਨਿਰਮਾਣ ਲਈ ਟੈਂਡਰ ਮਨਜ਼ੂਰ ਕਰ ਦਿੱਤਾ ਗਿਆ ਹੈ। ਇਸ ਅਵਸਰ ‘ਤੇ ਸਿੱਖਿਆ ਸਕੱਤਰ ਸ਼੍ਰੀ ਪ੍ਰੇਰਣਾ ਪੁਰੀ ਅਤੇ ਡਾਇਰੈਕਟਰ ਸਕੂਲ ਸਿੱਖਿਆ ਸ਼੍ਰੀ ਨਿਤੀਸ਼ ਸਿੰਗਲਾ ਵੀ ਉਪਸਥਿਤ ਰਹੇ।
ਇਸ ਤੋਂ ਪਹਿਲਾਂ ਡੱਡੂ ਮਾਜਰਾ ਡੰਪਿੰਗ ਗਰਾਊਂਡ ਸਾਇਟ ‘ਤੇ, ਪ੍ਰਸ਼ਾਸਕ ਨੇ ਜੁਲਾਈ ਮਹੀਨੇ ਵਿੱਚ ਪ੍ਰਸਤਾਵਿਤ ਰੁੱਖ ਲਗਾਉਣ ਦੀ ਮੁਹਿੰਮ ਲਈ ਚਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਨੂੰ ਨਿਰਦੇਸ਼ ਦਿੱਤੇ ਕਿ ਮਾਨਸੂਨ ਸੀਜ਼ਨ ਦੇ ਦੌਰਾਨ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਭੂਮੀ ਪੱਧਰੀ ਕਰਨ ਦੇ ਕਾਰਜ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਜਲਦੀ ਪੂਰਾ ਕੀਤਾ ਜਾਵੇ।