ਇਸ ਵਰ੍ਹੇ ਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ “ਤੰਦਰੁਸਤ ਬਿਰਧ ਅਵਸਥਾ ਲਈ ਯੋਗ” ਰਿਹਾ, ਜੋ ਵਿਸ਼ੇਸ਼ ਕਰਕੇ ਸੀਨੀਅਰ ਸਿਟੀਜ਼ਨਸ ਸਹਿਤ ਜੀਵਨ ਦੇ ਹਰ ਪੜਾਅ ਵਿੱਚ, ਸਰੀਰਕ ਸਫੂਰਤੀ, ਮਾਨਸਿਕ ਸਿਹਤ ਅਤੇ ਸੰਪੂਰਨ ਜੀਵਨ ਗੁਣਵੱਤਾ ਨੂੰ ਹੁਲਾਰਾ ਦੇਣ ਵਿੱਚ ਯੋਗ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।
ਇਹ ਸਮਾਗਮ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ, ਨਵੀਂ ਦਿੱਲੀ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਮਾਣਯੋਗ ਜੱਜਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਹਾਈ ਕੋਰਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਵਿਭਿੰਨ ਯੋਗ ਆਸਣਾਂ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕੀਤਾ।
ਇਸ ਅਵਸਰ ‘ਤੇ ਯੋਗ ਮਾਹਰਾਂ ਨੇ ਪ੍ਰਤੀਭਾਗੀਆਂ ਨੂੰ ਭਾਰਤ ਦੀ ਪ੍ਰਾਚੀਨ ਵਿਰਾਸਤ ਦੀ ਅਮੁੱਲ ਧਰੋਹਰ ਯੋਗ ਦੇ ਅਸੀਮ ਲਾਭਾਂ ਤੋਂ ਜਾਣੂ ਕਰਵਾਇਆ। ਟ੍ਰੇਨਰਾਂ ਨੇ ਦੱਸਿਆ ਕਿ ਯੋਗ ਸਰੀਰਕ ਫਿਟਨੈੱਸ, ਮਾਨਸਿਕ ਸਿਹਤ, ਭਾਵਨਾਤਮਕ ਸੰਤੁਲਨ ਅਤੇ ਸੰਪੂਰਨ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਯੋਗ ਦਾ ਨਿਯਮਿਤ ਅਭਿਆਸ ਲਚਕਤਾ, ਸ਼ਕਤੀ, ਇਕਾਗਰਤਾ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਤਣਾਅ ਪ੍ਰਬੰਧਨ ਅਤੇ ਤੰਦਰੁਸਤ ਜੀਵਨਸ਼ੈਲੀ ਨੂੰ ਅਪਣਾਉਣ ਵਿੱਚ ਵੀ ਸਹਾਇਕ ਹੈ।
ਪ੍ਰਤੀਭਾਗੀਆਂ ਨੂੰ ਸਰੀਰ, ਮਨ ਅਤੇ ਆਤਮਾ ਦੇ ਦਰਮਿਆਨ ਤਾਲਮੇਲ ਸਥਾਪਿਤ ਕਰਨ ਲਈ ਯੋਗ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਅਭਿੰਨ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਇਹ ਰੇਖਾਂਕਿਤ ਕੀਤਾ ਗਿਆ ਕਿ ਯੋਗ ਕੇਵਲ ਸਰੀਰਕ ਕਸਰਤ ਦਾ ਮਾਧਿਅਮ ਨਹੀਂ, ਬਲਕਿ ਇੱਕ ਐਸੀ ਜੀਵਨਸ਼ੈਲੀ ਹੈ ਜੋ ਅੰਦਰੂਨੀ ਸ਼ਾਂਤੀ, ਆਤਮ-ਅਨੁਸ਼ਾਸਨ ਅਤੇ ਸਮਾਜ ਅਤੇ ਪ੍ਰਕ੍ਰਿਤੀ ਨਾਲ ਗਹਿਰੇ ਜੁੜਾਅ ਹੋਣ ਦੀ ਭਾਵਨਾ ਨੂੰ ਵਿਕਸਿਤ ਕਰਦੀ ਹੈ। ਅੱਜ ਦੇ ਤੇਜ਼ ਰਫ਼ਤਾਰ ਅਤੇ ਚੁਣੌਤੀਪੂਰਨ ਪਰਿਵੇਸ਼ ਵਿੱਚ ਯੋਗ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਅਤੇ ਰੋਜ਼ਾਨਾ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਾਨਸਿਕ ਦ੍ਰਿੜ੍ਹਤਾ ਵਿਕਸਿਤ ਕਰਨ ਦਾ ਇੱਕ ਪ੍ਰਭਾਵੀ ਸਾਧਨ ਹੈ।
ਅੰਤਰਰਾਸ਼ਟਰੀ ਯੋਗ ਦਿਵਸ ਹਰ ਵਰ੍ਹੇ 21 ਜੂਨ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਵਰ੍ਹੇ ਵੀ ਦੇਸ਼ ਭਰ ਵਿੱਚ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦਾ ਉਦੇਸ਼ ਯੋਗ ਦੇ ਮਹੱਤਵ ਦੇ ਪ੍ਰਤੀ ਜਨ-ਜਾਗਰੂਕਤਾ ਵਧਾਉਣਾ ਅਤੇ ਲੋਕਾਂ ਨੂੰ ਤੰਦਰੁਸਤ ਅਤੇ ਸੰਤੁਲਿਤ ਜੀਵਨ ਲਈ ਯੋਗ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਆਯੋਜਨ ਯੋਗ ਦੇ ਜ਼ਰੀਏ ਸਿਹਤ, ਕਲਿਆਣ ਅਤੇ ਜਨ-ਹਿਤ ਨੂੰ ਹੁਲਾਰਾ ਦੇਣ ਦੇ ਪ੍ਰਤੀ ਸੰਸਥਾ ਦੀ ਪ੍ਰਤੀਬੱਧਤਾ ਦੀ ਦੁਬਾਰਾ ਪੁਸ਼ਟੀ ਕਰਦਾ ਹੈ।
