ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਦੱਸਿਆ ਕਿ ਇਹ ਮੇਲਾ ਪੰਜਾਬ ਦੀਆਂ ਦਿਹਾਤੀ ਲੋਕ ਕਲਾਵਾਂ, ਦਸਤਕਾਰੀ, ਲੋਕ ਗਾਇਕੀ, ਲੋਕ ਨਾਚਾਂ ਅਤੇ ਲਲਿਤ ਕਲਾਵਾਂ ਨੂੰ ਸਮਰਪਿਤ ਹੋਵੇਗਾ। ਉਹ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 21 ਮਾਰਚ ਨੂੰ ਬਤੌਰ ਮੁੱਖ ਮਹਿਮਾਨ ਮੇਲੇ ਵਿੱਚ ਸ਼ਿਰਕਤ ਕਰਨਗੇ। ਇਹਨਾਂ ਤੋਂ ਇਲਾਵਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮਾਈਨਿੰਗ ਮੰਤਰੀ ਬਰਿੰਦਰ ਕੁਮਾਰ ਗੋਇਲ ਇਸ ਤਿੰਨ ਦਿਨਾਂ ਮੇਲੇ ਦੇ ਉਦਘਾਟਨੀ ਅਤੇ ਸੰਪੂਰਨਤਾ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਸ੍ਰੀ ਸਵੀ ਨੇ ਦੱਸਿਆ ਕਿ ਸਿਰਜਣਾਤਮਕ ਮੇਲੇ ਦਾ ਮਕਸਦ ਸੂਬੇ ਦੀ ਦਿਹਾਤੀ ਦਸਤਕਾਰੀ ਅਤੇ ਲੋਕ ਕਲਾਵਾਂ ਨੂੰ ਉਤਸਾਹਿਤ ਕਰਕੇ ਮੰਡੀਕਾਰੀ ਦੇ ਸਮਰੱਥ ਬਣਾਉਣਾ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਪੇਸ਼ਕਾਰ ਕਲਾਵਾਂ, ਲੋਕ ਗੀਤ, ਵਾਰ, ਕਲੀ, ਕਵੀਸ਼ਰੀ ਅਤੇ ਲੋਕ ਨਾਚਾਂ ਝੂਮਰ, ਮਲਵਈ ਗਿੱਧਾ, ਲੁੱਡੀ ਤੇ ਧਮਾਲ ਦੀਆਂ ਪੇਸ਼ਕਾਰੀਆਂ ਤੋਂ ਇਲਾਵਾ ਨਵੀਂ ਪੀੜੀ ਨੂੰ ਇਹਨਾਂ ਕਲਾਵਾਂ ਨਾਲ ਜੋੜਨ ਲਈ ਸੂਬਾ ਪੱਧਰੀ ਅੰਤਰ ਕਾਲਜ ਮੁਕਾਬਲੇ ਵੀ ਕਰਵਾਏ ਜਾਣਗੇ।
ਸ੍ਰੀ ਸਵੀ ਨੇ ਦੱਸਿਆ ਕਿ ਇਹ ਸਿਰਜਨਾਤਮਕ ਮੇਲਾ ਇਲਾਕੇ ਦੀ ਨਿਵੇਕਲੀ ਸਿੱਖਿਆ ਸੰਸਥਾ, ਸੀਬਾ ਇੰਟਰਨੈਸ਼ਨਲ ਸਕੂਲ ਦੇ ਕੈਂਪਸ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸਕੂਲ ਦੇ ਉਤਸ਼ਾਹੀ ਮੈਨੇਜਿੰਗ ਡਾਇਰੈਕਟਰ ਅਤੇ ਉੱਘੇ ਸਮਾਜਿਕ ਆਗੂ ਕਮਲਜੀਤ ਸਿੰਘ ਢੀਂਡਸਾ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਇਸ ਮੇਲੇ ਵਿੱਚ ਲਲਿਤ ਕਲਾ ਅਕਾਦਮੀ ਵੱਲੋਂ ਨਵੇਕਲੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ ਜਿਨਾਂ ਵਿੱਚ ਨੌਜਵਾਨ ਕਲਾਕਾਰਾਂ ਦੀਆਂ ਵਰਕਸ਼ਾਪਾਂ ਤੋਂ ਇਲਾਵਾ ਦਿਹਾਤੀ ਦਸਤਕਾਰੀ, ਖੱਡੀ ਬੁਣਨਾ, ਦਰੀਆਂ ਬੁਣਨਾ, ਚਰਖਾ ਕੱਤਣਾ, ਪੱਖੀਆਂ ਛਿਕੂ ਆਦਿ ਬਣਾਉਣਾ ਅਤੇ ਕਸੀਦਾਕਾਰੀ ਦੀ ਗਤੀਸ਼ੀਲ ਪ੍ਰਦਰਸ਼ਨੀ ਵੀ ਸ਼ਾਮਿਲ ਹੋਵੇਗੀ। ਇਸ ਮੌਕੇ ਲਲਿਤ ਕਲਾਵਾਂ ਖਾਸ ਕਰਕੇ ਚਿੱਤਰਕਾਰੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾ ਗਾਗਾ ਦੇ ਐਮ ਡੀ ਕੰਵਲਜੀਤ ਸਿੰਘ ਢੀਡਸਾ ਨੇ ਦੱਸਿਆ ਕਿ ਸੌਂਹ ਪੰਜਾਬ ਦੀ ਸਿਰਜਣਾਤਮਕ ਮੇਲੇ ਨੂੰ ਲੈ ਕੇ ਇਲਾਕੇ ਵਿੱਚ ਭਾਰੀ ਉਤਸਾਹ ਹੈ ਕਿਉਂਕਿ ਇਹ ਪੰਜਾਬ ਦਾ ਪਹਿਲਾ ਸਿਰਜਣਾਤਮਕ ਲੋਕ ਮੇਲਾ ਹੈ ਜਿਸ ਵਿੱਚ ਭੁੱਲੇ ਵਿਸਰੇ ਲੋਕ ਕਲਾਕਾਰਾਂ ਨੂੰ ਆਪਣੀ ਕਲਾ ਦੀ ਪ੍ਰਦਰਸ਼ਨੀ ਅਤੇ ਪੇਸ਼ਕਾਰੀ ਦਾ ਮੌਕਾ ਮਿਲੇਗਾ।