ਗੱਜੇ ਜਾਖੜ; ਪੰਜਾਬ ਚ ਅਮਨ-ਕਾਨੂੰਨ ਦੀ ਵਿਵਸਥਾ ਢਹਿ-ਢੇਰੀ, ਲੋਕਾਂ ਨੂੰ ਹੁਣ ਮੋਦੀ ਤੋਂ ਹੀ ਉਮੀਦ
*ਕਿਹਾ; ਪੰਜਾਬ ਲਈ ਸਰਾਪ ਬਣਿਆ ਆਪ ਤੇ ਕਾਂਗਰਸ ਦਾ ਗੱਠਜੋੜ ਪੰਜਾਬ, ਜਨਤਾ ਲਵੇ ਫੈਸਲਾ

ਚੰਡੀਗੜ੍ਹ, 30 ਮਈ : ‘ਮੇਰੀ ਮੰਚ ਉੱਤੇ ਬਿਰਾਜਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਪੂਰੇ ਦੇਸ਼ ਨੂੰ ਕੋਰੋਨਾ ਦੇ ਇਲਾਜ ਲਈ ਟੀਕਾ ਲਗਾਇਆ ਸੀ, ਉਸੇ ਤਰ੍ਹਾਂ ਹੁਣ ਉਹ ਪੰਜਾਬ ‘ਚੋਂ ਭ੍ਰਿਸ਼ਟਾਚਾਰ ਦੀ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਇਕ ਹੋਰ ਟੀਕਾ ਲਗਵਾਉਣ ਤਾਂ ਜੋ ਭ੍ਰਿਸ਼ਟ ਆਗੂਆਂ ਨੂੰ ਨੱਥ ਪਾਈ ਜਾ ਸਕੇ।’

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁਸ਼ਿਆਰਪੁਰ ਰੈਲੀ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਦੌਰਾਨ ਆਪ ਅਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਘੇਰਦੇ ਹੋਏ ਹੋਏ ਕੀਤਾ।

ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਉਨ੍ਹਾਂ ਦਾ ਗੱਠਜੋੜ ਅਪਵਿੱਤਰ ਤੇ ਪੰਜਾਬ ਲਈ ਵੱਡਾ ਸਰਾਪ ਹੈ। ਇਹ ਭ੍ਰਿਸ਼ਟਾਚਾਰ ਦੀ ਦੁਕਾਨ ਦੇ ਦੋ ਦਰਵਾਜ਼ੇ ਹਨ। ਇਹ ਦੋਵੇਂ ਪਾਰਟੀਆਂ ਪੰਜਾਬ ਦੀ ਨਸਲ ਅਤੇ ਫਸਲ ਲਈ ਖ਼ਤਰਾ ਹਨ। ਪੰਜਾਬ ਅੱਜ ਜੋ ਵੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਹ ਕਾਂਗਰਸ ਤੇ ਆਪ ਦਾ ਹੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਚ ਜਨਤਾ ਦੀਆਂ ਅੱਖਾਂ ਚ ਧੂੜ ਪਾਉਣ ਲਈ ਵੱਖੋ-ਵੱਖਰੇ ਢੰਗ ਨਾਲ ਲੜ ਰਹੇ ਹਨ, ਪਰ ਅੰਦਰੋਂ ਦੋਵੇਂ ਇੱਕ-ਮਿੱਕ ਹਨ।

ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਚ ਹਿੰਦੂ-ਸਿੱਖ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਭ੍ਰਿਸ਼ਟ ਨੇਤਾਵਾਂ ਨੇ ਕੇਂਦਰ ਨੂੰ ਮੈਟ੍ਰਿਕ ਸਕਾਲਰਸ਼ਿਪ ਲਈ ਦਿੱਤੇ ਪੈਸੇ ਦਾ ਵੀ ਗਬਨ ਕਰ ਲਿਆ। ਪੰਜਾਬ ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕਣੇ ਪੈਣਗੇ।

ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦਾ ਕਾਨੂੰਨ ਤੇ ਸੁਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਚੁੱਕੀ ਹੈ। ਇੱਥੇ ਪੁਲਿਸ ਨਹੀਂ ਬਲਕਿ ਗੁੰਡੇ ਤੇ ਗੈਂਗਸਟਰ ਰਾਜ ਕਾਇਮ ਕੋਈ ਚੁੱਕਾ ਹੈ ਉਦੋਂ ਹੀ ਕਹਿੰਦਾ ਸੀ ਜਦੋਂ ਉਦੋਂ ਹੀ ਨਹੀਂ ਲੱਗਦਾ। ਇਹ ਸਰਕਾਰ ਸਾਡੀਆਂ ਨੂੰਹਾਂ ਦੀ ਇੱਜ਼ਤ ਬਚਾਉਣ ਦੇ ਕਾਬਲ ਨਹੀਂ।
ਇਸ ਲਈ ਪੰਜਾਬ ਦੇ ਲੋਕਾਂ ਨੂੰ ਹੁਣ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਤੋਂ ਹੀ ਉਮੀਦ ਹੈ। ਕਿਉਂਕਿ ਜਨਤਾ ਜਾਣ ਚੁੱਕੀ ਹੈ ਕਿ ਸੂਬੇ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਬੇਕਾਰ ਹੈ।

ਇਸ ਮੌਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਚੁਟਕੀ ਲੈਂਦਿਆਂ ਜਾਖੜ ਨੇ ਕਿਹਾ ਕਿ ਹੁਸ਼ਿਆਰਪੁਰ ਇਨ੍ਹੀਂ ਦਿਨੀਂ ਨਵੀਂ ਕਿਸਮ ਦੇ ਸੈਰ-ਸਪਾਟਾ ਸਥਾਨ ਵਜੋਂ ਉੱਭਰਿਆ ਹੈ, ਜਿਸ ਨੂੰ ਵੀ ਈਡੀ ਤੋਂ ਸੰਮੰਨ ਮਿਲਦਾ ਹੈ, ਉਹ ਵਿਪਾਸਨਾ ਕਰਨ ਹੁਸ਼ਿਆਰਪੁਰ ਪਹੁੰਚ ਜਾਂਦਾ ਹੈ। ਜਦੋਂ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 7ਵਾਂ ਸੰਮਨ ਦਿੱਤਾ ਤਾਂ ਉਹ ਵਿਪਾਸਨਾ ਲਈ ਇੱਥੇ ਆਏ ਤੇ ਈਡੀ ਤੋਂ ਬਚਣ ਲਈ ਇਕ ਹਫ਼ਤਾ ਰੁਕੇ ਰਹੇ।

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਹੁਸ਼ਿਆਰਪੁਰ ਦੀ ਧਰਤੀ ਸਿੱਖਿਆ ਲਈ ਜਾਣੀ ਜਾਂਦੀ ਰਹੀ ਹੈ। ਇੱਥੋਂ ਦੀ ਟਰੈਕਟਰ ਤੇ ਪਲਾਈਵੁੱਡ ਇੰਡਸਟਰੀ ਪੂਰੀ ਦੁਨੀਆ ਚ ਜਾਣੀ ਜਾਂਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੀਜੇ ਕਾਰਜਕਾਲ ਚ ਹੁਸ਼ਿਆਰਪੁਰ ਚ ਉਚੇਰੀ ਸਿੱਖਿਆ ਲਈ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ’ਤੇ ਇੱਕ ਵੱਡੀ ਯੂਨੀਵਰਸਿਟੀ ਖੋਲ੍ਹਣ, ਤਾਂ ਜੋ ਇੱਥੋਂ ਦੇ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਣ। ਉਨ੍ਹਾਂ ਸਟੇਜ ਤੋਂ ਲੋਕਾਂ ਨੂੰ ਪੰਜਾਬ ਦੇ ਵਿਕਾਸ ਲਈ ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕੀਤੀ ਤਾਂ ਜੋ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਸਕਣ, ਕਿਉਂਕਿ ਭਾਜਪਾ ਦੀ ਮਜ਼ਬੂਤ ਲੀਡਰਸ਼ਿਪ ਹੀ ਪੰਜਾਬ ਤੇ ਪੰਜਾਬੀਆਂ ਦੀ ਰਾਖੀ ਕਰ ਸਕਦੀ ਹੈ।

×