ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਰੈੱਡ ਕਰਾਸ ਦੀ ਪਹਿਲ
ਚੰਡੀਗੜ੍ਹ, 18 ਸਤੰਬਰ:
ਪੰਜਾਬ ਦੇ ਰਾਜਪਾਲ ਅਤੇ ਪੰਜਾਬ ਰੈੱਡ ਕਰਾਸ ਸੋਸਾਇਟੀ ਦੇ ਪ੍ਰਧਾਨ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਰਾਜ ਭਵਨ, ਚੰਡੀਗੜ੍ਹ ਤੋਂ ਰਾਜ ਦੇ ਅੱਠ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਭੇਜਣ ਦੇ ਲਈ 50 ਫੌਗਿੰਗ ਮਸ਼ੀਨਾਂ ਨਾਲ ਲੱਦੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਹੜ੍ਹ ਦਾ ਪਾਣੀ ਘੱਟ ਹੋਣ ਦੇ ਬਾਵਜੂਦ, ਕਈ ਪਿੰਡਾਂ ਵਿੱਚ ਪਾਣੀ ਜਮ੍ਹਾਂ ਹੈ, ਜਿਸ ਨਾਲ ਵੈਕਟਰ ਜਨਿਤ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਕਿਸੇ ਵੀ ਮਹਾਮਾਰੀ ਦੇ ਪ੍ਰਕੋਪ ਨੂੰ ਰੋਕਣ ਦੇ ਲਈ, ਪੰਜਾਬ ਰੈੱਡ ਕਰਾਸ ਨੇ ਪ੍ਰਭਾਵਿਤ ਖੇਤਰਾਂ ਵਿੱਚ ਵਰਤੋਂ ਦੇ ਲਈ ਦਾਨ ਦੇ ਜ਼ਰੀਏ 9 ਲੱਖ ਰੁਪਏ ਦੀ ਲਾਗਤ ਵਾਲੀਆਂ 50 ਫੌਗਿੰਗ ਮਸ਼ੀਨਾਂ ਖਰੀਦੀਆਂ ਹਨ।
ਇਨ੍ਹਾਂ ਮਸ਼ੀਨਾਂ ਦੀ ਵਰਤੋਂ ਸੰਵੇਦਨਸ਼ੀਲ ਖੇਤਰਾਂ ਵਿੱਚ ਜਨ ਸਿਹਤ ਦੀ ਸੁਰੱਖਿਆ ਦੇ ਉਦੇਸ਼ ਨਾਲ ਵਿਆਪਕ ਫੌਗਿੰਗ ਅਪ੍ਰੇਸ਼ਨਸ ਚਲਾਉਣ ਦੇ ਲਈ ਕੀਤੀ ਜਾਵੇਗੀ।
ਇਸ ਅਵਸਰ ‘ਤੇ, ਰਾਜਪਾਲ ਕਟਾਰੀਆ ਨੇ ਕਿਹਾ ਕਿ ਇਹ ਪਹਿਲ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਮੇਂ ‘ਤੇ ਸਿਹਤ ਸੁਰੱਖਿਆ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਨੇ ਰਾਹਤ ਤੇ ਪੁਨਰਵਾਸ ਉਪਾਵਾਂ ਵਿੱਚ ਤਾਲਮੇਲ ਵਾਲੀ ਕਾਰਵਾਈ ਦੇ ਮਹੱਤਵ ‘ਤੇ ਬਲ ਦਿੱਤਾ।
ਇਸ ਅਵਸਰ ‘ਤੇ, ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਰੈੱਡ ਕਰਾਸ ਪੰਜਾਬ ਦੇ ਸਕੱਤਰ ਸ਼੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੰਜਾਬ ਰੈੱਡ ਕਰਾਸ ਸੋਸਾਇਟੀ ਦੇ ਵਲੰਟੀਅਰ ਮੌਜੂਦ ਸਨ।
