👉 ਭਾਜਪਾ ਪ੍ਰਧਾਨ ਨੇ ਕਿਹਾ , ਹੈਡਵਰਕਸਾਂ ਦੀ ਸਮਰੱਥਾ ਜਾਂਚ ਲਈ ਸਮਾਜੀਕ ਵਿਗਿਆਨ ਨਾਲ ਜੁੜੀ ਕੰਪਨੀ ਨੂੰ ਦਿੱਤਾ ਸੂਬਾ ਸਰਕਾਰ ਨੇ ਠੇਕਾ
👉 ਹੜਾਂ ਨਾਲ ਸਭ ਤੋਂ ਵੱਧ ਨੁਕਸਾਨ ਰਣਜੀਤ ਸਾਗਰ ਡੈਮ ਤੋਂ ਨਿਕਲਣ ਵਾਲੀ ਰਾਵੀ ਨਦੀ ਨੇ ਕੀਤਾ ਅਤੇ ਇਸ ਡੈਮ ਦਾ ਸਾਰਾ ਕੰਟਰੋਲ ਸੂਬਾ ਸਰਕਾਰ ਦੇ ਹੱਥਾਂ ਵਿੱਚ
ਚੰਡੀਗੜ੍ਹ 21 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਆਏ ਹੜਾਂ ਲਈ ਸੂਬੇ ਦੀ ਦਿੱਲੀ ਤੋਂ ਚੱਲਣ ਵਾਲੀ ਪੰਜਾਬ ਦੀ ਆਪ ਦੀ ਅਗਵਾਈ ਵਾਲੀ ਅਨਾੜੀ ਸਰਕਾਰ ਅਤੇ ਇੱਕ ਗੈਰ ਅਨੁਭਵੀ ਕੰਪਨੀ ਜਿਸ ਨੂੰ ਇਸ ਸਰਕਾਰ ਨੇ ਹੈਡਵਰਕਸਾਂ ਦੀ ਸੁਰੱਖਿਆ ਜਾਂਚ ਦ ਠੇਕਾ ਦਿੱਤਾ ਨੂੰ ਜਿੰਮੇਵਾਰ ਦੱਸਦਿਆਂ ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਆਏ ਹੜਾਂ ਦੀ ਜਾਂਚ ਕਿਸੇ ਰਿਟਾਇਰਡ ਜੱਜ ਦੀ ਅਗਵਾਈ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ । ਉਹਨਾਂ ਨੇ ਅੱਜ ਇਸ ਸਬੰਧੀ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਦੱਸਿਆ ਕਿ ਇਹਨਾਂ ਹੜਾਂ ਲਈ ਕੇਂਦਰ ਸਰਕਾਰ ਅਤੇ ਉਹਨ ਨੂੰ ਜਿੰਮੇਵਾਰ ਠਹਿਰਾਏ ਜਾਣ ਸਬੰਧੀ ਸੋਸ਼ਲ ਮੀਡੀਆ ਤੇ ਫੈਲਾਏ ਜਾ ਰਹੇ ਝੂਠ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਕੀਤੀ ਹੈ ਤਾਂ ਜੋ ਇਸ ਝੂਠ ਦੀ ਫੈਕਟਰੀ ਦੇ ਅਸਲ ਮਾਲਕਾਂ ਦਾ ਪਤਾ ਲੱਗ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ ਵਿਧਾਨ ਸਭਾ ਸੈਸ਼ਨ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੀ ਇੱਕ ਕੋਸ਼ਿਸ਼ ਮਾਤਰ ਹੈ । ਉਹਨਾਂ ਨੇ ਕਿਹਾ ਕਿ ਜਾਂਚ ਦਾ ਵਿਸ਼ਾ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਕਿਹੜੇ ਡੈਮ ਤੋਂ ਕਿੰਨਾ ਪਾਣੀ ਛੱਡਿਆ ਗਿਆ, ਡੈਮਾਂ ਅਤੇ ਹੈਡਵਰਕਸ਼ਾਂ ਦੀ ਰਿਪੇਅਰ ਕਦੋਂ ਹੋਈ ਸੀ, ਹੈਡਵਰਕਸ ਦੀ ਸੁਰੱਖਿਆ ਜਾਂਚ ਲਈ ਕਿਹੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਇਸ ਮੌਕੇ ਝੂਠ ਦੇ ਸਹਾਰੇ ਕੇਂਦਰ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਵਾਲਿਆਂ ਦੀ ਜਾਂਚ ਕਰਨ ਲਈ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਤੱਥਾਂ ਨਾਲ ਆਪਣੀ ਗੱਲ ਰੱਖਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਹੜਾਂ ਨਾਲ ਸਭ ਤੋਂ ਵੱਧ ਤਬਾਹੀ ਰਾਵੀ ਦਰਿਆ ਨਾਲ ਹੋਈ ਹੈ ਜਿਸ ਵਿਚ ਰਣਜੀਤ ਸਾਗਰ ਡੈਮ ਰਾਹੀਂ ਪਾਣੀ ਆਉਂਦਾ ਹੈ । ਉਹਨਾਂ ਕਿਹਾ ਕਿ ਰਣਜੀਤ ਸਾਗਰ ਡੈਮ ਪੂਰੀ ਤਰ੍ਹਾ ਸੂਬਾ ਸਰਕਾਰ ਦੇ ਕੰਟਰੋਲ ਹੇਠ ਹੈ ਅਤੇ ਇਸ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਾਂ ਕੇਂਦਰ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ । ਉਹਨਾਂ ਆਖਿਆ ਕਿ 20 ਤੋਂ 26 ਅਗਸਤ ਤੱਕ ਰਾਵੀ ਨਦੀ ਦੇ ਕੈਚਮੈਂਟ ਏਰੀਆ ਵਿੱਚ ਭਾਰੀ ਬਾਰਿਸ਼ਾਂ ਦੀ ਚੇਤਾਵਨੀ ਹੋਣ ਦੇ ਬਾਵਜੂਦ ਡੈਮ ਤੋਂ ਬਹੁਤ ਘੱਟ ਪਾਣੀ ਰਿਲੀਜ਼ ਕੀਤਾ ਗਿਆ ਅਤੇ ਸਰਕਾਰੀ ਦਾਅਵੇ ਅਨੁਸਾਰ 27 ਅਗਸਤ ਨੂੰ 2.75 ਲੱਖ ਕਿਉਸਿਕ ਪਾਣੀ ਛੱਡਿਆ ਗਿਆ।ਉਹਨਾਂ ਨੇ ਇਸ ਮੌਕੇ ਚੀਫ ਇੰਜੀਨੀਅਰ ਦੇ ਦਾਅਵਿਆਂ ਦੀ ਇੱਕ ਵੀਡੀਓ ਵੀ ਮੀਡੀਆ ਨਾਲ ਸਾਂਝੀ ਕੀਤੀ ਜਿਸ ਵਿੱਚ ਉਹ 4.70 ਲੱਖ ਕਿਊਸਿਕ ਪਾਣੀ ਛੋਟੇ ਨਾਲਿਆਂ ਰਾਹੀਂ ਆਉਣ ਦੀ ਗੱਲ ਕਰਦੇ ਹਨ ਪਰ ਸ੍ਰੀ ਜਾਖੜ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਅਤੇ ਮਾਧੋਪੁਰ ਹੈਡਵਰਕਸ ਦੇ ਵਿਚਕਾਰ ਕੋਈ ਵੀ ਹੋਰ ਨਦੀ ਨਾਲਾ ਰਵੀ ਵਿੱਚ ਆ ਕੇ ਅਜਿਹਾ ਨਹੀਂ ਮਿਲਦਾ ਹੈ ਜਿੱਥੋਂ ਇਸ ਵਿੱਚ ਐਨਾ ਜਿਆਦਾ ਪਾਣੀ ਆ ਸਕਦਾ ਹੋਵੇ। ਉਨਾਂ ਕਿਹਾ ਕਿ ਅਸਲ ਵਿੱਚ ਇਹ ਸਾਰਾ ਪਾਣੀ ਪੰਜਾਬ ਸਰਕਾਰ ਦੇ ਕੰਟਰੋਲ ਹੇਠਲੇ ਰਣਜੀਤ ਸਾਗਰ ਡੈਮ ਤੋਂ ਹੀ ਛੱਡਿਆ ਗਿਆ ਸੀ।
ਉਹਨਾਂ ਨੇ ਕਿਹਾ ਕਿ ਮਾਧੋਪੁਰ ਹੈਡਵਰਕਸ ਤੇ ਪਾਣੀ ਪਹੁੰਚਣ ਤੋਂ ਪਹਿਲਾਂ ਉਥੇ ਸੂਚਨਾ ਦੇ ਕੇ ਗੇਟ ਕਿਉਂ ਨਹੀਂ ਖੁਲਵਾਏ ਗਏ। ਉਹਨਾਂ ਇਹ ਵੀ ਕਿਹਾ ਕਿ ਹੜਾਂ ਦੌਰਾਨ ਕੁੱਲ 45 ਥਾਵਾਂ ਤੇ ਧੁਸੀਂ ਬੰਨ ਟੁੱਟੇ ਜਿਨਾਂ ਵਿੱਚੋਂ 42 ਕੇਵਲ ਰਾਵੀ ਨਦੀ ਤੇ ਸਨ ਅਤੇ ਰਾਵੀ ਨਦੀ ਦੇ ਡੈਮ ਦਾ ਪੂਰਾ ਕੰਟਰੋਲ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ।
ਇੱਕ ਹੋਰ ਮੁੱਦਾ ਰੱਖਦਿਆਂ ਉਹਨਾਂ ਕਿਹਾ ਕਿ ਮਾਧੋਪੁਰ ਹੈਡਵਰਕਸ ਦੇ ਗੇਟਾਂ ਦੀ ਮਜਬੂਤੀ ਜਾਂਚਣ ਲਈ ਜਿਸ ਲੈਵਲ 9 ਨਾਂ ਦੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਉਸ ਨੂੰ ਹਾਈਡਰੋਲੋਜੀਕਲ ਸਾਇੰਸ ਦਾ ਕੋਈ ਅਨੁਭਵ ਨਹੀਂ ਅਤੇ ਇਹ ਕੰਪਨੀ ਤਾਂ ਸਮਾਜਿਕ ਵਿਗਿਆਨ ਵਿਸ਼ੇ ਤੇ ਖੋਜ ਕਾਰਜਾਂ ਨਾਲ ਜੁੜੀ ਹੋਈ ਸੀ। ਉਹਨਾਂ ਕਿਹਾ ਕਿ ਹੇਠਲੇ ਅਧਿਕਾਰੀਆਂ ਦੀ ਮੁਅੱਤਲੀ ਕਰਨ ਨਾਲ ਸਰਕਾਰ ਆਪਣੇ ਗੁਨਾਹਾਂ ਤੋਂ ਭੱਜ ਨਹੀਂ ਸਕਦੀ ਜਿਸ ਨੇ ਅਜਿਹੀ ਕੰਪਨੀ ਨੂੰ ਠੇਕਾ ਦਿੱਤਾ।
ਭਾਜਪਾ ਪ੍ਰਧਾਨ ਨੇ ਹੋਰ ਤੱਥ ਰੱਖਦਿਆਂ ਕਿਹਾ ਕਿ ਵਿਧਾਨ ਸਭਾ ਵਿੱਚ ਜਲ ਸਰੋਤ ਮੰਤਰੀ ਨੇ 203 ਕਰੋੜ ਰੁਪਏ ਅਲੋਟਮੈਂਟ ਕਰਨ ਦੀ ਗੱਲ ਆਖੀ ਸੀ ਤਾਂ ਜੋ ਬੰਨਾ ਦੀ ਮਜਬੂਤੀ ਕੀਤੀ ਜਾ ਸਕੇ ਪਰ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਸਰਕਾਰ ਨੇ ਸਿਰਫ 80 ਕਰੋੜ ਰੁਪਏ ਹੀ ਐਲੋਕੇਟ ਕੀਤੇ ਸਨ। ਉਹਨਾਂ ਨੇ ਸਵਾਲ ਕੀਤਾ ਕਿ ਸਰਕਾਰ ਇਹ ਸਪਸ਼ਟ ਕਰੇ ਕਿ 8 ਅਗਸਤ ਤੱਕ ਇਸ 80 ਕਰੋੜ ਦੇ ਕੰਮਾਂ ਵਿੱਚੋਂ ਕਿੰਨੇ ਕੰਮਾਂ ਲਈ ਵਰਕ ਆਰਡਰ ਜਾਰੀ ਹੋ ਚੁੱਕੇ ਸਨ ।
ਸੁਨੀਲ ਜਾਖੜ ਨੇ ਕਿਹਾ ਕਿ ਰਾਜ ਵਿੱਚ ਨਦੀਆਂ ਦੇ ਕਿਨਾਰਿਆਂ ਦੀ ਲੰਬਾਈ 1 ਹਜਾਰ ਕਿਲੋਮੀਟਰ ਅਤੇ 800 ਕਿਲੋਮੀਟਰ ਸੇਮ ਨਾਲੇ ਹਨ ਪਰ ਇਸ ਸਰਕਾਰ ਵੱਲੋਂ ਸਮੇਂ ਸਿਰ ਨਾ ਤਾਂ ਸੇਮ ਨਾਲ ਸਾਫ ਕੀਤੇ ਗਏ ਅਤੇ ਨਾ ਹੀ ਨਦੀਆਂ ਦੇ ਕਿਨਾਰੇ ਮਜਬੂਤ ਕੀਤੇ ਗਏ। ਉਹਨਾਂ ਇਹ ਵੀ ਕਿਹਾ ਕਿ ਸੇਮ ਵਾਲਿਆਂ ਦੀ ਸਫਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਕਿੰਨੂ ਦੇ ਬਾਗ ਬਰਬਾਦ ਹੋ ਗਏ ਹਨ ਜਦਕਿ ਲੁਧਿਆਣਾ ਵਿੱਚ ਸਸਰਾਲੀ ਵਿਖੇ ਨਦੀ ਵਿੱਚ ਆਏ ਬ੍ਰੀਚ ਲਈ ਵੀ ਨਜਾਇਜ਼ ਤੌਰ ਤੇ ਕਰਵਾਈ ਗਈ ਮਾਈਨਿੰਗ ਜਿੰਮੇਵਾਰ ਸੀ । ਉਹਨਾਂ ਨੇ ਕਿਹਾ ਕਿ ਸਿੰਚਾਈ ਵਿਭਾਗ ਵਿੱਚ 12 ਹਜਾਰ ਤੋਂ ਵੱਧ ਲੋਕਾਂ ਦੀ ਚਾਰਜ ਸ਼ੀਟ ਕੀਤੀ ਹੋਈ ਹੈ। ਅਜਿਹੇ ਮਾਹੌਲ ਵਿੱਚ ਸਰਕਾਰੀ ਕਰਮਚਾਰੀ ਕਿਵੇਂ ਕੰਮ ਕਰ ਸਕਦੇ ਹਨ ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਿਸੇ ਰਿਟਾਇਰਡ ਜੱਜ ਦੀ ਨਿਗਰਾਨੀ ਵਿੱਚ ਹੋਵੇ ਤਾਂ ਜੋ ਅਸਲ ਕਾਰਨ ਲੱਭੇ ਜਾ ਸਕਣ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੁੜ ਤੋਂ ਅਜਿਹਾ ਨਾ ਵਾਪਰੇ।