ਜੰਗਲ ਰਾਜ” ਬਣਿਆ ਪੰਜਾਬ: ਕੇਵਲ ਢਿੱਲੋਂ ਦਾ ਮਾਨ ਸਰਕਾਰ ‘ਤੇ ਤਿੱਖਾ ਹਮਲਾ

ਇੱਕ ਦਿਨ ਵਿੱਚ ਪੰਜ ਥਾਈਂ ਗੋਲੀਬਾਰੀ, ਭਾਜਪਾ ਨੇ ਘੇਰੀ ਸਰਕਾਰ

ਅਕਤੂਬਰ ‘ਚ 18 ਕਤਲ: ਢਿੱਲੋਂ ਨੇ ਪੁੱਛਿਆ, ਜ਼ਿੰਮੇਵਾਰੀ ਕੌਣ ਲਵੇਗਾ – ਮਾਨ ਜਾਂ ਕੇਜਰੀਵਾਲ?

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਲਈ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦਿਆਂ ਹਰ ਫਰੰਟ ਤੇ ਨਾਕਾਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਕੋਈ ਡਰ ਦੇ ਸਾਏ ਹੇਠ ਜੀਅ ਰਿਹਾ ਹੈ ਅਤੇ ਸੂਬੇ ਵਿੱਚ ਕਾਨੂੰਨ ਦਾ ਰਾਜ ਖ਼ਤਮ ਹੋ ਕੇ “ਜੰਗਲ ਰਾਜ” ਵਰਗੇ ਹਾਲਾਤ ਬਣ ਚੁੱਕੇ ਹਨ।

ਢਿੱਲੋਂ ਨੇ ਕਿਹਾ ਕਿ ਸਿਰਫ਼ ਇੱਕ ਦਿਨ ਵਿੱਚ ਪੰਜ ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ। ਮੋਗਾ ਵਿੱਚ ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋਏ। ਬਟਾਲਾ ਵਿੱਚ ਸ਼ਰਮਾ ਕਾਰ ਸ਼ਿੰਗਾਰ ਦੁਕਾਨ ‘ਤੇ ਦਿਨ-ਦਿਹਾੜੇ ਗੋਲੀਆਂ ਚਲਾਈਆਂ ਗਈਆਂ, ਜਿੱਥੇ ਦੁਕਾਨ ਮਾਲਕ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਮਹਿਤਾ ਚੌਂਕ ਵਿੱਚ ਇੱਕ ਜਿਮ ਦੇ ਬਾਹਰ ਫਾਇਰਿੰਗ ਹੋਈ। ਫਗਵਾੜਾ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਬਾਅਦ ਵਿੱਚ ਫਿਰੌਤੀ ਮੰਗੀ ਗਈ। ਪੰਜਵੀਂ ਘਟਨਾ ਅੰਮ੍ਰਿਤਸਰ ਵਿੱਚ ਵਾਪਰੀ, ਜਿੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਆਮ ਆਦਮੀ ਪਾਰਟੀ ਦੇ ਸਰਪੰਚ ਅਤੇ ਉਨ੍ਹਾਂ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਦਿਨ ਦੇ ਹਾਲਾਤ ਨਹੀਂ, ਸਗੋਂ ਹਰ ਰੋਜ਼ ਦੀ ਕਹਾਣੀ ਹੈ। ਇਕੱਲੇ ਅਕਤੂਬਰ ਮਹੀਨੇ ਵਿੱਚ ਹੁਣ ਤੱਕ 18 ਕਤਲ ਹੋ ਚੁੱਕੇ ਹਨ। ਵਪਾਰੀ ਫਿਰੌਤੀਆਂ ਦੇ ਸ਼ਿਕਾਰ ਹਨ, ਨੌਜਵਾਨ ਸ਼ਰੇਆਮ ਮਾਰੇ ਜਾ ਰਹੇ ਹਨ, ਅਤੇ ਸੱਤਾਧਾਰੀ ਪਾਰਟੀ ਦੇ ਆਪਣੇ ਸਰਪੰਚ ਵੀ ਸੁਰੱਖਿਅਤ ਨਹੀਂ। ਪੁਲਿਸ ਵੀ ਮਹਿਫ਼ੂਜ਼ ਨਹੀਂ: ਛੇ ਪੁਲਿਸ ਮੁਲਾਜ਼ਮਾਂ ਦੀ ਜਾਨ ਜਾ ਚੁੱਕੀ ਹੈ ਅਤੇ ਥਾਣਿਆਂ ‘ਤੇ ਹਮਲੇ ਹੋ ਰਹੇ ਹਨ। ਜਦੋਂ ਕਾਨੂੰਨ ਦੇ ਰਖਵਾਲੇ ਹੀ ਸੁਰੱਖਿਅਤ ਨਹੀਂ, ਤਾਂ ਆਮ ਨਾਗਰਿਕ ਕਿਸ ਦੇ ਭਰੋਸੇ ਰਹੇ?

ਢਿੱਲੋਂ ਨੇ ਸਵਾਲ ਕੀਤਾ, “ਇਸ ਸਭ ਦੀ ਜ਼ਿੰਮੇਵਾਰੀ ਕੌਣ ਲਵੇਗਾ, ਮੁੱਖ ਮੰਤਰੀ ਭਗਵੰਤ ਮਾਨ ਜਾਂ ‘ਸੁਪਰ ਸੀਐਮ’ ਅਰਵਿੰਦ ਕੇਜਰੀਵਾਲ?” ਉਨ੍ਹਾਂ ਕਿਹਾ ਕਿ ਕੌਮੀ ਸ਼ਹੀਦ ਪਰਮਿੰਦਰ ਸਿੰਘ ਝੋਟਾ ਦੇ ਕਤਲ ਵਾਲੇ ਦਿਨ ਤੋਂ ਕੇਜਰੀਵਾਲ ਪੰਜਾਬ ਦੇ ਮੰਚ ਤੋਂ ਗ਼ਾਇਬ ਹਨ, ਜਦਕਿ ਪੰਜਾਬ ਦੇ ਫ਼ੈਸਲੇ ਸਭ ਕੇਜਰੀਵਾਲ ਲ਼ੈ ਰਹੇ ਹਨ‌।

ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਸਰਕਾਰ ਹਰ ਮੋਰਚੇ ‘ਤੇ ਨਾਕਾਮ ਸਾਬਤ ਹੋਈ ਹੈ। ਪੰਜਾਬ ਨੂੰ ਝੂਠੇ ਬਿਆਨਾਂ ਅਤੇ ਇਸ਼ਤਿਹਾਰਬਾਜ਼ੀ ਦੀ ਨਹੀਂ, ਜਵਾਬਦੇਹੀ ਦੀ ਲੋੜ ਹੈ। ਭਾਜਪਾ ਪ੍ਰਧਾਨ ਪ੍ਰਧਾਨ ਨੇ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਸਵੀਕਾਰ ਕਰੇ ਅਤੇ ਅਸਤੀਫ਼ਾ ਦੇਵੇ।

ਢਿੱਲੋਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਇਸ ਸਰਕਾਰ ਤੋਂ ਖਹਿੜਾ ਛੁਡਾਉਣ ਦਾ। ਪੰਜਾਬ ਦੇ ਲੋਕ ਇਸ ਨਾਕਾਮ ਸਰਕਾਰ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ।