ਰਾਮਗੜ੍ਹ ਭੂੰਦੜ ਸੜਕ ਘੁਟਾਲਾ: ਸੱਚ ਦਬਾਉਣ ਲਈ CCTV ਪੁੱਟੇ, ਬੱਚਿਆਂ ਤੋਂ ਮੋਬਾਈਲ ਖੋਏ ਔਰਤਾਂ ਨਾਲ ਬਦਤਮੀਜ਼ੀ ਕੀਤੀ – ਮਜੀਠੀਆ
ਹਰਭਜਨ ਈਟੀਓ ਜਵਾਬ ਦਿਓ: ਜੇਕਰ ਸੜਕ ਠੀਕ ਸੀ ਤਾਂ ਘਰ ਵਿੱਚੋ DVR ਕਿਉਂ ਪੁੱਟਿਆ,ਪਿੰਡ ਵਾਲਿਆ ਨੂੰ ਪੁਲੀਸ ਨੇ ਕਿਉਂ ਘੇਰਾ ਪਾਇਆ? ਮਜੀਠੀਆ ਦਾ ਸਵਾਲ”
ਇਹ ਦਿੱਲੀ ਨਹੀਂ, ਇਹ ਪੰਜਾਬ ਹੈ – ਇੱਥੇ ਪੁਲਿਸ ਦੇ ਜ਼ੋਰ ਨਾਲ ਸੱਚ ਨਹੀਂ ਦੱਬਦਾ” ਬਿਕਰਮ ਮਜੀਠੀਆ
ਹਰਭਜਨ ਈਟੀਓ ਝੂਠ ਬੋਲਣ ਲਈ ਸਾਰੇ ਪੰਜਾਬੀਆਂ ਤੋ ਹੱਥ ਜੋੜ ਮਾਫੀ ਮੰਗੋ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਹਲਕਾ ਮੌੜ ਦੇ ਪਿੰਡ ਰਾਮਗੜ੍ਹ ਭੂੰਦੜ ‘ਚ ਵਾਪਰੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਸਰਕਾਰ ਅਤੇ PWD ਮੰਤਰੀ ਹਰਭਜਨ ਸਿੰਘ ਈਟੀਓ ਨੇ ਲੋਕਤੰਤਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਗੁਰੂ ਦੋਖੀ ਮਾਨ ਸਰਕਾਰ ਸੜਕ ਘੁਟਾਲੇ ਨੂੰ ਛੁਪਾਉਣ ਲਈ ਹੁਣ ਪੁਲਿਸ ਦੀ ਬੰਦੂਕ ਦੇ ਸਹਾਰੇ ਸੱਚ ਨੂੰ ਦਬਾਉਣਾ ਚਾਹੁੰਦੀ ਹੈ। ਲੋਕਾਂ ਨੂੰ ਦੱਬਣਾ ਚਾਹੁੰਦੀ ਹੈ।
ਸ. ਮਜੀਠੀਆ ਨੇ ਕਿਹਾ ਕਿ ਕੋਟ ਭਾਰੇ ਤੋਂ ਰਾਮਗੜ੍ਹ ਭੂੰਦੜ ਤੱਕ ਬਣੀ ਨਵੀਂ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੈ। ਕੁੱਝ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਦਿਖਾਇਆ ਸੀ ਕਿ ਇਸ ਸੜਕ ‘ਤੇ ਮਿੱਟੀ ਅਤੇ ਬਜਰੀ ਪਾ ਕੇ ਲਿਪਾਈ ਕਰ ਦਿੱਤੀ ਗਈ ਹੈ ਅਤੇ ਜੇਕਰ ਥੋੜਾ ਮੀਂਹ ਪਿਆ ਤਾਂ ਨਾਲ ਹੀ ਸੜਕ ਟੁੱਟ ਕੇ ਬਹਿ ਜਾਏਗੀ। ਪਿੰਡ ਵਾਲੇ ਲੰਬੇ ਸਮੇਂ ਤੋਂ ਇਸ ਸੜਕ ਦੀ ਮਾੜੀ ਗੁਣਵੱਤਾ ਅਤੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਰ ਰਹੇ ਸਨ। ਲੇਕਿਨ ਅੱਜ ਤੁਸੀਂ ਹੱਦਾਂ ਪਾਰ ਕਰਕੇ ਪੁਲਿਸ ਦਾ ਸਹਾਰਾ ਲੈ ਕੇ ਪਿੰਡ ਵਾਲਿਆਂ ਦੀ ਆਵਾਜ਼ ਨੂੰ ਦੱਬਣ ਦਾ ਯਤਨ ਕੀਤਾ ਹੈ ਲੇਕਿਨ ਇਹ ਪੰਜਾਬ ਦੇ ਬਹਾਦਰ ਸੂਰਵੀਰ ਲੋਕ ਹਨ ਪਿਆਰ ਨਾਲ ਤਾਂ ਮੰਨ ਜਾਂਦੇ ਨੇ ਲੇਕਿਨ ਧੱਕੇ ਦੇ ਨਾਲ ਕੋਈ ਇਹਨਾਂ ਨੂੰ ਦਬਾ ਨਹੀਂ ਸਕਦਾ।
ਬਿਕਰਮ ਮਜੀਠੀਆ ਨੇ ਕਿਹਾ ਕਿ ਅੱਜ ਜਦੋਂ PWD ਮੰਤਰੀ ਹਰਭਜਨ ਸਿੰਘ ਈਟੀਓ ਇਸੇ ਸੜਕ ਦਾ ਮੁਆਇਨਾ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਅਫਸਰਾਂ ਦੇ ਇਸ਼ਾਰੇ ‘ਤੇ ਸਿਰਫ ਉਹ ਹੀ ਹਿੱਸਾ ਚੈੱਕ ਕੀਤਾ ਜਿੱਥੇ ਨਵਾਂ ਅਤੇ ਵਧੀਆ ਮਟੀਰੀਅਲ ਪਾਇਆ ਗਿਆ ਸੀ। ਜਿੱਥੇ ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਸੀ ਅਤੇ ਘਟੀਆ ਸਮੱਗਰੀ ਵਰਤੀ ਗਈ ਸੀ ਉੱਥੇ ਮੰਤਰੀ ਸਾਹਿਬ ਗਏ ਹੀ ਨਹੀਂ। ਪਿੰਡ ਵਾਲੇ ਉਨ੍ਹਾਂ ਨੂੰ ਅਸਲੀ ਜਗ੍ਹਾ ਦਿਖਾਉਣ ਲਈ ਘੰਟਿਆਂ ਬੱਧੀ ਉਡੀਕਦੇ ਰਹੇ ਪਰ ਉਨ੍ਹਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ। ਮੰਤਰੀ ਨੇ ਫੋਟੋਬਾਜ਼ੀ ਕਰਵਾ ਕੇ ਆਪਣੇ ਆਪ ਨੂੰ ਅਤੇ ਆਪਣੇ ਮਹਿਕਮੇ ਨੂੰ ਸੱਚਾ ਸੁੱਚਾ ਦਿਖਾ ਦਿੱਤਾ ਅਤੇ ਆਮ ਲੋਕਾਂ ਨੂੰ ਝੂਠਾ ਕਰਾਰ ਦੇ ਦਿੱਤਾ। ਲੇਕਿਨ ਪਿੰਡ ਵਾਲਿਆਂ ਨੇ ਉਸੇ ਸਮੇਂ ਜਿਸ ਸਮੇਂ ਮੰਤਰੀ ਸੜਕ ਤੇ ਮੌਜੂਦ ਸਨ ਸੜਕ ਦੀ ਅਸਲ ਸਥਿਤੀ ਦਿਖਾ ਕੇ ਪੰਜਾਬੀਆਂ ਨੂੰ ਸੂਚਿਤ ਕਰ ਦਿੱਤਾ ਕਿ ਮੰਤਰੀ ਸਿਰਫ ਖਾਨਾ ਪੂਰਤੀ ਕਰਨ ਲਈ ਹੀ ਸੜਕ ਦਾ ਗੇੜਾ ਮਾਰਨ ਆਇਆ ਹੈ।
ਸ. ਮਜੀਠੀਆ ਨੇ ਦੋਸ਼ ਲਾਇਆ ਕਿ ਜਦੋਂ ਸੱਚ ਸਾਹਮਣੇ ਆਇਆ ਤਾਂ ਸਰਕਾਰ ਨੇ ਦਮਨ ਦਾ ਰਸਤਾ ਅਪਣਾਇਆ। ਵੀਡੀਓ ਬਣਾਉਣ ਵਾਲੇ ਰਾਮਗੜ੍ਹ ਭੂੰਦੜ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਦੇ ਘਰ ਪੁਲਿਸ ਨੇ ਛਾਪੇਮਾਰੀ ਕੀਤੀ। ਘਰ ਨੂੰ ਸੀਲ ਕਰ ਦਿੱਤਾ ਗਿਆ। ਘਰਾਂ ਦੇ ਅੰਦਰੋਂ CCTV ਕੈਮਰੇ ਪੁੱਟ ਲਏ ਗਏ ਅਤੇ DVR ਆਪਣੇ ਨਾਲ ਲੈ ਗਏ। ਬੱਚਿਆਂ ਤੋਂ ਜਬਰਨ ਮੋਬਾਈਲ ਖੋਹੇ ਗਏ। ਔਰਤਾਂ ਨਾਲ ਧੱਕਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਬਾਹਾਂ ਮਰੋੜੀਆਂ ਗਈਆਂ। ਇਹ ਸਭ ਕੁਝ ਸਿਰਫ ਇਸ ਲਈ ਕੀਤਾ ਗਿਆ ਕਿਉਂਕਿ ਇਨ੍ਹਾਂ ਲੋਕਾਂ ਨੇ ਸੜਕ ਦੀ ਅਸਲੀਅਤ ਦੁਨੀਆ ਸਾਹਮਣੇ ਲਿਆਉਣ ਦੀ ਹਿੰਮਤ ਕੀਤੀ।
ਸ. ਮਜੀਠੀਆ ਨੇ PWD ਮੰਤਰੀ ਹਰਭਜਨ ਸਿੰਘ ਈਟੀਓ ਤੋਂ ਸਿੱਧੇ ਸਵਾਲ ਕੀਤੇ। ਉਨ੍ਹਾਂ ਪੁੱਛਿਆ ਕਿ ਹਰਭਜਨ ਜੀ ਜੇਕਰ ਸੜਕ ਇੰਨੀ ਹੀ ਵਧੀਆ ਬਣੀ ਸੀ ਤਾਂ ਤੁਸੀਂ ਖਰਾਬ ਵਾਲੀ ਥਾਂ ਦਾ ਮੁਆਇਨਾ ਕਿਉਂ ਨਹੀਂ ਕੀਤਾ? ਜੇਕਰ ਤੁਸੀਂ ਦੋਸ਼ੀ ਨਹੀਂ ਹੋ ਤਾਂ ਤੁਹਾਨੂੰ ਸਰਪੰਚ ਦੇ ਘਰ ਪੁਲਿਸ ਭੇਜਣ ਦੀ ਕੀ ਲੋੜ ਸੀ? CCTV ਅਤੇ DVR ਪੁੱਟਣ ਦੀ ਕੀ ਲੋੜ ਸੀ? ਬੱਚਿਆਂ ਤੋਂ ਮੋਬਾਈਲ ਖੋਹਣ ਦੀ ਕੀ ਲੋੜ ਸੀ?ਔਰਤਾਂ ਨਾਲ ਬਦਤਮੀਜ਼ੀ ਕਰਨ ਦੀ ਕੀ ਜਰੂਰਤ ਸੀ ? ਕੀ ਹੁਣ ਪੰਜਾਬ ‘ਚ ਸੱਚ ਬੋਲਣਾ ਗੁਨਾਹ ਬਣ ਗਿਆ ਹੈ? ਕੀ ਲੋਕਾਂ ਦੇ ਹੱਕ ‘ਚ ਆਵਾਜ਼ ਉਠਾਉਣਾ ਜੁਰਮ ਹੈ?
ਸ. ਮਜੀਠੀਆ ਨੇ ਕਿਹਾ ਕਿ ਸਾਫ਼ ਜ਼ਾਹਰ ਹੈ ਕਿ ਗੁਰੂ ਦੋਖੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ ਹਰਭਜਨ ਈਟੀਓ ਨੂੰ ਪੰਜਾਬੀਆਂ ਦੇ ਸਵਾਲਾਂ ਤੋਂ ਡਰ ਲੱਗ ਗਿਆ ਹੈ। ਇਨ੍ਹਾਂ ਨੂੰ ਇਸ ਕਦਰ ਡਰ ਹੈ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਕਿਤੇ ਕੱਲ੍ਹ ਨੂੰ ਪੰਜਾਬੀ ਸੜਕਾਂ, ਬਿਜਲੀ ਅਤੇ ਭ੍ਰਿਸ਼ਟਾਚਾਰ ‘ਤੇ ਸਵਾਲ ਨਾ ਕਰ ਦੇਣ। ਇਸੇ ਡਰ ਕਰਕੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ।
ਅੰਤ ‘ਚ ਸ. ਮਜੀਠੀਆ ਨੇ ਕਿਹਾ ਕਿ @harbhajan_eto ਜੀ ਤੁਸੀਂ ਸਿਰਫ ਪ੍ਰੈਸ ਕਾਨਫਰੰਸਾਂ ‘ਚ ਵਿਰੋਧੀਆਂ ਨੂੰ ਭੰਡਣਾ ਜਾਣਦੇ ਹੋ। ਗਰਾਊਂਡ ਦੀ ਹਕੀਕਤ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ। ਪੁਲਿਸ ਦੇ ਜ਼ੋਰ ਨਾਲ ਤੁਸੀਂ ਕਿੰਨੀ ਦੇਰ ਸੱਚ ਦਬਾਓਗੇ? ਇਹ ਦਿੱਲੀ ਨਹੀਂ, ਇਹ ਪੰਜਾਬ ਹੈ। ਇੱਥੇ 21 ਦਾ 51 ਕਰਨ ਵਾਲੇ ਲੋਕ ਬੈਠੇ ਹਨ। ਉਹਨਾਂ ਮੰਗ ਕੀਤੀ ਕਿ ਹਰਭਜਨ ਸਿੰਘ ਈਟੀਓ ਤੁਰੰਤ ਪੰਜਾਬੀਆਂ ਤੋਂ ਜਨਤਕ ਮਾਫੀ ਮੰਗਣ ਅਤੇ ਰਾਮਗੜ੍ਹ ਭੂੰਦੜ ਸੜਕ ਦੀ CBI ਜਾਂਚ ਕਰਵਾਉਣ। ਹੁਣ ਤਿਆਰੀ ਕਰ ਲਓ ਕਿਉਂਕਿ ਹਰ ਰੋਜ਼ ਪੰਜਾਬ ਦੇ ਲੋਕ ਤੁਹਾਡੇ ਕਾਰਨਾਮਿਆਂ ‘ਤੇ ਸਵਾਲ ਪੁੱਛਣਗੇ।
