ਨਸ਼ਿਆਂ ਕਾਰਨ ਪੰਜਾਬ ਦੇ ਵਿਗੜੇ ਹਾਲਾਤ ਲਈ ਮਾਨ ਪੂਰੀ ਤਰ੍ਹਾਂ ਜ਼ਿੰਮੇਵਾਰ: ਕਪਿਲ ਮਿਸ਼ਰਾ
ਕੇਜਰੀਵਾਲ ਅਤੇ ਉਸ ਦੀ ਟੋਲੀ ਨੇ ਪਹਿਲਾਂ ਦਿੱਲੀ ਨੂੰ ਲੁੱਟਿਆ ਤੇ ਹੁਣ ਪੰਜਾਬ ਨੂੰ ਲੁੱਟ ਰਹੇ ਹਨ: ਕਪਿਲ ਮਿਸ਼ਰਾ
ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਉਣ ਵਾਲੇ ਭਗਵੰਤ ਮਾਨ ਖੁਦ ਨਸ਼ੇੜੀ ਹਨ। ਉਹ ਨਸ਼ਾ ਕੀ ਖ਼ਤਮ ਕਰਨਗੇ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ, ‘ਆਫਟਰ 8 ਪੀਐੱਮ, ਨੋ ਸੀਐੱਮ’। ਸੂਬੇ ਦੇ ਅੱਜ ਜੋ ਹਾਲਾਤ ਹਨ, ਉਨ੍ਹਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹਨ। ਇਹ ਗੱਲਾਂ ਸ਼ੁੱਕਰਵਾਰ ਨੂੰ ਦਿੱਲੀ ਦੇ ਕੈਬਨਿਟ ਮੰਤਰੀ ਕਪਿਲ ਮਿਸ਼ਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਦੇ ਧੂਰੀ ਵਿੱਚ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀਆਂ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਅਤੇ ਇਸ ਨੂੰ ਖ਼ਤਮ ਕਰਨ ਦੀ ਸਹੁੰ ਵੀ ਚੁਕਾਈ।
ਇਸ ਮੌਕੇ ਪ੍ਰਦੀਪ ਗਰਗ, ਸਤਵੰਤ ਸਿੰਘ, ਅਮਰਜੀਤ ਰਾਜ, ਅਮਨਦੀਪ ਸਿੰਘ ਚੱਠਾ, ਮੰਗਤ ਰਾਏ ਬਾਂਸਲ, ਖੁਸ਼ਵੰਤ ਗੀਗਾ, ਨਰਿੰਦਰ ਮਿੱਤਲ, ਸਰਜੀਵਨ ਸਮੇਤ ਕਈ ਪਾਰਟੀ ਆਗੂ ਅਤੇ ਅਹੁਦੇਦਾਰ ਮੌਜੂਦ ਸਨ।
ਮਿਸ਼ਰਾ ਨੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਪੂਰੀ ਟੋਲੀ ਦੇ ਸਿਰ ’ਤੇ ਸੱਤਾ ਦਾ ਨਸ਼ਾ ਚੜ੍ਹਿਆ ਹੋਇਆ ਹੈ। ਅਰਵਿੰਦ ਕੇਜਰੀਵਾਲ ਐਂਡ ਕੰਪਨੀ ਨੂੰ ਜਦੋਂ ਦਿੱਲੀ ਦੀ ਜਨਤਾ ਨੇ ਹਰਾ ਦਿੱਤਾ ਤਾਂ ਇਹ ਭੱਜ ਕੇ ਪੰਜਾਬ ਆ ਗਏ। ਇਨ੍ਹਾਂ ਨੇ ਪਹਿਲਾਂ ਦਿੱਲੀ ਨੂੰ ਲੁੱਟਿਆ ਅਤੇ ਹੁਣ ਪੰਜਾਬ ਨੂੰ ਲੁੱਟ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਹਨ।
ਭਗਵੰਤ ਮਾਨ ਸਰਕਾਰ ਹੈ ਗੁਲਜ਼ਾਰ ਸਿੰਘ ਦੀ ਕਾਤਲ
ਮਿਸ਼ਰਾ ਨੇ ਕਿਹਾ ਕਿ ਪੰਜਾਬ ਵਿੱਚ ਮੌਤ ਦੇ ਸੌਦਾਗਰਾਂ ਨੂੰ ਫੜਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਪਰੇਸ਼ਾਨ ਕਰਦੀ ਹੈ। ਇਸ ਦੀ ਉਦਾਹਰਨ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲਾ ਹੈ। ਉਨ੍ਹਾਂ ਕਿਹਾ ਕਿ ਗੁਲਜ਼ਾਰ ਨੇ ਖ਼ੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਨੂੰ ਭਗਵੰਤ ਮਾਨ ਸਰਕਾਰ ਨੇ ਮਾਰਿਆ ਹੈ। ਭਗਵੰਤ ਮਾਨ ਸਰਕਾਰ ਕਾਤਲ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ। ਉਨ੍ਹਾਂ ਨੂੰ ਸਮਝ ਆ ਚੁੱਕੀ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸਰਕਾਰ ਜਾ ਰਹੀ ਹੈ ਅਤੇ ਭਾਜਪਾ ਲੋਕਾਂ ਨੂੰ ਉਨ੍ਹਾਂ ਦੇ ਦੁੱਖਾਂ ਤੋਂ ਮੁਕਤ ਕਰਵਾਉਣ ਆ ਰਹੀ ਹੈ।
ਨਸ਼ਿਆਂ ਖ਼ਿਲਾਫ਼ ਇਹ ਫੈਸਲਾਕੁੰਨ ਲੜਾਈ ਸ਼ੁਰੂ: ਚਰਨਜੀਤ ਬਰਾੜ
ਇਸ ਦੌਰਾਨ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਚਰਨਜੀਤ ਬਰਾੜ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਹ ਫੈਸਲਾਕੁੰਨ ਲੜਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਪੱਸ਼ਟ ਸੰਦੇਸ਼ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਨੈੱਟਵਰਕ ਨੂੰ ਦੋ ਸਾਲਾਂ ਵਿੱਚ ਕਿਸੇ ਵੀ ਕੀਮਤ ’ਤੇ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਇਸ ਮੌਕੇ ਉਨ੍ਹਾਂ ਨੇ 9714902027 ਨੰਬਰ ਜਾਰੀ ਕਰਦਿਆਂ ਲੋਕਾਂ ਨੂੰ ਇਸ ’ਤੇ ਮਿਸਡ ਕਾਲ ਕਰਨ ਦੀ ਅਪੀਲ ਕੀਤੀ।
ਯਾਤਰਾ ਨੂੰ ਜਨਤਾ ਤੋਂ ਮਿਲ ਰਿਹਾ ਭਰਪੂਰ ਪਿਆਰ: ਦਿਆਲ ਸਿੰਘ ਸੋਢੀ
ਦਿਆਲ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਯਾਤਰਾ ਨੂੰ ਭਰਪੂਰ ਪਿਆਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਨੂੰ ਮਿਟਾਉਣ ਲਈ ਤਾਰੀਖ ’ਤੇ ਤਾਰੀਖ ਦਿੱਤੀ, ਪਰ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਰਕਾਰ ਦੀ ਇਹ ਜੰਗ ਵੀ ਜਨਤਾ ਦੀਆਂ ਅੱਖਾਂ ਵਿੱਚ ਧੂੜ ਪਾਉਣ ਦੀ ਕੋਸ਼ਿਸ਼ ਹੈ। ਯਾਤਰਾ ਨੂੰ ਜਨਤਾ ਦਾ ਸਮਰਥਨ ਮਿਲਦਾ ਦੇਖ ਆਮ ਆਦਮੀ ਪਾਰਟੀ ਦੀ ਸਰਕਾਰ ਬੌਖਲਾ ਗਈ ਹੈ।
ਅੱਠ ਤੋਂ ਦਸ ਸਾਲ ਦੇ ਬੱਚੇ ਵੀ ਨਸ਼ਿਆਂ ਦੀ ਲਪੇਟ ਵਿੱਚ: ਗਿਆਨ ਮਾਨ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਨੇ ਕਿਹਾ ਕਿ ਹਾਲਾਤ ਹੁਣ ਬਦਤਰ ਹੁੰਦੇ ਜਾ ਰਹੇ ਹਨ। ਹੁਣ ਸਿਰਫ਼ ਨੌਜਵਾਨ ਹੀ ਨਹੀਂ, ਸਗੋਂ ਅੱਠ ਤੋਂ ਦਸ ਸਾਲ ਤੱਕ ਦੇ ਛੋਟੇ ਬੱਚੇ ਵੀ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ।
ਮਾਨ ਸੰਗਰੂਰ ਤੋਂ ਤਾਂ ਨਸ਼ਾ ਮਿਟਾ ਨਹੀਂ ਸਕੇ, ਸੂਬੇ ਤੋਂ ਕੀ ਮਿਟਾਉਣਗੇ: ਪ੍ਰੋ. ਓਂਕਾਰ ਸਿੰਘ ਸਿੱਧੂ
ਸਥਾਨਕ ਭਾਜਪਾ ਆਗੂ ਪ੍ਰੋ. ਓਂਕਾਰ ਸਿੰਘ ਸਿੱਧੂ ਨੇ ਕਿਹਾ ਕਿ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੈ ਅਤੇ ਇੱਥੇ ਹਰ ਪਿੰਡ ਵਿੱਚ ਆਏ ਦਿਨ ਨਸ਼ੇ ਕਾਰਨ ਕਿਸੇ ਨਾ ਕਿਸੇ ਦੀ ਮੌਤ ਹੋ ਰਹੀ ਹੈ। ਜੇਕਰ ਮਾਨ ਆਪਣੇ ਹਲਕੇ ਵਿੱਚੋਂ ਹੀ ਨਸ਼ਾ ਖ਼ਤਮ ਨਹੀਂ ਕਰ ਸਕੇ ਤਾਂ ਪੂਰੇ ਪੰਜਾਬ ਵਿੱਚੋਂ ਕੀ ਖ਼ਤਮ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਆਪਣੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਚਿੱਟਾ ਸਾਡੇ ਜਵਾਨ ਬੱਚਿਆਂ ਨੂੰ ਮਾਰ ਰਿਹਾ ਹੈ। ਅਸੀਂ ਅੱਤਵਾਦ ਦੇ ਦੌਰ ਦਾ ਦਰਦ ਸਹਿ ਚੁੱਕੇ ਹਾਂ। ਸਾਡੀਆਂ ਕਈ ਪੀੜ੍ਹੀਆਂ ਨੂੰ ਅੱਤਵਾਦ ਨੇ ਬਰਬਾਦ ਕੀਤਾ ਅਤੇ ਹੁਣ ਸਾਡੀ ਜਵਾਨ ਪੀੜ੍ਹੀ ਨਸ਼ਿਆਂ ਕਾਰਨ ਮਾਰੀ ਜਾ ਰਹੀ ਹੈ।


