ਮੀਤ ਹੇਅਰ ਨੇ ਅੱਜ ਸਦਨ ਵਿੱਚ ਰੇਲ ਸਬੰਧੀ ਆਏ ਇੱਕ ਬਿੱਲ ਉੱਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਰੇਲ ਸਭ ਤੋਂ ਸਸਤਾ, ਸੌਖਾ ਤੇ ਵਧੀਆ ਆਵਾਜਾਈ ਦਾ ਸਾਧਨ ਹੈ ਜਿਸ ਨਾਲ ਸਭ ਤੋਂ ਵੱਧ ਆਮ ਆਦਮੀ ਨੂੰ ਫ਼ਾਇਦਾ ਹੁੰਦਾ ਹੈ।
ਆਜ਼ਾਦੀ ਦੇ 77 ਸਾਲ ਬਾਅਦ ਵੀ ਮਾਲਵਾ ਖਿੱਤੇ ਦੇ ਲੋਕ ਆਪਣੀ ਰਾਜਧਾਨੀ ਨਾਲ ਸਿੱਧਾ ਰੇਲ ਨਾਲ ਨਹੀਂ ਜੁੜੇ ਜਿਸ ਲਈ ਸਿਰਫ ਰਾਜਪੁਰਾ ਤੇ ਚੰਡੀਗੜ੍ਹ ਨੂੰ ਜੋੜਨਾ ਹੈ।
ਕੇਂਦਰ ਸਰਕਾਰ ਜ਼ਮੀਨ ਐਕਵਾਇਰ ਦੀ ਮੰਗ ਦਾ ਹਵਾਲਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਬਣਾਉਣ ਲਈ ਜ਼ਮੀਨ ਐਕਵਾਇਰ ਹੋ ਸਕਦੀ ਹੈ ਤਾਂ ਸਰਕਾਰੀ ਰੇਲ ਸੇਵਾ ਲਈ ਕਿਉਂ ਨਹੀਂ।
ਲੋਕ ਸਭਾ ਮੈਂਬਰ ਮੀਤ ਹੇਅਰ ਨੇ ਇਕ ਹੋਰ ਅਹਿਮ ਮੁੱਦਾ ਚੁੱਕਦਿਆਂ ਕਿਹਾ ਕਿ ਕੋਵਿਡ ਸਮੇਂ ਵਿੱਚ ਸੀਨੀਅਰ ਸਿਟੀਜਨ ਤੇ ਖਿਡਾਰੀਆਂ ਨੂੰ ਮਿਲਦੀ ਰਿਆਇਤ ਬੰਦ ਕਰ ਦਿੱਤੀ ਸੀ। ਇਸ ਨੂੰ ਮੁੜ ਸ਼ੁਰੂ ਕੀਤਾ ਜਾਵੇ ਅਤੇ ਇਸ ਦੇ ਦਾਇਰੇ ਵਿੱਚ ਵਿਦਿਆਰਥੀ ਵੀ ਲਿਆਂਦੇ ਜਾਣ।
ਮੀਤ ਹੇਅਰ ਨੇ ਇਹ ਵੀ ਆਖਿਆ ਕਿ ਬਰਨਾਲਾ-ਸੰਗਰੂਰ ਇਲਾਕੇ ਵਿੱਚ ਕੋਈ ਵੀ ਹਾਈ ਸਪੀਡ ਰੇਲ ਨਹੀਂ ਗੁਜ਼ਰਦੀ ਜਿਸ ਲਈ ਇਹ ਮੰਗ ਜਲਦ ਪੂਰੀ ਕੀਤੀ ਜਾਵੇ।


