ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਸੰਤ ਕਬੀਰ ਕੁਟੀਰ’ ਵਿਖੇ ਕਈ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਾਹਿਬ ਨੇ ‘ਨਕਲੀ ਪੱਗ’ ਵਾਲੀ ਜੋ ਗੱਲ ਕਹੀ ਹੈ, ਉਹ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਹੈ।
ਮਾਨ ਸਾਹਿਬ, ਸਾਡੇ ਲਈ ਪੱਗ ਗੁਰੂ ਸਾਹਿਬਾਨ ਦੇ ਸਤਿਕਾਰ ਦਾ ਪ੍ਰਤੀਕ ਹੈ। ਸਾਡੇ ਲਈ ਇਹ ਸ਼ਰਧਾ, ਵਿਸ਼ਵਾਸ ਅਤੇ ਆਦਰ ਦਾ ਵਿਸ਼ਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੱਗ ਸਾਡੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਹੋਈ ਪਰੰਪਰਾ ਹੈ। ਸਾਡੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਸਿੱਖਿਆ ‘ਤੇ ਚੱਲਦਿਆਂ ਹੀ ਅਸੀਂ ਆਪਣੀ ਸਰਕਾਰ ਚਲਾ ਰਹੇ ਹਾਂ।
ਜੇਕਰ ਭਗਵੰਤ ਮਾਨ ਇਸ ਪੱਗ ਨੂੰ ਨਕਲੀ ਦੱਸ ਰਹੇ ਹਨ ਤਾਂ ਭਗਵੰਤ ਮਾਨ ਉਸ ਸਥਾਨ ‘ਤੇ ਜਾ ਕੇ ਮੁਆਫ਼ੀ ਮੰਗਣ, ਜਿੱਥੇ ਸਾਡੇ ਗੁਰੂ ਸਾਹਿਬਾਨ ਨੇ ਇਹ ਦਸਤਾਰ ਸਜਾਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਮਾਨ ਸਾਹਿਬ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣ। ਉਨ੍ਹਾਂ ਨੇ ਪੰਜਾਬ ਦੀ ਜਨਤਾ ਦਾ ਅਪਮਾਨ ਕੀਤਾ ਹੈ। ਉਹ ਗੁਰੂ ਸਾਹਿਬਾਨ ਅਤੇ ਪੰਜਾਬ ਦੀ ਜਨਤਾ ਤੋਂ ਮੁਆਫ਼ੀ ਮੰਗਣ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਦੀ ਬਦੌਲਤ ਹੀ ਅੱਜ ਅਸੀਂ ਇੱਥੇ ਬੈਠੇ ਹਾਂ।
ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।