ਲੋਕ ਧੁਨਾਂ ਅਤੇ ਲੋਕ ਨ੍ਰਿਤਾਂ ਦੀ ਸੁਰਧਾਰਾ ਨੇ ਦਿਲ ਜਿੱਤੇ

ਭਾਰਤ ਦੀ ਸੱਭਿਆਚਾਰਕ ਅਤੇ ਕਲਾਤਮਕ ਵਿਰਾਸਤ ਦਾ ਜਸ਼ਨ; 400 ਤੋਂ ਵੱਧ ਕਾਰੀਗਰਾਂ ਅਤੇ ਲੋਕ ਕਲਾਕਾਰਾਂ ਦੀ ਭਾਗੀਦਾਰੀ

ਚੰਡੀਗੜ੍ਹ, 28 ਨਵੰਬਰ, 2025: ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਮੁੱਖ ਸਕੱਤਰ, ਯੂਟੀ ਚੰਡੀਗੜ੍ਹ ਨੇ ਅੱਜ 15ਵੇਂ ਚੰਡੀਗੜ੍ਹ ਨੈਸ਼ਨਲ ਕ੍ਰਾਫਟਸ ਮੇਲੇ ਦਾ ਉਦਘਾਟਨ ਰਵਾਇਤੀ ਨਗਾਰਾ ਵਜਾ ਕੇ ਕੀਤਾ, ਜਿਸ ਨਾਲ ਭਾਰਤ ਦੀ ਸ਼ਿਲਪਕਾਰੀ ਅਤੇ ਸੱਭਿਆਚਾਰਕ ਵਿਵਿਧਤਾ ਦੇ ਇਸ ਜੀਵੰਤ ਉਤਸਵ ਦਾ ਆਗਾਜ਼ ਹੋਇਆ। ਉੱਤਰ ਜ਼ੋਨ ਸੱਭਿਆਚਾਰਕ ਕੇਂਦਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਇਹ ਮੇਲਾ ਦੇਸ਼ ਦੇ 22 ਰਾਜਾਂ ਤੋਂ ਆਏ 400 ਤੋਂ ਵੱਧ ਕਾਰੀਗਰਾਂ ਅਤੇ ਲੋਕ ਕਲਾਕਾਰਾਂ ਨੂੰ ਇੱਕ ਮੰਚ ‘ਤੇ ਲਿਆਉਂਦਾ ਹੈ, ਜਿੱਥੇ ਉਹ ਆਪਣੇ ਪਰੰਪਰਾਗਤ ਕਲਾ ਰੂਪਾਂ ਅਤੇ ਖੇਤਰੀ ਵਿਰਾਸਤ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਮੇਲੇ ਦਾ ਉਦੇਸ਼ ਭਾਰਤੀ ਸ਼ਿਲਪ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਦੇ ਅਤੇ ਉਨ੍ਹਾਂ ਦਾ ਵਾਧਾ ਕਰਦੇ ਹੋਏ ਕਲਾਕਾਰਾਂ ਨੂੰ ਆਪਣੇ ਕੌਸ਼ਲ ਨੂੰ ਵਿਆਪਕ ਪੱਧਰ ‘ਤੇ ਪ੍ਰਸਤੁਤ ਕਰਨ ਦਾ ਅਵਸਰ ਦੇਣਾ ਹੈ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਮੁੱਖ ਸਕੱਤਰ ਨੇ ਮੇਲੇ ਦੀ ਵਾਪਸੀ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਕਿਹਾ ਕਿ ਇਹ ਮੇਲਾ ਟ੍ਰਾਇਸਿਟੀ ਦੇ ਲੋਕਾਂ ਲਈ ਅਤਿਅੰਤ ਉਡੀਕੇ ਜਾਣ ਵਾਲੇ ਸੱਭਿਆਚਾਰਕ ਸਮਾਗਮਾਂ ਵਿੱਚੋਂ ਇੱਕ ਬਣ ਚੁੱਕਿਆ ਹੈ। ਉਨ੍ਹਾਂ ਨੇ ਪੰਜਾਬ ਅਤੇ ਰਾਜਸਥਾਨ ਦੀਆਂ ਆਰਕੀਟੈਕਚਰਲ ਪ੍ਰੇਰਣਾਵਾਂ ‘ਤੇ ਅਧਾਰਿਤ ਸੁੰਦਰ ਸਜਾਵਟ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਮੇਲੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਮੁੱਖ ਸਕੱਤਰ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਇਹ ਮੇਲਾ ਨਾ ਸਿਰਫ਼ ਇੱਕ ਸੱਭਿਆਚਾਰਕ ਉਤਸਵ ਹੈ, ਬਲਕਿ ਕਾਰੀਗਰਾਂ ਦੀ ਆਜੀਵਿਕਾ ਨੂੰ ਮਜ਼ਬੂਤ ​​ਕਰਨ ਵਾਲੀ ਇੱਕ ਮਹੱਤਵਪੂਰਨ ਪਹਿਲ ਵੀ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸੱਦਾ ਵੀ ਦਿੱਤਾ ਕਿ ਉਹ ਪਰਿਵਾਰਾਂ ਅਤੇ ਦੋਸਤਾਂ ਨਾਲ ਇਸ ਮੈਗਾ ਸਮਾਗਮ ਦਾ ਹਿੱਸਾ ਬਣਨ ਅਤੇ ਉਨ੍ਹਾਂ ਦੁਆਰਾ ਬਣਾਏ ਗਏ ਦਸਤਕਾਰੀ ਉਤਪਾਦਾਂ ਨੂੰ ਹੁਲਾਰਾ ਦੇਣ ਵਿੱਚ ਸਾਂਝੇਦਾਰ ਬਣਨ।

ਸ਼ੁੱਕਰਵਾਰ ਨੂੰ ਕਲਾਗ੍ਰਾਮ ਵੱਖ-ਵੱਖ ਰਾਜਾਂ ਦੇ ਲਗਭਗ ਤਿੰਨ ਦਰਜਨ ਸੰਗੀਤਕ ਸਾਜ਼ਾਂ ਦੀਆਂ ਅਨੂਠੀਆਂ ਸੁਰ-ਲਹਿਰਾਂ ਨਾਲ ਗੂੰਜ ਉੱਠਿਆ। ਰਾਜਸਥਾਨ, ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ ਸਹਿਤ ਵਿਭਿੰਨ ਰਾਜਾਂ ਦੇ ਲੋਕ ਸਾਜ਼ਾਂ ਦੀ ਪੇਸ਼ਕਾਰੀ ਨੇ ਵਾਤਾਵਰਣ ਵਿੱਚ ਇੱਕ ਮਨਮੋਹਕ ਸੰਗੀਤ-ਰਾਗਣੀ ਬਿਖੇਰ ਦਿੱਤੀ, ਜਿਸ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ।

ਸਿੰਫਨੀ ਤੋਂ ਬਾਅਦ, ਪ੍ਰਸਿੱਧ ਕੋਰੀਓਗ੍ਰਾਫਰ ਸੁਸ਼ੀਲ ਸ਼ਰਮਾ ਦੇ ਨਿਰਦੇਸ਼ਨ ਵਿੱਚ ਕਈ ਰਾਜਾਂ ਦੇ ਲਗਭਗ ਅੱਧੀ ਦਰਜਨ ਲੋਕ-ਨ੍ਰਿਤਾਂ ਦੀ ਸੁੰਦਰ ਪੇਸ਼ਕਾਰੀ ਹੋਈ, ਜਿਸ ਨੂੰ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਨਵੰਬਰ ਦੀ ਹਲਕੀ ਠੰਢ ਵੀ ਸੰਗੀਤ ਪ੍ਰੇਮੀਆਂ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕੀ, ਜਦੋਂ ਪ੍ਰਸਿੱਧ ‘ਦਿਲਰੂਬਾ’ ਵਾਦਕ ਪ੍ਰੋਫੈਸਰ ਅਮਨਦੀਪ ਸਿੰਘ ਨੇ ਆਪਣੀਆਂ ਦੈਵੀ ਧੁਨਾਂ ਨਾਲ ਸਭ ਦਾ ਮਨ ਮੋਹ ਲਿਆ।

ਸ਼ਨੀਵਾਰ ਨੂੰ ਮੇਲੇ ਦੇ ਸਟਾਰ ਕਲਾਕਾਰ ਸੂਫੀ ਗਾਇਕ ਕੰਵਰ ਗਰੇਵਾਲ ਹੋਣਗੇ, ਜੋ ਆਪਣੇ ਮਕਬੂਲ ਗੀਤ ਪੇਸ਼ ਕਰਨਗੇ।

ਇਸ ਮੌਕੇ ਸ਼੍ਰੀ ਦੀਪਰਵਾ ਲਾਕੜਾ, ਸਕੱਤਰ ਵਿੱਤ ਯੂਟੀ; ਸ਼੍ਰੀ ਸਵਪਨਿਲ ਐੱਮ. ਨਾਇਕ, ਸਕੱਤਰ ਪਰਸੋਨਲ; ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਡਿਪਟੀ ਕਮਿਸ਼ਨਰ; ਸ਼੍ਰੀ ਸੌਰਭ ਅਰੋੜਾ, ਡਾਇਰੈਕਟਰ ਸੱਭਿਆਚਾਰ; ਸ਼੍ਰੀ ਫੁਰਕਾਨ ਖਾਨ, ਡਾਇਰੈਕਟਰ
ਉੱਤਰ ਜ਼ੋਨ ਸੱਭਿਆਚਾਰਕ ਕੇਂਦਰ
(ਐੱਨਜ਼ੈਡਸੀਸੀ/NZCC); ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਰੋਜ਼ਾਨਾ ਮੇਲੇ ਦਾ ਸਮਾਂ:

ਸਵੇਰੇ 11 ਵਜੇ ਤੋਂ ਰਾਤ 9.30 ਵਜੇ ਤੱਕ (7 ਦਸੰਬਰ ਤੱਕ)

×