ਅੰਮ੍ਰਿਤਸਰ, 18 ਅਪ੍ਰੈਲ

ਹਾੜੀ ਦੇ ਸੀਜਨ ਦੀ ਮੁੱਖ ਫਸਲ ਕਣਕ ਦੀ ਆਮਦ ਮਾਝਾ ਦੀਆਂ ਮੰਡੀਆਂ ਵਿੱਚ ਸ਼ੁਰੂ ਹੋ ਚੁੱਕੀ ਹੈ। ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਕਿਸਾਨਾਂ ਲਈ ਹਰੇਕ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਨਾਲ ਹੀ ਮੌਸਮ ਦਾ ਮਿਜ਼ਾਜ ਵੇਖਦੇ ਹੋਏ ਮੰਡੀਆਂ ਵਿੱਚ ਕਣਕ ਦੀ ਉਹ ਫਸਲ ਜੋ ਕਿ ਕਿਸੇ ਕਾਰਨ ਪੱਕੇ ਸੈਡ ਹੇਠ ਨਹੀਂ ਹੈ ਨੂੰ ਮੀਂਹ ਦੌਰਾਨ ਢੱਕਣ ਲਈ ਤਰਪਾਲਾਂ ਅਤੇ ਪੋਲੀਥੀਨ ਦਾ ਪ੍ਰਬੰਧ ਵੀ ਕੀਤਾ ਜਾ ਚੁੱਕਾ ਹੈ।

ਇਹ ਜਾਣਕਾਰੀ ਦਿੰਦੇ ਜਿਲਾ ਮੰਡੀ ਅਫਸਰ ਸ ਅਮਨਦੀਪ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਜੋ ਕਿ ਸਾਰੇ ਖਰੀਦ ਪ੍ਰਬੰਧਾਂ ਦੀ ਰੋਜ਼ਾਨਾ ਆਨ ਲਾਈਨ ਮੀਟਿੰਗ ਜਰੀਏ ਨਿਗਰਾਨੀ ਕਰਦੇ ਹਨ, ਵੱਲੋਂ ਸਪੈਸ਼ਲ ਹਦਾਇਤਾਂ ਹਨ ਕਿ ਮੌਸਮ ਨੂੰ ਦੇਖਦੇ ਹੋਏ ਕਣਕ ਦੀ ਫਸਲ ਨੂੰ ਗਿੱਲੀ ਹੋਣ ਤੋਂ ਬਚਾਉਣ ਲਈ ਪੁਖ਼ਤਾ ਪ੍ਰਬੰਧ ਮੰਡੀਆਂ ਵਿੱਚ ਕੀਤੇ ਜਾਣ, ਸੋ ਅਸੀਂ ਉਹਨਾਂ ਦੀਆਂ ਹਦਾਇਤਾਂ ਉੱਤੇ ਮੰਡੀਆਂ ਵਿੱਚ ਤਰਪਾਲਾਂ ਤੇ ਪੋਲੀਥੀਨ ਦੇ ਪ੍ਰਬੰਧ ਕੀਤੇ ਹਨ ਅਤੇ ਅੱਜ ਜਿੱਥੇ ਜਿੱਥੇ ਮੌਸਮ ਖਰਾਬ ਹੋਇਆ ਉੱਥੇ ਕਣਕ ਦੀ ਫਸਲ ਤੁਰੰਤ ਢੱਕ ਦਿੱਤੀ ਗਈ।

ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਕਿਸਾਨ ਦੀ ਫਸਲ ਨਾਲੋ ਨਾਲ ਖਰੀਦ ਕਰਨ ਅਤੇ ਉਸ ਦੀ ਅਦਾਇਗੀ 24 ਘੰਟਿਆਂ ਵਿੱਚ ਕਰਨ ਦੀ ਹੈ, ਸੋ ਜੇਕਰ ਕਿਸਾਨ ਕਣਕ ਦੀ ਫਸਲ ਸੁੱਕੀ ਲੈ ਕੇ ਆਉਣ ਤਾਂ ਅਸੀਂ ਉਹਨਾਂ ਨੂੰ ਤੁਰੰਤ ਖਰੀਦ ਕਰਵਾ ਕੇ ਵਿਹਲੇ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਇਸ ਲਈ ਜਰੂਰੀ ਹੈ ਕਿ ਰਾਤ ਦੇ ਸਮੇਂ ਕੰਬਾਈਨ ਨਾ ਚਲਾਈ ਜਾਵੇ, ਜਿਨਾਂ ਇਲਾਕਿਆਂ ਵਿੱਚ ਥੋੜੀ ਬਹੁਤੀ ਬਾਰਿਸ਼ ਹੋਈ ਹੈ, ਉਹ ਕਣਕ ਦੀ ਫਸਲ ਸੁੱਕਣ ਤੋਂ ਬਾਅਦ ਕਟਾਈ ਕਰਨ।

ਕੈਪਸ਼ਨ
ਮੌਸਮ ਦੇ ਮਿਜਾਜ਼ ਨੂੰ ਵੇਖਦੇ ਹੋਏ ਮੰਡੀਆਂ ਵਿੱਚ ਪਈ ਕਣਕ ਦੀ ਫਸਲ ਨੂੰ ਢੱਕਦੇ ਮੰਡੀ ਕਰਮਚਾਰੀ।