ਭਵਿੱਖ ਲਈ ਤਿਆਰ ਚੰਡੀਗੜ੍ਹ ਬਣਾਉਣ ਲਈ ਸਮੂਹਿਕ ਪ੍ਰਤੀਬੱਧਤਾ ਦੁਹਰਾਈ

ਪ੍ਰਸ਼ਾਸਕੀ ਸਕੱਤਰਾਂ ਨੇ ਏਏਸੀ ਦੀ ਮੀਟਿੰਗ ਵਿੱਚ ਸਥਾਈ ਕਮੇਟੀਆਂ ਦੀਆਂ ਸਿਫ਼ਾਰਸ਼ਾਂ ‘ਤੇ ਕਾਰਵਾਈ ਰਿਪੋਰਟਾਂ ਪੇਸ਼ ਕੀਤੀਆਂ

ਚੰਡੀਗੜ੍ਹ, 12 ਮਾਰਚ, 2026:

ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਵਿੱਚ ਅੱਜ ਸੈਕਟਰ 10 ਸਥਿਤ ਹੋਟਲ ਮਾਊਂਟਵਿਊ, ਚੰਡੀਗੜ੍ਹ ਵਿੱਚ ਪ੍ਰਸ਼ਾਸਕ ਸਲਾਹਕਾਰ ਪਰਿਸ਼ਦ (ਏਏਸੀ/AAC) ਦੀ ਮੀਟਿੰਗ ਆਯੋਜਿਤ ਕੀਤੀ ਗਈ।

ਆਪਣੇ ਸੁਆਗਤੀ ਭਾਸ਼ਣ ਵਿੱਚ, ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਪ੍ਰਸ਼ਾਸਕ ਅਤੇ ਕੌਂਸਲ ਮੈਂਬਰਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਕਮੇਟੀ ਚੇਅਰਪਰਸਨਾਂ ਦੇ ਤਜ਼ਰਬਿਆਂ ਅਤੇ ਸੁਝਾਵਾਂ ਨੂੰ ਬਹੁਤ ਮਹੱਤਵ ਦਿੰਦਾ ਹੈ ਅਤੇ ਉਨ੍ਹਾਂ ਦੇ ਸੁਝਾਵਾਂ ਦੀ ਜਾਂਚ ਕਰਨ ਅਤੇ ਜਿੱਥੇ ਵੀ ਸੰਭਵ ਹੋਵੇ, ਉਨ੍ਹਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਤਾਲਮੇਲ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ।

ਮੀਟਿੰਗ ਦੌਰਾਨ, ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕੀ ਸਕੱਤਰਾਂ ਨੇ ਪਿਛਲੀਆਂ ਕੌਂਸਲ ਮੀਟਿੰਗਾਂ ਵਿੱਚ ਦਿੱਤੇ ਗਏ ਸੁਝਾਵਾਂ ਦੇ ਸਬੰਧ ਵਿੱਚ ਵੱਖ-ਵੱਖ ਵਿਭਾਗੀ ਮਾਮਲਿਆਂ ‘ਤੇ ਐਕਸ਼ਨ ਟੇਕਨ ਰਿਪੋਰਟਾਂ (ਏਟੀਆਰ) ਪੇਸ਼ ਕੀਤੀਆਂ। ਅਧਿਕਾਰੀਆਂ ਨੇ ਕੌਂਸਲ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਹਾਲੀਆ ਵਿਕਾਸ, ਚਲ ਰਹੀਆਂ ਪਹਿਲਕਦਮੀਆਂ, ਚੁਣੌਤੀਆਂ ਅਤੇ ਭਵਿੱਖੀ ਕਾਰਜ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਵਿਚਾਰ-ਵਟਾਂਦਰੇ ਦੌਰਾਨ, ਕਾਨੂੰਨ ਅਤੇ ਵਿਵਸਥਾ, ਸਮਾਜ ਭਲਾਈ, ਸਿੱਖਿਆ, ਖੇਡਾਂ, ਨਗਰ ਨਿਗਮਾਂ, ਆਵਾਜਾਈ, ਜਾਇਦਾਦਾਂ ਅਤੇ ਸ਼ਹਿਰੀ ਬੁਨਿਆਦੀ ਢਾਂਚਾ, ਚੰਡੀਗੜ੍ਹ ਹਾਊਸਿੰਗ ਬੋਰਡ, ਸਿਹਤ, ਵਾਤਾਵਰਣ ਸੁਰੱਖਿਆ, ਉਦਯੋਗ, ਕਲਾ ਅਤੇ ਸੱਭਿਆਚਾਰ, ਟੂਰਿਜ਼ਮ ਅਤੇ ਵਿਰਾਸਤੀ ਸੰਭਾਲ਼ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ।

ਸਲਾਹਕਾਰ ਪਰਿਸ਼ਦ ਦੇ ਹਰੇਕ ਮੈਂਬਰ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਮਹੱਤਵਪੂਰਨ ਸੁਝਾਅ ਅਤੇ ਸਿਫ਼ਾਰਸ਼ਾਂ ਪੇਸ਼ ਕੀਤੀਆਂ। ਮੈਂਬਰਾਂ ਨੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ, ਜਨਤਕ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ, ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ, ਟੂਰਿਜ਼ਮ ਅਤੇ ਵਿਰਾਸਤੀ ਸੰਭਾਲ਼ ਨੂੰ ਉਤਸ਼ਾਹਿਤ ਕਰਨ ਅਤੇ ਚੰਡੀਗੜ੍ਹ ਵਿੱਚ ਸਿਹਤ, ਸਿੱਖਿਆ ਅਤੇ ਖੇਡ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਉੱਭਰ ਰਹੀਆਂ ਸ਼ਹਿਰੀ ਚੁਣੌਤੀਆਂ ਨੂੰ ਹੱਲ ਕਰਨ ਲਈ ਨਾਗਰਿਕ ਭਾਗੀਦਾਰੀ, ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਇਨੋਵੇਟਿਵ ਪਹੁੰਚਾਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।

ਕੌਂਸਲ ਨੂੰ ਸੰਬੋਧਨ ਕਰਦੇ ਹੋਏ, ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕੌਂਸਲ ਮੈਂਬਰਾਂ ਦਾ ਚੰਡੀਗੜ੍ਹ ਦੇ ਵਿਕਾਸ ਵਿੱਚ ਨਿਰੰਤਰ ਸਮਰਥਨ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਚੰਗੇ ਸ਼ਾਸਨ ਨੂੰ ਮਜ਼ਬੂਤ ​​ਕਰਨ ਅਤੇ ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਸਥਾਈ ਕਮੇਟੀਆਂ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ।

ਪ੍ਰਸ਼ਾਸਕ ਨੇ ਕਿਹਾ ਕਿ ਭਵਿੱਖ ਲਈ ਤਿਆਰ ਚੰਡੀਗੜ੍ਹ ਬਣਾਉਣ ਲਈ ਪ੍ਰਸ਼ਾਸਨ ਅਤੇ ਕੌਂਸਲ ਮੈਂਬਰਾਂ ਵਿਚਕਾਰ ਸਾਂਝੇ ਯਤਨ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਅਤੇ ਸ਼ਾਮ ਦੀਆਂ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਜਿਹੀਆਂ ਪਹਿਲਕਦਮੀਆਂ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਤੀ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਦਕਿ ਮਹੱਤਵਪੂਰਨ ਤਰੱਕੀ ਹੋਈ ਹੈ, ਨਿਰੰਤਰ ਯਤਨ ਅਤੇ ਸਮੂਹਿਕ ਸਹਿਯੋਗ ਭਵਿੱਖ ਦੀਆਂ ਪੀੜ੍ਹੀਆਂ ਲਈ ਵਧੇਰੇ ਮੌਕੇ ਯਕੀਨੀ ਬਣਾਏਗਾ।

ਕੌਂਸਲ ਮੈਂਬਰਾਂ ਨੇ ਪਹਿਲਾਂ ਪੇਸ਼ ਕੀਤੇ ਸੁਝਾਵਾਂ ‘ਤੇ ਕਾਰਵਾਈ ਕਰਨ ਲਈ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਚੰਡੀਗੜ੍ਹ ਦੇ ਸਮੁੱਚੇ ਵਿਕਾਸ ਅਤੇ ਇਸ ਦੇ ਨਾਗਰਿਕਾਂ ਦੀ ਭਲਾਈ ਲਈ ਇਕੱਠੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਮੀਟਿੰਗ ਵਿੱਚ ਸ਼੍ਰੀ ਸੌਰਭ ਜੋਸ਼ੀ, ਮੇਅਰ, ਚੰਡੀਗੜ੍ਹ; ਸ਼੍ਰੀ ਮਨੀਸ਼ ਤਿਵਾਰੀ, ਸੰਸਦ ਮੈਂਬਰ; ਸ਼੍ਰੀ ਸੱਤਿਆ ਪਾਲ ਜੈਨ, ਐਡੀਸ਼ਨਲ ਸਾਲਿਸਟਰ ਜਨਰਲ, ਭਾਰਤ ਸਰਕਾਰ; ਸੁਸ਼੍ਰੀ ਕਿਰਨ ਖੇਰ, ਸਾਬਕਾ ਸੰਸਦ ਮੈਂਬਰ; ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਰਾਜਪਾਲ ਦੇ ਪ੍ਰਮੁੱਖ ਸਕੱਤਰ; ਡਾ. ਸਾਗਰ ਪ੍ਰੀਤ ਹੁੱਡਾ, ਡੀਜੀਪੀ, ਚੰਡੀਗੜ੍ਹ; ਸ਼੍ਰੀ ਦੀਪਰਵਾ ਲਾਕੜਾ, ਸਕੱਤਰ, ਵਿੱਤ; ਸੁਸ਼੍ਰੀ ਪ੍ਰੇਰਣਾ ਪੁਰੀ, ਸਕੱਤਰ, ਸਿੱਖਿਆ; ਸ਼੍ਰੀ ਅਮਿਤ ਕੁਮਾਰ, ਕਮਿਸ਼ਨਰ, ਨਗਰ ਨਿਗਮ; ਸ਼੍ਰੀ ਸਵਪਨਿਲ ਐੱਮ. ਨਾਇਕ, ਸਕੱਤਰ, ਪ੍ਰਾਹੁਣਚਾਰੀ; ਡਾ. ਸੈਯਦ ਆਬਿਦ ਰਾਸ਼ਿਦ ਸ਼ਾਹ, ਸਕੱਤਰ ਟੂਰਿਜ਼ਮ; ਸ਼੍ਰੀ ਅਭਿਜੀਤ ਵਿਜੈ ਚੌਧਰੀ, ਸਕੱਤਰ ਵਿਜੀਲੈਂਸ; ਸ਼੍ਰੀ ਪ੍ਰਦੀਪ ਕੁਮਾਰ, ਸਕੱਤਰ ਖੇਤੀਬਾੜੀ; ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਡਿਪਟੀ ਕਮਿਸ਼ਨਰ ਸਮੇਤ ਪ੍ਰਸ਼ਾਸਕ ਸਲਾਹਕਾਰ ਪਰਿਸ਼ਦ ਦੇ ਹੋਰ ਉੱਘੇ ਮੈਂਬਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।

×