ਉੱਤਰੀ ਸੈਕਟਰਾਂ ਅਤੇ ਪ੍ਰਮੁੱਖ ਸੰਸਥਾਵਾਂ ਨੂੰ ਮਿਲੇਗਾ ਲਾਭ; 25,000 ਤੋਂ ਅਧਿਕ ਨਿਵਾਸੀਆਂ ਲਈ ਬਿਜਲੀ ਸਪਲਾਈ ਹੋਵੇਗੀ ਅਧਿਕ ਭਰੋਸੇਯੋਗ ਅਤੇ ਨਿਰਵਿਘਨ
ਚੰਡੀਗੜ੍ਹ ਦੀ ਬਿਜਲੀ ਵੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਅਤੇ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟਿਡ (ਸੀਪੀਡੀਐੱਲ) ਨੇ ਸੈਕਟਰ 1 ਤੋਂ 8 ਤੱਕ 11 ਕੇਵੀ ਦੇ ਓਵਰਹੈੱਡ ਬਿਜਲੀ ਵੰਡ ਨੈੱਟਵਰਕ ਨੂੰ ਸਫ਼ਲਤਾਪੂਰਵਕ ਭੂਮੀਗਤ ਕੇਬਲ ਸਿਸਟਮ ਵਿੱਚ ਬਦਲ ਦਿੱਤਾ ਹੈ।
ਲਗਭਗ 25,000 ਤੋਂ ਅਧਿਕ ਨਿਵਾਸੀਆਂ ਨੂੰ ਲਾਭ ਪਹੁੰਚਾਉਣ ਵਾਲੇ 12 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਦਾ ਉਦਘਾਟਨ ਅੱਜ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕੀਤਾ। ਇਸ ਅਵਸਰ ‘ਤੇ ਸੀਨੀਅਰ ਭਾਜਪਾ ਨੇਤਾ ਸ਼੍ਰੀ ਸੰਜੈ ਟੰਡਨ ਵੀ ਮੌਜੂਦ ਸਨ।
ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੀਪੀਡੀਐੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਬ੍ਰਜੇਸ਼ ਕੁਮਾਰ ਨੇ ਰਾਜਪਾਲ ਦਾ ਸੁਆਗਤ ਕੀਤਾ।
ਇਹ ਪ੍ਰੋਜੈਕਟ ਚੰਡੀਗੜ੍ਹ ਦੇ ਸਭ ਤੋਂ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਵਿਆਪਕ ਅਪਗ੍ਰੇਡੇਸ਼ਨ ਦਾ ਪ੍ਰਤੀਕ ਹੈ। ਇਨ੍ਹਾਂ ਖੇਤਰਾਂ ਵਿੱਚ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਰੌਕ ਗਾਰਡਨ ਅਤੇ ਸੁਖਨਾ ਝੀਲ ਸਹਿਤ ਕਈ ਪ੍ਰਮੁੱਖ ਸਰਕਾਰੀ ਸੰਸਥਾਵਾਂ, ਟੂਰਿਸਟ ਸਥਲ ਅਤੇ ਰਿਹਾਇਸ਼ੀ ਖੇਤਰ ਸ਼ਾਮਲ ਹਨ।
ਇਸ ਅਵਸਰ ‘ਤੇ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ, “ਚੰਡੀਗੜ੍ਹ ਦੇਸ਼ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਜਿੱਥੇ ਬਿਜਲੀ ਵੰਡ ਵਿਵਸਥਾ ਪ੍ਰਾਈਵੇਟ ਖੇਤਰ ਨੂੰ ਸੌਂਪੀ ਗਈ ਹੈ। ਸੀਪੀਡੀਐੱਲ ਨੂੰ ਇਹ ਜ਼ਿੰਮੇਦਾਰੀ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਬਿਜਲੀ ਵੰਡ ਵਿਵਸਥਾ ਵਿੱਚ ਸੁਧਾਰ ਦੀ ਉਮੀਦ ਨਾਲ ਦਿੱਤੀ ਗਈ ਸੀ। ਇਹ ਪ੍ਰੋਜੈਕਟ ਉਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।
“ਓਵਰਹੈੱਡ ਬਿਜਲੀ ਲਾਇਨਾਂ ਮੌਸਮ ਦੀਆਂ ਪ੍ਰਤੀਕੂਲ ਪਰਿਸਥਿਤੀਆਂ ਨਾਲ ਪ੍ਰਭਾਵਿਤ ਹੁੰਦੀਆਂ ਹਨ ਅਤੇ ਕਿਸੇ ਤਕਨੀਕੀ ਖਰਾਬੀ ਕਾਰਨ ਖੇਤਰ ਵਿੱਚ ਕਈ ਘੰਟੇ ਬਿਜਲੀ ਸਪਲਾਈ ਵਿੱਚ ਵਿਘਨ ਪੈ ਸਕਦਾ ਹੈ। ਅਠਾਰਾਂ (18) ਕਿਲੋਮੀਟਰ ਲੰਬੇ ਨੈੱਟਵਰਕ ਨੂੰ ਭੂਮੀਗਤ ਕਰਨ ਅਤੇ ਇਸ ਨੂੰ ਕਈ ਫੀਡਰਾਂ ਦੇ ਜ਼ਰੀਏ ਕਮਾਂਡ ਸੈਂਟਰ ਨਾਲ ਜੋੜਨ ਨਾਲ ਇਹ ਜੋਖਮ ਕਾਫ਼ੀ ਹੱਦ ਤੱਕ ਘੱਟ ਹੋ ਜਾਵੇਗਾ। ਜੇਕਰ ਕਿਸੇ ਇੱਕ ਲਾਇਨ ਵਿੱਚ ਖਰਾਬੀ ਆਉਂਦੀ ਹੈ ਤਾਂ ਰਿਮੋਟ ਪ੍ਰਣਾਲੀ ਦੇ ਜ਼ਰੀਏ ਬਿਜਲੀ ਲੋਡ ਨੂੰ ਦੂਸਰੀ ਲਾਇਨ ‘ਤੇ ਸ਼ਿਫਟ ਕਰਕੇ ਘੱਟ ਤੋਂ ਘੱਟ ਸਮੇਂ ਵਿੱਚ ਸਪਲਾਈ ਬਹਾਲ ਕੀਤੀ ਜਾ ਸਕੇਗੀ। ਇਸ ਨਾਲ ਭਰੋਸੇਯੋਗ ਬਿਜਲੀ ਸਪਲਾਈ ਸੁਨਿਸ਼ਚਿਤ ਹੋਵੇਗੀ, ਦੁਰਘਟਨਾਵਾਂ ਵਿੱਚ ਕਮੀ ਆਵੇਗੀ ਅਤੇ ਬਿਜਲੀ ਚੋਰੀ ‘ਤੇ ਨਿਯੰਤਰਣ ਵੀ ਮਜ਼ਬੂਤ ਹੋਵੇਗਾ।”
“ਅੱਜ ਕੋਈ ਵੀ ਹਸਪਤਾਲ, ਸਕੂਲ ਜਾਂ ਘਰ ਭਰੋਸੇਯੋਗ ਬਿਜਲੀ ਸਪਲਾਈ ਤੋਂ ਬਿਨਾ ਕਾਰਜ ਨਹੀਂ ਕਰ ਸਕਦਾ। ਸੀਪੀਡੀਐੱਲ ਨੇ ਸ਼ਹਿਰ ਦੇ ਬਿਜਲੀ ਨੈੱਟਵਰਕ ਵਿੱਚ ₹900 ਕਰੋੜ ਤੋਂ ਅਧਿਕ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਭੂਮੀਗਤ ਕੇਬਲਿੰਗ ਇੱਕ ਪ੍ਰਮੁੱਖ ਘਟਕ ਹੈ। ਇਹ ਪਹਿਲ ਸਿਟੀ ਬਿਊਟੀਫੁਲ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਬਿਜਲੀ ਸੁਰੱਖਿਆ ਅਤੇ ਸਪਲਾਈ ਵਿਵਸਥਾ ਨੂੰ ਵੀ ਮਜ਼ਬੂਤ ਕਰੇਗੀ।”
ਪ੍ਰੋਜੈਕਟ ਦੇ ਤਹਿਤ ਲਗਭਗ 18 ਕਿਲੋਮੀਟਰ ਲੰਬੀਆਂ 11 ਕੇਵੀ ਭੂਮੀਗਤ ਕੇਬਲ ਵਿਛਾਈਆਂ ਗਈਆਂ ਹਨ। ਇਸ ਤੋਂ ਇਲਾਵਾ, ਵਣ ਤੋਂ ਗੁਜਰਨ ਵਾਲੇ ਚਾਰ ਵੰਡ ਫੀਡਰਾਂ ‘ਤੇ 14 ਸਕਾਡਾ-ਨਿਯੰਤ੍ਰਿਤ ਰਿੰਗ ਮੇਨ ਯੂਨਿਟਸ (ਆਰਐੱਮਯੂ) ਸਥਾਪਿਤ ਕੀਤੀਆਂ ਗਈਆਂ ਹਨ।
ਸੀਪੀਡੀਐੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਬ੍ਰਜੇਸ਼ ਕੁਮਾਰ ਨੇ ਕਿਹਾ, “ਇਹ ਪ੍ਰੋਜੈਕਟ ਟੈਕਨੋਲੋਜੀ-ਅਧਾਰਿਤ ਸਮਾਧਾਨਾਂ ਦੇ ਜ਼ਰੀਏ ਚੰਡੀਗੜ੍ਹ ਦੀ ਬਿਜਲੀ ਵੰਡ ਦੀ ਬੁਨਿਆਦੀ ਵਿਵਸਥਾ ਦੇ ਆਧੁਨਿਕੀਕਰਣ ਲਈ ਸੀਪੀਡੀਐੱਲ ਦੇ ਵਿਆਪਕ ਪ੍ਰਯਾਸਾਂ ਦਾ ਹਿੱਸਾ ਹੈ। ਮਜ਼ਬੂਤ ਨੈੱਟਵਰਕ ਨਾਲ ਸੰਚਾਲਨ ਸਮਰੱਥਾ ਵਿੱਚ ਸੁਧਾਰ ਹੋਵੇਗਾ, ਸ਼ਹਿਰ ਦੀ ਵਧਦੀ ਬਿਜਲੀ ਮੰਗ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਚੰਡੀਗੜ੍ਹ ਨੂੰ ਅਧਿਕ ਸੁਰੱਖਿਅਤ, ਟਿਕਾਊ ਅਤੇ ਭਵਿੱਖ ਲਈ ਤਿਆਰ ਸ਼ਹਿਰ ਬਣਾਉਣ ਵਿੱਚ ਯੋਗਦਾਨ ਮਿਲੇਗਾ। ਅਸੀਂ ਉਪਭੋਗਤਾਵਾਂ ਨੂੰ ਅਧਿਕ ਸੁਰੱਖਿਅਤ, ਭਰੋਸੇਯੋਗ ਅਤੇ ਬਿਹਤਰ ਗੁਣਵੱਤਾ ਵਾਲੀ ਬਿਜਲੀ ਸਪਲਾਈ ਕਰਨ ਵਾਲੇ ਬੁਨਿਆਦੀ ਢਾਂਚੇ ਵਿੱਚ ਨਿਰੰਤਰ ਨਿਵੇਸ਼ ਲਈ ਪ੍ਰਤੀਬੱਧ ਹਾਂ।”
ਭੂਮੀਗਤ ਕੇਬਲ ਸਿਸਟਮ ਨਾਲ ਚੰਡੀਗੜ੍ਹ ਦੇ ਬਿਜਲੀ ਨੈੱਟਵਰਕ ਦੀ ਭਰੋਸੇਯੋਗਤਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ। ਇਸ ਨਾਲ
ਤੂਫਾਨ, ਤੇਜ਼ ਹਵਾਵਾਂ, ਉਖੜੇ ਹੋਏ ਰੁੱਖਾਂ ਅਤੇ ਹੋਰ ਬਾਹਰੀ ਕਾਰਕਾਂ ਕਾਰਨ ਹੋਣ ਵਾਲੀਆਂ ਬਿਜਲੀ ਰੁਕਾਵਟਾਂ ਵਿੱਚ ਕਮੀ ਆਵੇਗੀ।
ਅਪਗ੍ਰੇਡਡ ਨੈੱਟਵਰਕ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਆਰਐੱਮਯੂਜ਼ ਦਾ ਰਿਮੋਟ ਸੰਚਾਲਨ ਹੈ। ਇਸ ਨਾਲ ਸੈਕਟਰ 18 ਸਥਿਤ ਸੀਪੀਡੀਐੱਲ ਕਮਾਂਡ ਸੈਂਟਰ ਦੇ ਜ਼ਰੀਏ ਬਿਜਲੀ ਦੇ ਲੋਡ ਨੂੰ ਇੱਕ ਫੀਡਰ ਤੋਂ ਦੂਸਰੇ ਫੀਡਰ ‘ਤੇ ਟ੍ਰਾਂਸਫਰ ਕੀਤਾ ਜਾ ਸਕੇਗਾ। ਇਹ ਵਿਵਸਥਾ ਬਿਜਲੀ ਰੁਕਾਵਟਾਂ ਦੀ ਮਿਆਦ ਅਤੇ ਪ੍ਰਭਾਵ ਨੂੰ ਘੱਟ ਕਰਨ ਦੇ ਨਾਲ-ਨਾਲ ਅਤੇ ਸੰਕਟਕਾਲੀਨ ਸਥਿਤੀਆਂ ਵਿੱਚ ਬਿਜਲੀ ਸਪਲਾਈ ਨੂੰ ਤੇਜ਼ੀ ਨਾਲ ਬਹਾਲ ਕਰਨ ਵਿੱਚ ਸਹਾਇਕ ਹੋਵੇਗੀ।
ਇਸ ਪ੍ਰੋਜੈਕਟ ਵਿੱਚ ਕਾਫ਼ੀ ਤਕਨੀਕੀ ਅਤੇ ਸੰਚਾਲਨ ਚੁਣੌਤੀਆਂ ਸ਼ਾਮਲ ਸਨ, ਜਿਸ ਵਿੱਚ ਕਾਨੂੰਨੀ ਪ੍ਰਵਾਨਗੀਆਂ ਪ੍ਰਾਪਤ ਕਰਨਾ ਅਤੇ ਖੇਤਰ ਦੀ ਸੰਵੇਦਨਸ਼ੀਲ ਪ੍ਰਕ੍ਰਿਤੀ ਦੇ ਕਾਰਨ ਸੁਰੱਖਿਆ ਨਾਲ ਸਬੰਧਿਤ ਪਾਬੰਦੀਆਂ ਦਾ ਪਾਲਨ ਕਰਨਾ ਸ਼ਾਮਲ ਹੈ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਸੀਪੀਡੀਐੱਲ ਨੇ ਗੁਣਵੱਤਾ, ਸੁਰੱਖਿਆ ਅਤੇ ਸੰਚਾਲਨ ਭਰੋਸੇਯੋਗਤਾ ਦੇ ਸਖ਼ਤ ਮਿਆਰਾਂ ਦਾ ਪਾਲਨ ਕਰਦੇ ਹੋਏ ਪ੍ਰੋਜੈਕਟ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ।
ਭੂਮੀਗਤ ਬਿਜਲੀ ਨੈੱਟਵਰਕ ਨਾਲ ਵਾਤਾਵਰਣਕ ਅਤੇ ਸੁਹਜ ਸਬੰਧੀ ਲਾਭ ਵੀ ਹੋਣਗੇ। ਓਵਰਹੈੱਡ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਨੂੰ ਹਟਾਉਣ ਨਾਲ ਇੱਕ ਸਾਫ਼ ਅਤੇ ਵਧੇਰੇ ਦ੍ਰਿਸ਼ਟੀਗਤ ਤੌਰ ‘ਤੇ ਆਕਰਸ਼ਕ ਸ਼ਹਿਰੀ ਲੈਂਡਸਕੇਪ ਬਣਾਉਣ ਵਿੱਚ ਮਦਦ ਮਿਲੇਗੀ, ਖਾਸ ਕਰਕੇ ਰੌਕ ਗਾਰਡਨ ਅਤੇ ਸੁਖਨਾ ਝੀਲ ਦੇ ਆਸਪਾਸ। ਇਸ ਨਾਲ ਝੀਲ ਦੇ ਆਸਪਾਸ ਪ੍ਰਵਾਸੀ ਪੰਛੀਆਂ ਅਤੇ ਵਣਜੀਵਾਂ ਲਈ ਓਵਰਹੈੱਡ ਇਲੈਕਟ੍ਰੀਕਲ ਬੁਨਿਆਦੀ ਢਾਂਚੇ ਨਾਲ ਉਤਪੰਨ ਜੋਖਮ ਵੀ ਘੱਟ ਹੋਵੇਗਾ।
ਸ਼ਹਿਰ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਆਪਣੀ ਵਿਆਪਕ ਪ੍ਰਤੀਬੱਧਤਾ ਦੇ ਤਹਿਤ ਸੀਪੀਡੀਐੱਲ ਨੇ ਪੰਜ ਵਰ੍ਹਿਆਂ ਵਿੱਚ ₹956 ਕਰੋੜ ਦੇ ਨਿਵੇਸ਼ ਦੀ ਯੋਜਨਾ ਤਿਆਰ ਕੀਤੀ ਹੈ। ਇਸ ਵਿੱਚ ਨੈੱਟਵਰਕ ਸੁਧਾਰ, ਬਿਜਲੀ ਸਪਲਾਈ ਦੀ ਭਰੋਸੇਯੋਗਤਾ, ਸਮਾਰਟ ਮੀਟਰਿੰਗ, ਸੁਰੱਖਿਆ ਅਤੇ ਡਿਜੀਟਲ ਪਹਿਲਾਂ ਨੂੰ ਸ਼ਾਮਲ ਕੀਤਾ ਗਿਆ ਹੈ।
1 ਫਰਵਰੀ, 2025 ਨੂੰ ਬਿਜਲੀ ਵੰਡ ਪ੍ਰਣਾਲੀ ਸੰਭਾਲਣ ਤੋਂ ਬਾਅਦ ਸੀਪੀਡੀਐੱਲ ਸ਼ਹਿਰ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸੁਰੱਖਿਆ ਵਧਾਉਣ ਅਤੇ ਉਪਭੋਗਤਾਵਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਕਾਰਜ ਕਰ ਰਹੀ ਹੈ। ਇਨ੍ਹਾਂ ਪ੍ਰਯਾਸਾਂ ਦੇ ਤਹਿਤ ਕੰਪਨੀ ਨੇ ਚਾਰ 20 ਐੱਮਵੀਏ ਪਾਵਰ ਟ੍ਰਾਂਸਫਾਰਮਰ, 63 ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ ਅਤੇ 40 ਆਰਐੱਮਯੂਜ਼ ਨੂੰ ਊਰਜਾ ਦਿੱਤੀ ਹੈ। ਇਸ ਦੇ ਇਲਾਵਾ,15 ਕਿਲੋਮੀਟਰ ਹਾਈ-ਟੈਂਸ਼ਨ ਸਰਕਟ ਅਤੇ 25 ਕਿਲੋਮੀਟਰ ਲੋ-ਟੈਂਸ਼ਨ ਸਰਕਟ ਦਾ ਕਾਰਜ ਵੀ ਪੂਰਾ ਕੀਤਾ ਗਿਆ ਹੈ।
ਸੀਪੀਡੀਐੱਲ ਦੁਆਰਾ ਚੌਬੀ ਘੰਟੇ ਸੰਚਾਲਿਤ 24×7 ਇਨ-ਹਾਊਸ ਸਕਾਡਾ ਕਮਾਂਡ ਸੈਂਟਰ ਦੇ ਜ਼ਰੀਏ ਬਿਜਲੀ ਨੈੱਟਵਰਕ ਦੀ ਰੀਅਲ-ਟਾਇਮ ਨਿਗਰਾਨੀ, ਪਾਵਰ ਸ਼ਡਿਊਲਿੰਗ ਅਤੇ ਆਰਐੱਮਯੂ ਦਾ ਰਿਮੋਟ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਨਾਲ ਬਿਜਲੀ ਸਪਲਾਈ ਦਾ ਅਧਿਕ ਤੇਜ਼ ਅਤੇ ਕੁਸ਼ਲ ਪ੍ਰਬੰਧਨ ਸੁਨਿਸ਼ਚਿਤ ਹੋ ਰਿਹਾ ਹੈ।
ਸਮਾਗਮ ਦੇ ਅੰਤ ਵਿੱਚ ਸੀਪੀਡੀਐੱਲ ਦੇ ਸੀਨੀਅਰ ਸਲਾਹਕਾਰ ਸ਼੍ਰੀ ਅਰੁਣ ਕੁਮਾਰ ਵਰਮਾ ਨੇ ਧੰਨਵਾਦ ਪ੍ਰਸਤਾਵ ਪ੍ਰਸਤੁਤ ਕੀਤਾ।


