ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਟੀ ਸਕੱਤਰੇਤ ਵਿਖੇ ਇੱਕ ਜਨਤਕ ਸੁਣਵਾਈ (ਜਨਤਾ ਦਰਬਾਰ) ਦਾ ਆਯੋਜਨ ਕੀਤਾ ਅਤੇ ਆਮ ਲੋਕਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਬੜੀ ਸੰਖਿਆ ਵਿੱਚ ਨਾਗਰਿਕਾਂ ਨੇ ਨਾਗਰਿਕ ਸੁਵਿਧਾਵਾਂ, ਜਨਤਕ ਸੇਵਾਵਾਂ ਅਤੇ ਕਲਿਆਣਕਾਰੀ ਯੋਜਨਾਵਾਂ ਨਾਲ ਸਬੰਧਿਤ ਸ਼ਿਕਾਇਤਾਂ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਰਾਜਪਾਲ ਨੇ ਹਰੇਕ ਸ਼ਿਕਾਇਤ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ, “ਜਦੋਂ ਤੱਕ ਤੁਸੀਂ ਜਨਤਾ ਦੀ ਗੱਲ ਨਹੀਂ ਸੁਣਦੇ, ਤੁਸੀਂ ਉਨ੍ਹਾਂ ਦੇ ਦਰਦ ਨੂੰ ਨਹੀਂ ਸਮਝ ਸਕੋਗੇ। ਇਹ ਸਿਰਫ਼ ਸੁਣਨ ਦਾ ਕੰਮ ਨਹੀਂ ਹੈ, ਬਲਕਿ ਹਰ ਸ਼ਿਕਾਇਤ ਦਾ ਰਿਕਾਰਡ ਰੱਖਿਆ ਜਾਵੇਗਾ ਅਤੇ ਇਸ ਦਾ ਸਮਾਧਾਨ ਵੀ ਸੁਨਿਸ਼ਚਿਤ ਕੀਤਾ ਜਾਵੇਗਾ।”
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਨੂੰ ਮਿਲਣ ਆ ਰਹੇ ਹਨ ਤਾਕਿ ਨਿਯਮਾਂ ਅਨੁਸਾਰ ਇਸ ਦਾ ਸਹੀ ਢੰਗ ਨਾਲ ਸਮਾਧਾਨ ਕੀਤਾ ਜਾ ਸਕੇ।
ਰਾਜਪਾਲ ਨੇ ਕਿਹਾ, “ਮੈਂ ਜਨਤਾ ਦਾ ਸੇਵਕ ਹਾਂ। ਇਹ ਇੱਕ ਸੰਵਿਧਾਨਿਕ ਪਦ ਹੈ ਅਤੇ ਇਸ ਪਦ ‘ਤੇ ਰਹਿੰਦੇ ਹੋਏ ਜਨਤਾ ਦੀ ਸੇਵਾ ਕਰਨਾ ਮੇਰੀ ਜ਼ਿੰਮੇਵਾਰੀ ਹੈ। ਇਸ ਕੁਰਸੀ ‘ਤੇ ਬੈਠ ਕੇ, ਉਸ ਕੁਰਸੀ ਦੀ ਹਿਫਾਜਤ ਕਿਵੇਂ ਹੋਵੇ- ਇਹੀ ਮੇਰਾ ਧਰਮ ਹੈ।”
ਜਨਤਾ ਦਰਬਾਰ ਦੇ ਬਾਅਦ, ਪ੍ਰਸ਼ਾਸਕ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਜਨਤਾ ਤੋਂ ਪ੍ਰਾਪਤ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਜਨਤਕ ਸ਼ਿਕਾਇਤਾਂ ਦੇ ਸਮਾਧਾਨ ਵਿੱਚ ਸੰਵੇਦਨਸ਼ੀਲਤਾ, ਤਤਪਰਤਾ ਅਤੇ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ।
