ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਦੇ ਸੈਕਟਰ 17, 46 ਅਤੇ 48 ਵਿੱਚ ਵਿਜੈਦਸ਼ਮੀ ਸਮਾਰੋਹਾਂ ਵਿੱਚ ਹਿੱਸਾ ਲਿਆ ਅਤੇ ਰਾਵਣ ਦਹਿਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਸੰਦੇਸ਼ ਨੂੰ ਯਾਦ ਕਰਦੇ ਹੋਏ ਹੈ ਨਾਗਰਿਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ‘ਨਸ਼ਾ-ਮੁਕਤ ਚੰਡੀਗੜ੍ਹ’ ਬਣਾਉਣ ਵਿੱਚ ਸਰਗਰਮ ਯੋਗਦਾਨ ਦੇਣ ਦਾ ਸੱਦਾ ਦਿੱਤਾ।

ਦੁਸਹਿਰਾ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਣੇ ਅੰਦਰਲੀਆਂ ਬੁਰਾਈਆਂ, ਜਿਵੇਂ ਕ੍ਰੋਧ, ਲਾਲਚ, ਨਫ਼ਰਤ, ਭ੍ਰਿਸ਼ਟਾਚਾਰ ਅਤੇ ਅਹੰਕਾਰ ਨੂੰ ਦੂਰ ਕਰਨ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ, ਜਿਵੇਂ ਕਿ ਸੱਚ, ਕਰਤੱਵ, ਦਇਆ ਅਤੇ ਨਿਆਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਪਰਿਵਾਰਾਂ,ਅਧਿਆਪਕਾਂ, ਨੌਜਵਾਨਾਂ ਅਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਨੂੰ ਮਿਲ ਕੇ ਸਾਂਝੇ ਪ੍ਰਯਾਸ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਨਾਲ ਨਫ਼ਰਤ ਕਰਨ ਦੀ ਬਜਾਏ ਉਨ੍ਹਾਂ ਨੂੰ ਇਲਾਜ, ਕਾਉਂਸਲਿੰਗ ਅਤੇ ਪੁਨਰਵਾਸ ਦੇ ਜ਼ਰੀਏ ਸਹਾਇਤਾ ਦੇਣੀ ਚਾਹੀਦੀ ਹੈ।

ਰਾਜਪਾਲ ਨੇ ਮਹਿਲਾ ਸਸ਼ਕਤੀਕਰਣ ਅਤੇ ਸਮਾਜ ਵਿੱਚ ਆਪਸੀ ਸਦਭਾਵ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ ਮਹਿਲਾਵਾਂ ਦਾ ਸਨਮਾਨ ਕਰਨ, ਅਨਿਆਂ ਦੇ ਖ਼ਿਲਾਫ਼ ਆਵਾਜ਼ ਉਠਾਉਣ, ਪ੍ਰਕ੍ਰਿਤੀ ਦੀ ਰੱਖਿਆ ਕਰਨ ਅਤੇ ਸਮਾਜ ਵਿੱਚ ਭਾਈਚਾਰੇ ਨੂੰ ਮਜ਼ਬੂਤ ​​ਕਰਨ।