ਚੰਡੀਗੜ੍ਹ ਬਾਲ ਅਤੇ ਮਹਿਲਾ ਵਿਕਾਸ ਨਿਗਮ ਲਿਮਟਿਡ ਦੀ ਇੱਕ ਇਕਾਈ, ਰੀਹੈਬਿਲਿਟੇਸ਼ਨ ਸੈਂਟਰ ਫੌਰ ਸਪੈਸ਼ਲ ਚਿਲਡਰਨ (ਆਰਸੀਐੱਸਸੀ/ RCSC)- ਪ੍ਰਯਾਸ (Prayaas) ਵੱਲੋਂ 03.12.2025 ਨੂੰ ਬਾਲ ਭਵਨ, ਸੈਕਟਰ 23-ਬੀ, ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਦਿੱਵਯਾਂਗਜਨ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਾਲ ਦਾ ਗਲੋਬਲ ਥੀਮ, “ਸਮਾਜਿਕ ਪ੍ਰਗਤੀ ਨੂੰ ਅੱਗੇ ਵਧਾਉਣ ਲਈ ਦਿੱਵਯਾਂਗ-ਅਨੁਕੂਲ ਸਮਾਜਾਂ ਦਾ ਨਿਰਮਾਣ” ਸੀ, ਜੋ ਸਮਾਜ ਨੂੰ ਅਧਿਕ ਸਮਾਵੇਸ਼ੀ, ਸਮਾਨਤਾਪੂਰਨ ਅਤੇ ਦਿੱਵਯਾਂਗਜਨ ਦੇ ਪ੍ਰਤੀ ਸਹਿਯੋਗੀ ਬਣਾਉਣ ‘ਤੇ ਬਲ ਦਿੰਦਾ ਹੈ।

ਪ੍ਰੋਗਰਾਮ ਵਿੱਚ ਰਚਨਾਤਮਕਤਾ ਅਤੇ ਉਮੰਗ ਝਲਕ ਰਹੀਆਂ ਸਨ, ਜਿਸ ਵਿੱਚ ਚਿੱਤਰਕਲਾ, ਫੈਂਸੀ ਡ੍ਰੈੱਸ ਅਤੇ ਸਿੰਗਲ ਅਤੇ ਗਰੁੱਪ ਡਾਂਸ ਜਿਹੀਆਂ ਗਤੀਵਿਧੀਆਂ ਸ਼ਾਮਲ ਸਨ। ਪ੍ਰਯਾਸ ਦੇ ਵਿਸ਼ੇਸ਼ ਬੱਚਿਆਂ ਦੁਆਰਾ ਪ੍ਰਸਤੁਤ ਇਨ੍ਹਾਂ ਰੰਗਾਰੰਗ ਪ੍ਰੋਗਰਾਮਾਂ ਨੇ ਉਨ੍ਹਾਂ ਦੇ ਆਤਮ ਵਿਸ਼ਵਾਸ,ਰਚਨਾਤਮਕਤਾ ਅਤੇ ਪ੍ਰਤਿਭਾ ਨੂੰ ਪ੍ਰਭਾਵੀ ਤੌਰ ‘ਤੇ ਪ੍ਰਦਰਸ਼ਿਤ ਕੀਤਾ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ ਸਕੱਤਰ ਸੁਸ਼੍ਰੀ ਅਨੁਰਾਧਾ ਐੱਸ. ਚਗਤੀ, ਸੀਐੱਸਐੱਸ, ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਦਿੱਵਯਾਂਗਜਨਾਂ ਦੇ ਸ਼ਾਨਦਾਰ ਯੋਗਦਾਨ, ਪ੍ਰਾਪਤੀਆਂ ਅਤੇ ਦ੍ਰਿੜ੍ਹਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਉਹ ਅਨੇਕ ਚੁਣੌਤੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਦੇ ਹੋਏ ਜੋ ਸਫ਼ਲਤਾਵਾਂ ਹਾਸਲ ਕਰਦੇ ਹਨ, ਉਹ ਪ੍ਰੇਰਣਾਦਾਇਕ ਹਨ। ਉਨ੍ਹਾਂ ਨੇ ਵਿਸ਼ੇਸ਼ ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਪਹਿਲੇ ਸਮਰਥਕ – ਉਹ ਅਣਗੌਲੇ ਨਾਇਕ ਦੱਸਿਆ, ਜੋ ਆਪਣੇ ਬੱਚਿਆਂ ਲਈ ਸਿੱਖਣ, ਵਧਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਅਵਸਰ ਨਿਰੰਤਰ ਬਣਾਉਂਦੇ ਰਹਿੰਦੇ ਹਨ।

ਸੈਕਟਰ 21, ਚੰਡੀਗੜ੍ਹ ਦੀ ਮਹਿਲਾ ਯੋਗ ਗਰੁੱਪ ਦੀ ਮੈਂਬਰ ਸੁਸ਼੍ਰੀ ਅਨੀਤਾ ਮਿੱਧਾ ਅਤੇ ਗਰੁੱਪ ਦੀਆਂ ਹੋਲ ਮਹਿਲਾਵਾਂ ਨੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੰਡੀ, ਜਿਸ ਨਾਲ ਪ੍ਰੋਗਰਾਮ ਵਿੱਚ ਹੋਰ ਨਿੱਘ ਅਤੇ ਉਤਸ਼ਾਹ ਦਾ ਸੰਚਾਰ ਹੋਇਆ।

ਰੀਹੈਬਿਲਿਟੇਸ਼ਨ ਸੈਂਟਰ ਫੌਰ ਸਪੈਸ਼ਲ ਚਿਲਡਰਨ (ਆਰਸੀਐੱਸਸੀ/ RCSC)- ਪ੍ਰਯਾਸ (Prayaas) ਵਿਸ਼ੇਸ਼ ਬੱਚਿਆਂ ਨੂੰ ਸਪੀਚ ਥੈਰੇਪੀ, ਆਕੂਪੇਸ਼ਨਲ ਥੈਰੇਪੀ, ਫਿਜ਼ੀਓਥੈਰੇਪੀ ਅਤੇ ਵਿਸ਼ੇਸ਼ ਸਿੱਖਿਆ ਜਿਹੀਆਂ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਇਨ੍ਹਾਂ ਸੇਵਾਵਾਂ ਦਾ ਉਦੇਸ਼ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਸੰਪੂਰਨ ਵਿਕਾਸ ਦਾ ਸਮਰਥਨ ਕਰਨਾ, ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਵਧੇਰੇ ਆਤਮਨਿਰਭਰ ਬਣਾਉਣਾ ਹੈ। ਸਮਾਗਮ ਵਿੱਚ ਮੌਜੂਦ ਮਾਪਿਆਂ ਨੇ ਰੀਹੈਬਿਲਿਟੇਸ਼ਨ ਸੈਂਟਰ ਫੌਰ ਸਪੈਸ਼ਲ ਚਿਲਡਰਨ (ਆਰਸੀਐੱਸਸੀ/ RCSC)- ਪ੍ਰਯਾਸ (Prayaas) ਦੇ ਸਟਾਫ਼ ਦੁਆਰਾ ਕੀਤੇ ਜਾ ਰਹੇ ਸਮਰਪਿਤ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਯੋਗਦਾਨ ਦੇ ਪ੍ਰਤੀ ਆਭਾਰ ਵਿਅਕਤ ਕੀਤਾ।

×