ਚੰਡੀਗੜ੍ਹ, 27 ਅਕਤੂਬਰ, 2025 – ਸਰਕਾਰੀ ਮਾਡਲ ਹਾਈ ਸਕੂਲ, ਕਰਸਾਣ (ਰਾਮਦਰਬਾਰ ਕਲੋਨੀ), ਫੇਜ਼-1, ਚੰਡੀਗੜ੍ਹ ਦੇ ਨਵੇਂ ਬਣੇ ਚਾਰ ਮੰਜ਼ਿਲਾ ਬਲਾਕ ਦਾ ਉਦਘਾਟਨ ਅੱਜ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਮੁੱਖ ਸਕੱਤਰ, ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੀਤਾ ਗਿਆ।

ਸਕੂਲ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਲਈ, ਪਹਿਲੀ ਇੱਕ ਮੰਜ਼ਿਲਾ ਇਮਾਰਤ ਨੂੰ ਢਾਹ ਕੇ ਇੱਕ ਨਵੀਂ ਚਾਰ ਮੰਜ਼ਿਲਾ ਇਮਾਰਤ ਨਾਲ ਬਦਲ ਦਿੱਤਾ ਗਿਆ। ਨਵੀਂ ਸੁਵਿਧਾ, ਜਿਸ ਦਾ ਕੁੱਲ ਕਵਰਡ ਏਰੀਆ 39,696 ਵਰਗ ਫੁੱਟ ਹੈ ਅਤੇ ਲਗਭਗ 16,000 ਵਰਗ ਫੁੱਟ ਦੀ ਪਾਰਕਿੰਗ ਜਗ੍ਹਾ ਹੈ, 9.54 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਇਸ ਆਧੁਨਿਕ ਬੁਨਿਆਦੀ ਢਾਂਚੇ ਨਾਲ ਆਸ-ਪਾਸ ਦੇ ਖੇਤਰਾਂ ਦੇ ਲਗਭਗ 600 ਵਿਦਿਆਰਥੀਆਂ ਨੂੰ ਲਾਭ ਹੋਵੇਗਾ।

ਨਵੇਂ ਉਦਘਾਟਨ ਕੀਤੇ ਗਏ ਬਲਾਕ ਵਿੱਚ 13 ਕਲਾਸਰੂਮ ਹਨ, ਜਿਨ੍ਹਾਂ ਵਿੱਚ ਇੱਕ ਮੀਟਿੰਗ ਰੂਮ, ਸਟਾਫ਼ ਰੂਮ, ਮੈਡੀਕਲ ਰੂਮ, ਸਪੋਰਟਸ ਰੂਮ, ਪ੍ਰਿੰਸੀਪਲ ਦਫ਼ਤਰ, ਪ੍ਰਬੰਧਕੀ ਦਫ਼ਤਰ, ਐੱਨਸੀਸੀ ਕਮਰਾ, ਕੈਮਿਸਟਰੀ ਲੈਬ, ਭੌਤਿਕ ਵਿਗਿਆਨ ਪ੍ਰਯੋਗਸ਼ਾਲਾ, ਜੀਵ ਵਿਗਿਆਨ ਪ੍ਰਯੋਗਸ਼ਾਲਾ, ਜਨਰਲ ਸਾਇੰਸ ਪ੍ਰਯੋਗਸ਼ਾਲਾ, ਸੰਗੀਤ ਕਮਰਾ, ਲਾਇਬ੍ਰੇਰੀ, ਸੈਮੀਨਾਰ ਹਾਲ, ਅਧਿਆਪਕਾਂ ਦੇ ਕਮਰੇ, ਸਟੋਰ ਅਤੇ ਲੜਕਿਆਂ, ਲੜਕੀਆਂ ਅਤੇ ਸਟਾਫ਼ ਲਈ ਵੱਖਰੇ ਪਖਾਨੇ ਹਨ। ਇਮਾਰਤ ਵਿੱਚ ਵ੍ਹੀਲ ਚੇਅਰ ਅਨੁਕੂਲ (ਬੈਰੀਅਰ ਫ੍ਰੀ) ਸੁਵਿਧਾਵਾਂ ਵੀ ਉਪਲਬਧ ਹਨ, ਨਾਲ ਹੀ ਰੈਂਪ ਅਤੇ ਪੌੜੀਆਂ ਦੀ ਵਿਵਸਥਾ ਵੀ ਕੀਤੀ ਗਈ ਹੈ।

ਇਸ ਮੌਕੇ ‘ਤੇ, ਮੁੱਖ ਸਕੱਤਰ ਨੇ ਸਕੂਲ ਦੇ ਕੈਂਪਸ ਵਿੱਚ ਇੱਕ ਪੌਦਾ ਲਗਾਇਆ ਅਤੇ ਹੋਣਹਾਰ ਵਿਦਿਆਰਥੀਆਂ ਦੇ ਨਾਲ-ਨਾਲ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਉਨ੍ਹਾਂ ਦੇ ਸਮਰਪਣ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਇੰਜੀਨੀਅਰਿੰਗ ਵਿਭਾਗ, ਸ਼ਹਿਰੀ ਯੋਜਨਾ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਦੀ ਪ੍ਰੋਜੈਕਟਾਂ ਨੂੰ ਕੁਸ਼ਲਤਾ ਨਾਲ ਚਲਾਉਣ ਅਤੇ ਸਮੇਂ ‘ਤੇ ਪੂਰਾ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ, ਮੁੱਖ ਸਕੱਤਰ ਨੇ ਅਕਾਦਮਿਕ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਰਾਹੀਂ ਸਮਾਂ ਪ੍ਰਬੰਧਨ, ਅਨੁਸ਼ਾਸਨ ਅਤੇ ਸੰਪੂਰਨ ਵਿਕਾਸ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਧਿਆਨ ਕੇਂਦਰਿਤ ਰੱਖਣ, ਸਪਸ਼ਟ ਲਕਸ਼ ਨਿਰਧਾਰਿਤ ਕਰਨ ਅਤੇ ਗ਼ੈਰਜ਼ਰੂਰੀ ਭਟਕਣ ਤੋਂ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਫ਼ਲਤਾ ਨਿਰੰਤਰ ਯਤਨ ਅਤੇ ਆਤਮ-ਅਨੁਸ਼ਾਸਨ ਤੋਂ ਆਉਂਦੀ ਹੈ।

ਮੁੱਖ ਸਕੱਤਰ ਨੇ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਜਾਂ ਰੀਲਾਂ ਦੇਖਣ ਜਿਹੀਆਂ ਗ਼ੈਰ-ਉਤਪਾਦਕ ਆਦਤਾਂ ਨੂੰ ਰੋਕਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ “ਇੱਕ ਵਾਰ ਗੁਆਚਿਆ ਸਮਾਂ ਵਾਪਸ ਨਹੀਂ ਆ ਸਕਦਾ।” ਉਨ੍ਹਾਂ ਨੇ ਖਾਸ ਤੌਰ ‘ਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਅਤੇ ਭਵਿੱਖ ਨੂੰ ਆਕਾਰ ਦੇਣ ਲਈ ਇਸ ਮਹੱਤਵਪੂਰਨ ਦੌਰ ਦਾ ਸਦਉਪਯੋਗ ਕਰਨ ਦੀ ਸਲਾਹ ਦਿੱਤੀ।

ਸਕੂਲ ਦੀਆਂ ਪ੍ਰਾਪਤੀਆਂ ਦਾ ਉਲੇਖ ਕਰਦੇ ਹੋਏ, ਪ੍ਰਿੰਸੀਪਲ ਨੇ ਦੱਸਿਆ ਕਿ ਸਰਕਾਰੀ ਮਾਡਲ ਹਾਈ ਸਕੂਲ, ਕਰਸਾਣ ਨੇ ਹਾਲ ਹੀ ਦੇ ਸਾਲਾਂ ਵਿੱਚ ਅਕਾਦਮਿਕ ਅਤੇ ਬੁਨਿਆਦੀ ਢਾਂਚਾ ਦੋਹਾਂ ਖੇਤਰਾਂ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਸਕੂਲ ਨੇ 2025 ਵਿੱਚ 99% ਬੋਰਡ ਨਤੀਜਾ ਦਰਜ ਕੀਤਾ, ਬਿਹਤਰੀਨ ਸਕੂਲ ਪੁਰਸਕਾਰ (2023) ਅਤੇ ਸੋਲਰ ਸਕੂਲ ਪੁਰਸਕਾਰ (2021) ਪ੍ਰਾਪਤ ਕੀਤਾ, ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਮਾਣਯੋਗ ਪ੍ਰਸ਼ਾਸਕ ਤੋਂ ਰਾਜ-ਪੱਧਰੀ ਮਾਨਤਾ ਪ੍ਰਾਪਤ ਕੀਤੀ। ਗ਼ੈਰ-ਸਰਕਾਰੀ ਸੰਗਠਨਾਂ ਦੇ ਸਮਰਥਨ ਨਾਲ, ਸਕੂਲ ਮੁਫ਼ਤ ਵਰਦੀਆਂ, ਕਿਤਾਬਾਂ ਅਤੇ ਸਿੱਖਣ ਸਮੱਗਰੀ ਵੀ ਪ੍ਰਦਾਨ ਕਰਦਾ ਹੈ, ਜੋ ਕਿ ਸਮਾਵੇਸ਼ੀ ਅਤੇ ਸੰਪੂਰਨ ਸਿੱਖਿਆ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਇਸ ਮੌਕੇ ‘ਤੇ ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ, ਸਿੱਖਿਆ ਸਕੱਤਰ; ਸ਼੍ਰੀ ਸੀ.ਬੀ. ਓਝਾ, ਮੁੱਖ ਇੰਜੀਨੀਅਰ; ਸ਼੍ਰੀ ਰਾਜੀਵ ਕੁਮਾਰ ਮਹਿਤਾ, ਮੁੱਖ ਆਰਕੀਟੈਕਟ; ਸ਼੍ਰੀ ਰਾਜੀਵ ਤਿਵਾਰੀ, ਡਾਇਰੈਕਟਰ, ਲੋਕ ਸੰਪਰਕ ਵਿਭਾਗ; ਸੁਸ਼੍ਰੀ ਬਿੰਦੂ ਪੁਰੀ, ਡਿਪਟੀ ਡਾਇਰੈਕਟਰ ਸਕੂਲ ਸਿੱਖਿਆ; ਸ਼੍ਰੀ ਰਾਜਨ ਜੈਨ, ਜ਼ਿਲ੍ਹਾ ਸਿੱਖਿਆ ਅਧਿਕਾਰੀ, ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਮਾਪੇ ਅਤੇ ਵਿਦਿਆਰਥੀ ਉਪਸਥਿਤ ਰਹੇ ।

×