ਵਿਲੀ ਨੇ ਚੰਡੀਗੜ੍ਹ ਦੇ ਗੁਰਦੁਆਰਿਆਂ ਅਤੇ ਮੰਦਿਰਾਂ ਨੂੰ ਉਲੰਘਣਾਵਾਂ ਸਬੰਧੀ ਦਿੱਤੇ ਜਾ ਰਹੇ ਨੋਟਿਸਾਂ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ।

• ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ ਵੱਲੋਂ ਚੰਡੀਗੜ੍ਹ ਦੇ ਨਿਵਾਸੀਆਂ ਦੀਆਂ ਪੇਡ ਪਾਰਕਿੰਗ ਸਬੰਧੀ ਚਿੰਤਾਵਾਂ ਵੀ ਉਠਾਈਆਂ ਗਈਆਂ।

• ਵਿਲੀ ਨੇ ਚੰਡੀਗੜ੍ਹ ਦੇ ਨਾਮਜ਼ਦ ਕੌਂਸਲਰਾਂ ਵਿੱਚ ਸਿੱਖ ਅਲਪਮਤ ਲਈ 2 ਸੀਟਾਂ ਰਾਖਵੀਆਂ ਕਰਨ ਦੀ ਮੰਗ ਕੀਤੀ।

• ਵਿਲੀ ਨੇ ਚੰਡੀਗੜ੍ਹ ਵਿੱਚ ਸੀਨੀਅਰ ਸਿਟੀਜ਼ਨ ਅਤੇ ਵਿਧਵਾਵਾਂ ਦੀ ਪੈਨਸ਼ਨ ਵਿੱਚ ਵਾਧਾ ਕਰਨ ਦੀ ਵੀ ਮੰਗ ਕੀਤੀ।

ਚੰਡੀਗੜ੍ਹ, 14 ਮਈ: ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ ਅਤੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (ਐਸ.ਓ.ਆਈ.) ਦੇ ਸਾਂਝੇ ਡੈਲੀਗੇਸ਼ਨ ਨੇ ਚੰਡੀਗੜ੍ਹ ਦੇ ਮਾਨਯੋਗ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਦਿਆਂ ਚੰਡੀਗੜ੍ਹ ਦੇ ਧਾਰਮਿਕ ਸੰਸਥਾਨਾਂ, ਚੰਡੀਗੜ੍ਹ ਦੇ ਨਿਵਾਸੀਆਂ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਿਦਿਆਰਥੀਆਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਲੋਕਹਿਤ ਮੁੱਦੇ ਉਠਾਏ।

ਵਫ਼ਦ ਦੀ ਅਗਵਾਈ ਸਰਦਾਰ ਚਰਨਜੀਤ ਸਿੰਘ ਵਿਲੀ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ ਵੱਲੋਂ ਕੀਤੀ ਗਈ।

ਮੀਟਿੰਗ ਦੌਰਾਨ ਸਰਦਾਰ ਚਰਨਜੀਤ ਸਿੰਘ ਵਿਲੀ ਨੇ ਇੱਕ ਮੈਮੋਰੈਂਡਮ ਸੌਂਪਦਿਆਂ ਚੰਡੀਗੜ੍ਹ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਕਈ ਗੰਭੀਰ ਮਸਲਿਆਂ ਨੂੰ ਉਜਾਗਰ ਕੀਤਾ। ਮੁੱਖ ਤੌਰ ‘ਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾ ਰਹੇ ਉਲੰਘਣਾ ਨੋਟਿਸਾਂ ਦਾ ਮਾਮਲਾ ਉਠਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਮਾਣਯੋਗ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੰਡੀਗੜ੍ਹ ਦੇ ਸਾਰੇ ਧਾਰਮਿਕ ਸਥਾਨਾਂ ਨੂੰ ਇਕ-ਮੁਸ਼ਤ ਨੀਤੀ ਤਹਿਤ ਰੈਗੂਲਰ ਕੀਤਾ ਜਾਵੇ।

ਵਿਲੀ ਨੇ ਚੰਡੀਗੜ੍ਹ ਮਿਊਂਸਿਪਲ ਕਾਰਪੋਰੇਸ਼ਨ ਵਿੱਚ ਨਾਮਜ਼ਦ ਕੀਤੇ ਜਾਣ ਵਾਲੇ 9 ਕੌਂਸਲਰਾਂ ਵਿੱਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਦਾ ਮਸਲਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਮੰਗ ਕੀਤੀ ਕਿ ਲੋਕਤੰਤਰਿਕ ਪ੍ਰਕਿਰਿਆ ਵਿੱਚ ਨਿਰਪੱਖ ਨੁਮਾਇੰਦਗੀ ਲਈ ਘੱਟੋ-ਘੱਟ 2 ਨਾਮਜ਼ਦ ਕੌਂਸਲਰਾਂ ਦੀਆਂ ਸੀਟਾਂ ਸਿੱਖ ਭਾਈਚਾਰੇ ਲਈ ਰਾਖਵੀਆਂ ਕੀਤੀਆਂ ਜਾਣ।

ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਮਿਲ ਰਹੀ ਪੈਨਸ਼ਨ ਵਿੱਚ ਵਾਧਾ ਕਰਨ ਦਾ ਮਸਲਾ ਵੀ ਉਠਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਮਾਣਯੋਗ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਮੌਜੂਦਾ ਆਰਥਿਕ ਹਾਲਾਤਾਂ ਅਤੇ ਵਧ ਰਹੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਦੇਖਦਿਆਂ ਮੌਜੂਦਾ 1000 ਰੁਪਏ ਦੀ ਪੈਨਸ਼ਨ ਰਕਮ ਵਿੱਚ ਵਾਧਾ ਕੀਤਾ ਜਾਵੇ।

ਚੰਡੀਗੜ੍ਹ ਵਿੱਚ ਪਾਰਕਿੰਗ ਸਥਲਾਂ ਦੇ ਖਰਾਬ ਪ੍ਰਬੰਧਨ ਦਾ ਮਸਲਾ ਵੀ ਮਾਣਯੋਗ ਪ੍ਰਸ਼ਾਸਕ ਦੇ ਧਿਆਨ ਵਿੱਚ ਲਿਆਂਦਾ ਗਿਆ। ਵਿਲੀ ਨੇ ਦੱਸਿਆ ਕਿ ਪਾਰਕਿੰਗ ਸਥਲਾਂ ‘ਤੇ ਹੋ ਰਹੇ ਕੁਪ੍ਰਬੰਧ ਕਾਰਨ ਸ਼ਹਿਰ ਦੇ ਨਿਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਟਿੰਗ ਦੌਰਾਨ ਪਾਰਕਿੰਗ ਸਥਲਾਂ ਦੀ ਮੌਜੂਦਾ ਹਾਲਤ ਅਤੇ ਟ੍ਰੈਫਿਕ ਜਾਮ ਨੂੰ ਦਰਸਾਉਂਦੀਆਂ ਤਸਵੀਰਾਂ ਵੀ ਸੌਂਪੀਆਂ ਗਈਆਂ।

ਵਿਲੀ ਨੇ ਮਾਣਯੋਗ ਪ੍ਰਸ਼ਾਸਕ ਨੂੰ ਇਹ ਵੀ ਜਾਣੂ ਕਰਵਾਇਆ ਕਿ ਪੰਜਾਬ ਯੂਨੀਵਰਸਿਟੀ ਦੀਆਂ ਸੜਕਾਂ ਉੱਤੇ ਲੱਗੇ ਸਾਈਨ ਬੋਰਡਾਂ ਤੋਂ ਪੰਜਾਬੀ ਭਾਸ਼ਾ ਹਟਾ ਕੇ ਬੋਰਡ ਬਦਲੇ ਗਏ ਹਨ। ਪੰਜਾਬ ਯੂਨੀਵਰਸਿਟੀ ਵਿੱਚ ਨਵੇਂ ਤੌਰ ‘ਤੇ ਬਣੇ ਆਡੀਟੋਰੀਅਮ ਸਬੰਧੀ ਮਾਮਲਾ ਵੀ ਚਰਚਾ ਵਿੱਚ ਆਇਆ ਅਤੇ ਅਕਾਲੀ ਦਲ, ਚੰਡੀਗੜ੍ਹ ਨੇ ਮੰਗ ਕੀਤੀ ਕਿ ਇਸ ਦਾ ਨਾਮ ‘ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ’ ਦੇ ਨਾਮ ‘ਤੇ ਰੱਖਿਆ ਜਾਵੇ।

ਮਾਣਯੋਗ ਪ੍ਰਸ਼ਾਸਕ ਨੇ ਵਫ਼ਦ ਨੂੰ ਪੂਰਾ ਸਮਾਂ ਦਿੱਤਾ ਅਤੇ ਉਠਾਏ ਗਏ ਸਾਰੇ ਮਸਲਿਆਂ ਨੂੰ ਧੀਰਜ ਨਾਲ ਸੁਣਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਚਰਚਾ ਕੀਤੇ ਗਏ ਮਾਮਲਿਆਂ ‘ਤੇ ਲੋੜੀਂਦੀ ਕਾਰਵਾਈ ਲਈ ਸੰਬੰਧਿਤ ਪ੍ਰਸ਼ਾਸਨਿਕ ਵਿਭਾਗਾਂ ਨੂੰ ਯੋਗ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ ਮਾਣਯੋਗ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਦਾ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਚੰਡੀਗੜ੍ਹ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਸੁਣਨ ਲਈ ਆਪਣਾ ਕੀਮਤੀ ਸਮਾਂ ਦਿੱਤਾ।

×