ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਦੇ ਬੋਰਡ ਆਵ੍ ਡਾਇਰੈਕਟਰਸ ਦੀ ਮੀਟਿੰਗ ਅੱਜ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਮੁੱਖ ਸਕੱਤਰ, ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ-ਅਤੇ-ਚੇਅਰਮੈਨ, ਚੰਡੀਗੜ੍ਹ ਹਾਊਸਿੰਗ ਬੋਰਡ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਵਿੱਚ ਸ਼੍ਰੀ ਦੀਪਰਵਾ ਲਾਕੜਾ, ਵਿੱਤ ਸਕੱਤਰ; ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਜ਼ਿਲ੍ਹਾ ਕਮਿਸ਼ਨਰ-ਅਤੇ-ਇਸਟੇਟ ਅਫ਼ਸਰ; ਸ਼੍ਰੀ ਡੀ. ਕਾਰਤਿਕੇਯਨ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸੀਐੱਚਬੀ; ਸ਼੍ਰੀ ਰਾਜੀਵ ਮਹਿਤਾ, ਮੁੱਖ ਆਰਕੀਟੈਕਟ; ਸ਼੍ਰੀ ਸੀ.ਬੀ. ਓਝਾ, ਮੁੱਖ ਇੰਜੀਨੀਅਰ; ਸੀਐੱਚਬੀ ਬੋਰਡ ਆਵ੍ ਡਾਇਰੈਕਟਰਸ ਦੇ ਮੈਂਬਰ, ਜਿਨ੍ਹਾਂ ਵਿੱਚ ਸ਼੍ਰੀ ਬਲਬੀਰ ਸਿੰਘ ਢੋਲ, ਸ਼੍ਰੀ ਵਿਨੋਦ ਜੋਸ਼ੀ ਅਤੇ ਸ਼੍ਰੀ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਸ਼ਾਮਲ ਸਨ; ਅਤੇ ਸ਼੍ਰੀ ਸੌਰਭ ਕੁਮਾਰ ਅਰੋੜਾ, ਸਕੱਤਰ, ਸੀਐੱਚਬੀ ਨੇ ਸ਼ਿਰਕਤ ਕੀਤੀ।

ਇਹ ਮੀਟਿੰਗ ਮੁੱਖ ਤੌਰ ‘ਤੇ ਸੀਐੱਚਬੀ ਦੇ ਸੀਈਓ ਦੀ ਪ੍ਰਧਾਨਗੀ ਵਿੱਚ 11.05.2026 ਦੇ ਹੁਕਮਾਂ ਰਾਹੀਂ ਗਠਿਤ ਕਮੇਟੀ ਵੱਲੋਂ ਸੀਐੱਚਬੀ ਰਿਹਾਇਸ਼ੀ ਇਕਾਈਆਂ ਵਿੱਚ ਜ਼ਰੂਰਤ-ਅਧਾਰਿਤ ਤਬਦੀਲੀਆਂ ਬਾਰੇ ਸੌਂਪੀਆਂ ਗਈਆਂ ਰਿਪੋਰਟਾਂ ‘ਤੇ ਚਰਚਾ ਕਰਨ ਲਈ ਬੁਲਾਈ ਗਈ ਸੀ। ਇਸ ਕਮੇਟੀ ਨੇ ਸੀਐੱਚਬੀ ਦੀਆਂ ਸੁਤੰਤਰ ਰਿਹਾਇਸ਼ੀ ਇਕਾਈਆਂ ਵਿੱਚ ਜ਼ਰੂਰਤ-ਅਧਾਰਿਤ ਤਬਦੀਲੀਆਂ ਅਤੇ ਸੀਐੱਚਬੀ ਦੀਆਂ ਸਾਰੀਆਂ ਰਿਹਾਇਸ਼ੀ ਇਕਾਈਆਂ ਵਿੱਚ ਲਿਫਟਾਂ ਲਗਾਉਣ ਬਾਰੇ ਆਪਣੀ ਰਿਪੋਰਟ ਸੌਂਪੀ ਸੀ। ਕਮੇਟੀ ਦੀਆਂ ਰਿਪੋਰਟਾਂ ‘ਤੇ ਵਿਸਤਾਰਪੂਰਵਕ ਚਰਚਾ ਕੀਤੀ ਗਈ ਅਤੇ ਮਾਮੂਲੀ ਸੋਧਾਂ ਨਾਲ ਇਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ।

ਸੀਐੱਚਬੀ ਦੀਆਂ ਸੁਤੰਤਰ ਰਿਹਾਇਸ਼ੀ ਇਕਾਈਆਂ ਦੇ ਮਾਲਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ, ਜਿਸ ਵਿੱਚ ਉਨ੍ਹਾਂ ਦੀਆਂ ਰਿਹਾਇਸ਼ੀ ਇਕਾਈਆਂ ਨੂੰ ‘ਚੰਡੀਗੜ੍ਹ ਬਿਲਡਿੰਗ ਨਿਯਮ-2017’ ਅਨੁਸਾਰ ‘ਮਰਲਾ ਮਕਾਨਾਂ’ ਦੇ ਸਮਾਨ ਮੰਨਣ ਦੀ ਗੱਲ ਕਹੀ ਗਈ ਸੀ, ਨੂੰ ਬੋਰਡ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।

ਬੋਰਡ ਨੇ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਸਾਰੇ ਸੀਐੱਚਬੀ ਫਲੈਟਾਂ ਅਤੇ ਰਿਹਾਇਸ਼ੀ ਇਕਾਈਆਂ ਵਿੱਚ ਲਿਫਟਾਂ ਲਗਾਉਣ ਨੂੰ ਵੀ ਮਨਜ਼ੂਰੀ ਦਿੱਤੀ। ਅਰਜ਼ੀਆਂ ਰਜਿਸਟਰਡ ਆਰਕੀਟੈਕਟਾਂ ਦੁਆਰਾ ਸਵੈ-ਤਸਦੀਕ ਸਕੀਮ ਤਹਿਤ ਜਮ੍ਹਾਂ ਕਰਵਾਈਆਂ ਜਾਣਗੀਆਂ ਅਤੇ ਸੀਐੱਚਬੀ ​ਲਿਫਟ ਲਗਾਉਣ ਲਈ ਬਲਾਕ ਦੇ ਹਰੇਕ ਨਿਵਾਸੀ ਦੀ ਸਹਿਮਤੀ ਦੀ ਕੋਈ ਲਾਜ਼ਮੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਇੰਸਟਾਲੇਸ਼ਨ ਅਤੇ ਰੱਖ-ਰਖਾਅ ਦੇ ਖਰਚਿਆਂ ਵਿੱਚ ਯੋਗਦਾਨ ਦੇਣ ਲਈ ਤਿਆਰ ਕਿਸੇ ਵੀ ਨਿਵਾਸੀ ਨੂੰ ਪ੍ਰਸਤਾਵ ਵਿੱਚ ਸ਼ਾਮਲ ਹੋਣ ਅਤੇ ਲਿਫਟ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਨਿਵਾਸੀਆਂ ਵਿੱਚ ਵਿਵਾਦਾਂ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ (ਟੇਨਮੈਂਟਾਂ ਦੀ ਅਲਾਟਮੈਂਟ, ਪ੍ਰਬੰਧਨ ਅਤੇ ਵਿਕਰੀ) ਨਿਯਮ, 1979 ਦੇ ਧਾਰਾ 15 ਦੇ ਤਹਿਤ ਬਲਾਕ ਨੂੰ ਇੱਕ ਰਜਿਸਟਰਡ ਏਜੰਸੀ ਮੰਨ ਕੇ ਨਜਿੱਠਿਆ ਜਾਵੇਗਾ। ਇਸ ਉਦੇਸ਼ ਲਈ, ਇੱਕ ਬਲਾਕ ਦਾ ਅਰਥ ਹੈ ਸਾਰੀਆਂ ਰਿਹਾਇਸ਼ੀ ਇਕਾਈਆਂ ਜਿਨ੍ਹਾਂ ਤੱਕ ਇੱਕ ਸਾਂਝੀ ਪੌੜੀ ਰਾਹੀਂ ਪਹੁੰਚ ਕੀਤੀ ਜਾਂਦੀ ਹੈ। ਲਿਫਟਾਂ ਦੀ ਸਥਾਪਨਾ ਲਈ ਪ੍ਰਵਾਨਗੀ ਸੀਐੱਚਬੀ ਬੋਰਡ ਦੁਆਰਾ ਦਿੱਤੀ ਜਾਵੇਗੀ। ਇਨ੍ਹਾਂ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਵਿਸਤ੍ਰਿਤ ਸਟੈਂਡਰਡ ਅਪ੍ਰੇਟਿੰਗ ਪ੍ਰਕਿਰਿਆਵਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਵਿੱਚ ਅਰਜ਼ੀਆਂ ਦੀ ਪ੍ਰਕਿਰਿਆ ਅਤੇ ਸੰਪੂਰਨਤਾ ਸਰਟੀਫਿਕੇਟ ਜਾਰੀ ਕਰਨਾ ਸ਼ਾਮਲ ਹੈ।

​ਇਹ ਫ਼ੈਸਲੇ ਸੀਐੱਚਬੀ ਅਲਾਟੀਆਂ ਨੂੰ ਢਾਂਚਾਗਤ ਸੁਰੱਖਿਆ ਸੁਨਿਸ਼ਚਿਤ ਕਰਦੇ ਹੋਏ ਆਪਣੇ ਘਰਾਂ ਨੂੰ ਸੋਧਣ ਜਾਂ ਪੁਨਰ ਨਿਰਮਾਣ ਕਰਨ ਲਈ ਇੱਕ ਸਪਸ਼ਟ ਅਤੇ ਪਾਰਦਰਸ਼ੀ ਢਾਂਚਾ ਪ੍ਰਦਾਨ ਕਰਨਗੇ। ਲਿਫਟਾਂ ਦੀ ਵਿਵਸਥਾ ਵਿਸ਼ੇਸ਼ ਤੌਰ ‘ਤੇ ਸੀਨੀਅਰ ਨਾਗਰਿਕਾਂ, ਦਿੱਵਯਾਂਗਜਨਾਂ ਅਤੇ ਗਤੀਸ਼ੀਲਤਾ ਮੁਸ਼ਕਲਾਂ ਵਾਲੇ ਨਿਵਾਸੀਆਂ ਨੂੰ ਲਾਭ ਪਹੁੰਚਾਏਗੀ।

ਸੀਐੱਚਬੀ ਰਿਹਾਇਸ਼ੀ ਇਕਾਈਆਂ ਵਿੱਚ ਪੀਐੱਮ ਸੂਰਯ-ਘਰ: ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ਛੱਤ ‘ਤੇ ਸੋਲਰ ਫੋਟੋਵੋਲਟੈਕ ਦੀ ਸਥਾਪਨਾ ਦੇ ਮੁੱਦੇ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਬੋਰਡ ਨੇ ਪੀਐੱਮ ਸੂਰਯ-ਘਰ: ਮੁਫ਼ਤ ਬਿਜਲੀ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ੍ਹਾਂ ਸਥਾਪਨਾਵਾਂ ਨੂੰ ਸਖ਼ਤੀ ਨਾਲ ਮਨਜ਼ੂਰੀ ਦਿੱਤੀ। ਸੀਐੱਚਬੀ ਤੋਂ ਕਿਸੇ ਵੀ ਪੂਰਵ ਪ੍ਰਵਾਨਗੀ/ਐੱਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ।

ਹੁਣ, ਕਮੇਟੀ ਦੀਆਂ ਰਿਪੋਰਟਾਂ ਚੰਡੀਗੜ੍ਹ ਹਾਊਸਿੰਗ ਬੋਰਡ ਦੀਆਂ ਸਿਫ਼ਾਰਿਸ਼ਾਂ ਦੇ ਨਾਲ ਮਾਣਯੋਗ ਪ੍ਰਸ਼ਾਸਕ ਯੂਟੀ ਚੰਡੀਗੜ੍ਹ ਨੂੰ ਪ੍ਰਵਾਨਗੀ ਲਈ ਸੌਂਪੀਆਂ ਜਾਣਗੀਆਂ।