ਅੱਜ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਸੈਕਟਰ 16 ਵਿਖੇ ਸਵਪਨ ਫਾਊਂਡੇਸ਼ਨ ਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਂਝੇ ਤੌਰ ‘ਤੇ ਉੱਘੇ ਨਾਟਕਕਾਰ ਤੇ ਵਾਰਤਕ ਲੇਖਕ ਸੰਜੀਵਨ ਸਿੰਘ ਦੀ ਸ਼ਬਦ ਚਿੱਤਰਾਂ ਦੀ ਕਿਤਾਬ ‘ਬੜੇ ਚੇਤੇ ਆਉਂਦੇ ਨੇ…’ ‘ਤੇ ਵਿਚਾਰ-ਚਰਚਾ ਕਰਵਾਈ ਗਈ। ਸੰਜੀਵਨ ਦੀ ਇਸ ਤੋਂ ਪਹਿਲਾਂ ਉਹਨਾਂ ਦੀ ਵਾਰਤਕ ਕਿਤਾਬ ‘ਚੂੰਢੀਆਂ’ ਮਕਬੂਲ ਹੋ ਚੁੱਕੀ ਹੈ; ਉਹਨਾਂ ਦੀਆਂ ਵੱਖ ਵੱਖ ਵਿਧਾਵਾਂ ਵਿਚ 15 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਅੱਜ, ਸਭ ਤੋਂ ਪਹਿਲਾਂ ਮੁੱਖ ਵਕਤਾ ਦੇ ਤੌਰ ‘ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਨੌਜਵਾਨ ਆਲੋਚਕ ਡਾ. ਪਵਨ ਕੁਮਾਰ ਨੇ ਕਿਹਾ ਕਿ ਕਿਤਾਬ ਦਾ ਸਿਰਲੇਖ ਵਧੀਆ ਹੈ ਤੇ ਸ਼ਬਦ ਚਿੱਤਰਾਂ ਦੀ ਤਰਜ਼ੁਮਾਨੀ ਕਰਦਾ ਹੈ। ਉਹਨਾਂ ਕਿਹਾ ਕਿ ਇਸ ਕਿਤਾਬ ਵਿਚ ਰਾਜਨੀਤੀ, ਸਮਾਜ ਮਹੱਤਵਪੂਰਨ ਤਰੀਕੇ ਨਾਲ ਪੇਸ਼ ਹੋਏ ਹਨ। ਉਹਨਾਂ ਅਗਾਂਹ ਕਿਹਾ ਕਿ ਇਸ ਕਿਤਾਬ ਦੀ ਇਹ ਖ਼ੂਬੀ ਹੈ ਕਿ ਬਹੁਤ ਪਹਿਲਾਂ ਦਾ ਵਾਪਰਿਆ ਤੁਹਾਡੀਆਂ ਅੱਖਾਂ ਸਾਹਮਣੇ ਸਾਕਾਰ ਕਰ ਦਿੰਦਾ ਹੈ; ਇਹ ਸ਼ਬਦ ਚਿਤਰ ਫਿਲਮ ਵਾਂਗ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਨ।
ਅਗਲੇ ਬੁਲਾਰੇ ਦੇ ਤੌਰ ‘ਤੇ ਉੱਘੇ ਲੇਖਕ ਪਾਲ ਅਜਨਬੀ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਸੰਜੀਵਨ ਇਕ ਪਰਪੱਕ ਲੇਖਕ ਹੈ। ਵੱਖ-ਵੱਖ ਸ਼ਖ਼ਸ਼ੀਅਤਾਂ ਬਾਰੇ ਲਿਖਣਾ ਔਖਾ ਹੈ। ਉਹਨਾਂ ਅਗਾਂਹ ਕਿਹਾ ਕਿ ਆਪਣੇ ਪੁਰਖਿਆਂ ਲਈ ਲੇਖਕ ਦੇ ਮਨ ਵਿਚ ਅਥਾਹ ਆਦਰ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਬੜੀਆਂ ਇਤਿਹਾਸਕ ਗੱਲਾਂ ਦਾ ਇਸ ਕਿਤਾਬ ਰਾਹੀਂ ਪਤਾ ਲੱਗਾ, ਜਿਨ੍ਹਾਂ ਦਾ ਉਸ ਨੂੰ ਨਹੀਂ ਸੀ ਪਤਾ।

ਉੱਘੇ ਗੀਤਕਾਰ ਤੇ ਵਾਰਤਕ ਲੇਖਕ ਸੁਰਜੀਤ ਸੁਮਨ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਇਸ ਪੁਸਤਕ ਨੂੰ ਪੜ੍ਹ ਕੇ ਉਹਨਾਂ ਨੂੰ ਕਈ ਗੀਤ ਚੇਤੇ ਆਏ। ਉਹਨਾਂ ਕਈ ਨੁਕਤੇ ਦਰਸ਼ਕਾਂ/ਸਰੋਤਿਆਂ ਨਾਲ ਸਾਂਝ ਕੀਤੇ।

ਉੱਘੇ ਰੰਗਕਰਮੀ ਬਲਕਾਰ ਸਿੱਧੂ ਨੇ ਆਪਣੇ ਅਨੁਭਵ ਨਾਲ ਕਈ ਥਾਂਈਂ ਹੋਰ ਤੱਥਾਂ ਦੀ ਗੁਜਾਇੰਸ਼ ਦੀ ਗੱਲ ਕੀਤੀ ਤੇ ਕਈ ਗੱਲਾਂ ਜੋੜੀਆਂ।

ਕੇਨੈਡਾਂ ਤੋਂ ਆਏ ਸੈਵਨਥ ਰਿਵਰ ਦੇ ਸੰਪਾਦਕ ਹਰਕੰਵਲਜੀਤ ਸਾਹਿਲ ਨੇ ਸੰਜੀਵਨ ਹੋਰਾਂ ਦੀ ਲੇਖਣੀ ਬਾਰੇ ਕਈ ਨੁਕਤੇ ਸਾਂਝੇ ਕੀਤੇ।

ਉੱਘੇ ਨਾਟਕਕਾਰ ਤੇ ਕਵੀ ਸ਼ਬਦੀਸ਼ ਨੇ ਕਿਤਾਬ ਨੂੰ ਤਿੰਨ ਹਿੱਸਿਆਂ ਵਿਚ ਵੰਡੀ ਹੋਣ ਬਾਰੇ ਗੱਲ ਕੀਤੀ। ਉਹਨਾਂ ਕਈ ਲੇਖਾਂ ਵਿਚ ਤੱਥਾਂ ਦੀ ਸੀਮਾਂ ਬਾਰੇ ਵੀ ਇਤਰਾਜ਼ ਉਠਾਇਆ। ਉਹਨਾਂ ਆਪਣੇ ਪਸੰਦੀਦਾ ਲੇਖਾਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ।

ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਈ ਸ਼ਾਇਰਾ ਕੁਲਵਿੰਦਰ ਕੋਮਲ ਨੇ ਇਹਨਾਂ ਸ਼ਬਦ ਚਿੱਤਰਾਂ ਦੇ ਕਈ ਕਿਰਦਾਰਾਂ ਨਾਲ ਨਿਜੀ ਸਾਂਝ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।

ਕਿਤਾਬ ਦੇ ਲੇਖਕ ਸੰਜੀਵਨ ਹੋਰਾਂ ਨੇ ਬੁਲਾਰਿਆਂ ਵੱਲੋਂ ਕਿਤਾਬ ਸੰਬੰਧੀ ਉਠਾਏ ਗਏ ਨੁਕਤਿਆਂ ਦਾ ਨਿਵਾਰਨ ਕੀਤਾ ਤੇ ਆਪਣੀ ਸਿਰਜਣ ਪ੍ਰਕ੍ਰਿਆ ਬਾਬਤ ਵੀ ਦੱਸਿਆ।

ਅੱਜ ਦੀ ਵਿਚਾਰ-ਚਰਚਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਹਿੰਦੀ, ਪੰਜਾਬੀ ਦੇ ਉੱਘੇ ਲੇਖਕ ਤੇ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕਰ ਚੁੱਕੇ ਸ਼੍ਰੀ ਪ੍ਰੇਮ ਵਿੱਜ ਨੇ ਕਿਹਾ ਕਿ ਬੜੀ ਮਹੱਤਵਪੂਰਨ ਚਰਚਾ ਸੁਣਨ ਨੂੰ ਮਿਲੀ। ਉਹਨਾਂ ਨੇ ਅਗਾਂਹ ਇਹ ਵੀ ਦੱਸਿਆ ਕਿ ਸ਼ਬਦ ਚਿੱਤਰਾਂ ਦੀ ਕੀ ਖ਼ੂਬੀ ਹੋਣੀ ਚਾਹੀਦੀ ਹੈ ਅਤੇ ਇਸ ਕਿਤਾਬ ਵਿਚਲੇ ਸ਼ਬਦ ਚਿੱਤਰ ਆਉਣ ਵਾਲ਼ੀਆਂ ਨਸਲਾਂ ਲਈ ਕਿੰਨੇ ਮਹੱਤਵਪੂਰਨ ਹੋ ਨਿਭੜਨਗੇ। ਉਹਨਾਂ ਆਪਣੀ ਗੱਲ ਕਰਦੇ ਹੋਏ ਸ਼ਬਦ ਚਿੱਤਰਾਂ ਵਿਚਲੇ ਕਈ ਕਿਰਦਾਰਾਂ ਨਾਲ ਆਪਣੀ ਨਿਜੀ ਸਾਂਝ ਦੀ ਵੀ ਗੱਲ ਕੀਤੀ।

ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਉੱਘੇ ਕਵੀ, ਚਿੱਤਰਕਾਰ ਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਅੱਜ ਦੀ ਸਾਰੀ ਚਰਚਾ ਨੂੰ ਬੜੀ ਸਾਰਥਿਕ ਦੱਸਿਆ।ਉਹਨਾਂ ਕਿਹਾ ਕਿ ਜਦ ਤੁਸੀਂ ਮੂਵਮੈਂਟ ਵਿਚ ਕਈ ਸਾਲ ਲਗਾਉਂਦੇ ਹੋ ਤਾਂ ਉਹਦੇ ਬਾਰੇ ਲਿਖ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋ ਤੇ ਸੰਜੀਵਨ ਨੇ ਅੱਜ ਇਹ ਜ਼ਿੰਮੇਵਾਰੀ ਨਿਭਾਈ ਹੈ। ਉਹਨਾਂ ਸੁਖਜੀਤ ਦੇ ਸ਼ਬਦ ਚਿੱਤਰ ਦਾ ਖ਼ਾਸ ਤੌਰ ‘ਤੇ ਜ਼ਿਕਰ ਕੀਤਾ।

ਆਖ਼ਰ ਵਿਚ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਉੱਘੇ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਸਾਰੀ ਚਰਚਾ ਨੂੰ ਮਹੱਤਵਪੂਰਨ ਦੱਸਦਿਆਂ ਮੁੱਖ ਵਕਤੇ ਦੇ ਭਾਸ਼ਨ ਨੂੰ ਸਰਾਹਿਆ। ਉਹਨਾਂ ਸ਼ਬਦ ਚਿੱਤਰ ਤੇ ਰੇਖਾ ਚਿੱਤਰ ਦੇ ਫਰਕ ‘ਤੇ ਵੀ ਚਾਨਣਾ ਪਾਇਆ। ਉਹਨਾਂ ਅਗਾਂਹ ਕਿਤਾਬ ਵਿਚ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ‘ਤੇ ਚਾਨਣਾ ਪਾਉਂਦਿਆਂ, ਇਸ ਕਾਰਨ ਨਿਕਲਣ ਵਾਲ਼ੇ ਸਿੱਟਿਆਂ ਬਾਬਤ ਤਾਕੀਦ ਕੀਤੀ। ਮੰਚ ਸੰਚਾਲਨ ਸ਼ਾਇਰ ਤੇ ਵਾਰਤਕਕਾਰ, ਸਵਪਨ ਫਾਊਂਡੇਸ਼ਨ, ਪਟਿਆਲਾ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਨਿਭਾਇਆ।
ਕਵੀ ਰੰਜੀਵਨ ਸਿੰਘ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿਚ ਅਜਾਇਬ ਔਜਲਾ, ਵਰਿੰਦਰ ਸਿਂਘ, ਭੁਪਿੰਦਰ ਮਲਿਕ, ਗੁਰਮਾਨ ਸੈਣੀ, ਕਰਨ ਸਹਰ, ਡਾ. ਹਰਬੰਸ ਕੌਰ ਗਿੱਲ, ਚਰਨਜੀਤ ਬਾਠ, ਜਗਤਾਰ ਜੋਗ, ਪੰਨਾ ਲਾਲ ਮੁਸਤਫ਼ਾਬਾਦੀ, ਸਤਨਾਮ ਸ਼ੋਕਰ,ਸਤੀਸ਼ ਚਾਵਲਾ ਕਹਾਣੀਕਾਰ ਸਰੂਪ ਸਿਆਲਵੀ ਆਦਿ ਨੇ ਸ਼ਿਰਕਤ ਕੀਤੀ।

×