26 ਤੋਂ 28 ਨਵੰਬਰ ਤੱਕ 72 ਘੰਟੇ ਦਾ ਦਿੱਤਾ ਜਾਵੇਗਾ ਲਗਾਤਾਰ ਧਰਨਾ।
9 ਨਵੰਬਰ ਤੋਂ ਧੰਨੋਵਾਲੀ ਫਾਟਕ, ਜਲੰਧਰ ਵਿਖੇ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਲਾਇਆ ਜਾਵੇਗਾ ਪੱਕਾ ਮੋਰਚਾ।

ਅੱਜ ਇੱਥੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਬੂਟਾ ਸਿੰਘ ਸ਼ਾਦੀਪੁਰ, ਰਲਦੂ ਸਿੰਘ ਮਾਨਸਾ ਅਤੇ ਜੰਗਵੀਰ ਸਿੰਘ ਚੌਹਾਨ ਨੇ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨਗੀ ਮੰਡਲ ਨੇ ਦੱਸਿਆ ਕਿ ਪੰਜ ਕਿਸਾਨ ਜਥੇਬੰਦੀਆਂ ਨਾਲ ਏਕਤਾ ਬਾਰੇ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਹੈ। ਏਕਤਾ ਲਈ ਗੱਲਬਾਤ ਉਸਾਰੂ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਇਹਨਾਂ ਪੰਜ ਕਿਸਾਨ ਜਥੇਬੰਦੀਆਂ ਨੇ 26 ਤੋਂ 28 ਨਵੰਬਰ ਤੱਕ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ।
ਇਸ ਤੋਂ ਇਲਾਵਾ ਪਿੰਡਾਂ ਵਿੱਚ ਨਿਊਜਕਲਿੱਕ ਖਿਲਾਫ ਦਰਜ ਕੀਤੀ ਐਫਆਈਆਰ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ। ਛੇ ਨਵੰਬਰ ਨੂੰ ਸਾਰੇ ਭਾਰਤ ਦੇ ਜਿਲਿਆਂ ਅਤੇ ਤਹਸੀਲਾਂ ਤੇ ਸਰਕਾਰ ਅਤੇ ਨਿਊਜ ਕਲਿਕ ਐਫ਼ ਆਈ ਆਰ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਕਰਕੇ 26 ਤੋਂ 28 ਨਵੰਬਰ ਤੱਕ ਸਾਰੇ ਦੇਸ਼ ਦੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ 72 ਘੰਟੇ ਦੇ ਲੱਗਣ ਵਾਲੇ ਧਰਨਿਆਂ ਬਾਰੇ ਵਿਚਾਰ ਕੀਤੀ ਗਈ। ਇਸ ਸਬੰਧੀ ਸਾਰੀਆਂ ਜਥੇਬੰਦੀਆਂ ਨੇ ਟਰਾਲੀਆਂ ਅਤੇ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਗਿਣਤੀ ਨੋਟ ਕਰਵਾਈ। ਇਸ ਅਨੁਸਾਰ ਹਜ਼ਾਰਾਂ ਟਰਾਲੀਆਂ ਅਤੇ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ 26 ਨਵੰਬਰ ਨੂੰ ਚੰਡੀਗੜ੍ਹ ਵੱਲ ਕੂਚ ਕਰਨਗੇ।

ਪ੍ਰਧਾਨਗੀ ਮੰਡਲ ਨੇ ਦੱਸਿਆ ਕਿ ਪ੍ਰੋਗਰਾਮ ਦੀਆਂ ਮੰਗਾਂ ਵਿੱਚ ਕੇਂਦਰ ਸਰਕਾਰ ਨਾਲ ਬਕਾਇਆ ਮੰਗਾਂ ਤੋਂ ਇਲਾਵਾ ਪੰਜਾਬ ਦੀਆਂ ਮੰਗਾਂ ਜਿਵੇਂ ਹੜਾਂ ਅਤੇ ਗੜੇਮਾਰੀ ਨਾਲ ਬਰਬਾਦ ਹੋਈਆਂ ਫਸਲਾਂ ਦਾ ਮੁਆਵਜਾ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜਾ ਅਤੇ ਨੌਕਰੀਆਂ, ਚਿਪ ਵਾਲੇ ਮੀਟਰ ਲਾਉਣ ਦੇ ਖਿਲਾਫ ਅਤੇ ਗੰਨਾ ਕਿਸਾਨਾਂ ਦਾ ਬਕਾਇਆ ਅਤੇ ਐੱਮ ਐੱਸ ਪੀ ਤੇ ਸਬਜੀਆਂ, ਮੱਕੀ ਅਤੇ ਮੂੰਗੀ ਦੀ ਖਰੀਦ ਅਤੇ ਪਰਾਲ਼ੀ ਸਾੜਨ ਸਬੰਧੀ ਕਿਸਾਨਾਂ ਖਿਲਾਫ ਦਰਜ ਕੀਤੇ ਗਏ ਕੇਸ ਰੱਦ ਕਰਨਾ ਸ਼ਾਮਲ ਹਨ।

32 ਕਿਸਾਨ ਜਥੇਬੰਦੀਆਂ ਨੇ ਗੰਨਾ ਕਾਸ਼ਤਕਾਰਾਂ ਲਈ 450 ਰੁਪਏ ਪ੍ਰਤੀ ਕੁਇੰਟਲ ਗੰਨੇ ਦੇ ਭਾਅ ਦੀ ਮੰਗ ਕਰਨ ਦੇ ਨਾਲ ਨਾਲ ਦਸ ਨਵੰਬਰ ਤੋਂ ਖੰਡ ਮਿੱਲਾਂ ਨੂੰ ਚਾਲੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਹੜਾਂ ਨਾਲ ਖਰਾਬ ਹੋਏ ਗੰਨੇ ਦਾ ਮੁਆਵਜਾ ਦੇਣ ਵਗੈਰਾ ਮੰਗਾ ਨੂੰ ਲੈ ਕੇ ਨੌ ਨਵੰਬਰ ਨੂੰ ਧੰਨੋਵਾਲੀ ਫਾਟਕ ਜਲੰਧਰ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ।

ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਹਰਿੰਦਰ ਸਿੰਘ ਲੱਖੋਵਾਲ,ਬੂਟਾ ਸਿੰਘ ਬੁਰਜ ਗਿੱਲ, ਅੰਗਰੇਜ ਸਿੰਘ ਮੁਹਾਲੀ, ਸੁੱਖ ਗਿੱਲ ਮੋਗਾ, ਰਮਿੰਦਰ ਸਿੰਘ ਪਟਿਆਲਾ, ਹਰਦੇਵ ਸਿੰਘ ਸੰਧੂ,ਮੇਜਰ ਸਿੰਘ ਪੁੰਨਾਵਾਲ, ਸਤਿਨਾਮ ਸਿੰਘ ਬਹਿਰੂ, ਜਗਮਨਦੀਪ ਸਿੰਘ ਪੜੀ, ਸਤਨਾਮ ਸਿੰਘ ਅਜਨਾਲਾ, ਬੂਟਾ ਸਿੰਘ ਸ਼ਾਦੀਪੁਰ, ਬਲਜੀਤ ਸਿੰਘ, ਮਲੂਕ ਸਿੰਘ ਹੀਰਕੇ, ਬਲਵਿੰਦਰ ਸਿੰਘ ਰਾਜੂ ਔਲਖ, ਰਣਜੀਤ ਸਿੰਘ ਟਿਵਾਣਾ, ਰਵਿੰਦਰ ਕੌਰ ਗਿੱਲ, ਬਲਦੇਵ ਸਿੰਘ ਨਿਹਾਲ ਗੜ੍ਹ ਹਾਜ਼ਰ ਸਨ।

×