ਸਮਾਜ ਦੇ ਸਾਰੇ ਵਰਗਾਂ ਦੀ ਵਿਆਪਕ ਲਾਮਬੰਦੀ ਲਈ 2 ਫਰਵਰੀ ਨੂੰ ਜ਼ਿਲ੍ਹਾ ਪੱਧਰ ਤੇ ਕੀਤੀਆਂ ਜਾਣਗੀਆਂ ਤਾਲਮੇਲ ਮੀਟਿੰਗਾਂ
ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਤਾਨਾਸ਼ਾਹ ਨੀਤੀਆਂ ਵਿਰੁੱਧ ਲੋਕ ਸੰਪਰਕ ਮੁਹਿੰਮ ਨੂੰ ਤੇਜ਼ ਕਰਨ ਲਈ ਕੀਤੀ ਵਿਉਂਤਬੰਦੀ
ਲੁਧਿਆਣਾ 31 ਜਨਵਰੀ
( )ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਵਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਖਾਤਰ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪੰਜਾਬ ਦੇ ਵੱਖ ਵੱਖ ਵਰਗਾਂ ਨਾਲ ਸਬੰਧਤ ਜਥੇਬੰਦੀਆਂ ਦੀ ਹੋਈ ਮੀਟਿੰਗ ਨੇ ਇੱਕ ਵੱਡੀ ਕਨਵੈਨਸ਼ਨ ਦਾ ਰੂਪ ਧਾਰਨ ਕਰ ਲਿਆ। ਇਸ ਭਰਵੀਂ ਮੀਟਿੰਗ ਵਿੱਚ ਆੜਤੀ ਐਸੋਸੀਏਸ਼ਨਾਂ,ਦੋਧੀ ਡੈਅਰੀ ਦੇ ਧੰਦੇ ਨਾਲ ਜੁੜੀਆਂ ਜੱਥੇਬੰਦੀਆਂ, ਪੇਂਡੂ/ਖੇਤ ਮਜ਼ਦੂਰ, ਉਸਾਰੀ ਅਤੇ ਮਨਰੇਗਾ ਕਾਮੇ, ਬਿਜਲੀ, ਰੋਡਵੇਜ਼, ਰੇਲਵੇ,ਬੈਂਕ, ਅਧਿਆਪਕ ਅਤੇ ਹੋਰ
ਮੁਲਾਜ਼ਮ ਜੱਥੇਬੰਦੀਆਂ, ਵਿਦਿਆਰਥੀ,ਨੌਜਵਾਨ ਅਤੇ ਔਰਤਾਂ ਦੀਆਂ 60 ਦੇ ਲਗਭਗ ਜੱਥੇਬੰਦੀਆਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕਰਕੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣ ਦਾ ਅਹਿਦ ਲਿਆ। ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿੱਚ ਸੰਯੁਕਤ ਕਿਸਾਨ ਮੋਰਚਾ ਵਲੋਂ ਸਰਬਸ਼੍ਰੀ ਬਲਵੀਰ ਸਿੰਘ ਰਾਜੇਵਾਲ, ਪਰਮਿੰਦਰ ਸਿੰਘ ਪਾਲ ਮਾਜਰਾ, ਰਾਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ,ਡਾ.ਸਤਨਾਮ ਸਿੰਘ ਅਜਨਾਲਾ,ਮੇਜਰ ਸਿੰਘ ਪੁੰਨਾਵਾਲ, ਮਨਜੀਤ ਸਿੰਘ ਧਨੇਰ ਅਤੇ ਟਰੇਡ ਯੂਨੀਅਨਜ਼ ਵਲੋਂ ਨਿਰਮਲ ਸਿੰਘ ਧਾਲੀਵਾਲ,ਚੰਦਰ ਸ਼ੇਖਰ, ਜਗਦੀਸ਼ ਚੰਦ, ਮੰਗਤ ਰਾਮ ਲੌਂਗੋਵਾਲ ਸ਼ਾਮਲ ਸਨ।
ਸ਼ੁਰੂਆਤੀ ਤੋਰ ਤੇ ਬਲਬੀਰ ਸਿੰਘ ਰਾਜੇਵਾਲ, ਰਾਮਿੰਦਰ ਸਿੰਘ ਪਟਿਆਲਾ, ਨਿਰਮਲ ਸਿੰਘ ਧਾਲੀਵਾਲ ਅਤੇ ਚੰਦਰ ਸ਼ੇਖਰ ਨੇ ਸਾਰੀਆਂ ਜੱਥੇਬੰਦੀਆਂ ਸਾਹਮਣੇ ਅਜੰਡਾ ਪੇਸ਼ ਕਰਦਿਆਂ ਕਿਹਾ ਕਿ 16 ਫਰਵਰੀ ਦਾ ਭਾਰਤ ਬੰਦ ਦੇਸ਼ ਦੇ ਖੇਤੀ ਖੇਤਰ ਸਿੱਖਿਆਂ, ਟਰਾਂਸਪੋਰਟ, ਬਿਜਲੀ ਸਮੇਤ ਪਬਲਿਕ ਸੈਕਟਰ ਉੱਪਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਅਤੇ ਤਾਨਾਸ਼ਾਹ ਨੀਤੀਆਂ ਵਿਰੁੱਧ ਸਖਤ ਰੋਹ ਦਾ ਪ੍ਰਗਟਾਵਾ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਵਿੱਚ ਮੋਦੀ ਸਰਕਾਰ ਕਿਸਾਨਾਂ ਦੀਆਂ ਐਮ ਐਸ ਪੀ ਅਤੇ ਕਰਜ਼ਾ ਮੁਕਤੀ ਅਤੇ ਹੋਰ ਮੰਗਾਂ ਨਾਲ ਸਬੰਧਤ ਮਾਮਲਿਆਂ ਨੂੰ ਮੰਨਣ ਦਾ ਲਿਖਤੀ ਵਾਅਦਾ ਕਰਕੇ ਮੁੱਕਰ ਗਈ ਹੈ। ਉਸਨੇ ਇੱਕਲਾ ਕਿਸਾਨਾਂ ਨਾਲ ਹੀ ਵਿਸ਼ਵਾਸਘਾਤ ਨਹੀਂ ਕੀਤਾ ਬਲਕਿ ਸਮਾਜ ਦੇ ਹਰ ਤਬਕਾ ਚਾਹੇ ਉਹ ਮਜ਼ਦੂਰ ਹੋਣ,ਚਾਹੇ ਵਪਾਰੀ ਹੋਣ,ਚਾਹੇ ਮੁਲਾਜ਼ਮ, ਨੌਜਵਾਨ ਅਤੇ ਔਰਤਾਂ ਹੋਣ ਸੱਭ ਨੂੰ ਹੀ ਆਪਣੀਆਂ ਤਬਾਹਕੁੰਨ ਨੀਤੀਆਂ ਦਾ ਸ਼ਿਕਾਰ ਬਣਾਇਆ ਹੈ।ਚਾਰ ਲੇਬਰ ਕੋਡ, ਅਗਨੀਵੀਰ ਸਕੀਮ, ਕੌਮੀ ਸਿੱਖਿਆਂ ਨੀਤੀ ਅਤੇ ਹੁਣ ਹਿੱਟ ਐਂਡ ਰਨ ਕਾਨੂੰਨ ਆਦਿ ਇੱਕ ਤੋਂ ਬਾਅਦ ਇੱਕ ਮਾਮਲਾ ਇਸ ਦੇ ਗਵਾਹ ਹਨ। ਉਨ੍ਹਾਂ ਸਾਰੀਆਂ ਜੱਥੇਬੰਦੀਆਂ ਹਰੇਕ ਵਰਗ ਤੋਂ 16 ਫਰਵਰੀ ਦੇ ਭਾਰਤ ਬੰਦ ਲਈ ਸਹਿਯੋਗ ਅਤੇ ਸਮਰਥਨ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਹਾਜ਼ਰ ਜੱਥੇਬੰਦੀਆਂ ਵਿੱਚੋਂ ਬਿਜਲੀ ਅਤੇ ਰੋਡਵੇਜ਼ ਨਾਲ ਸਬੰਧਤ ਜੱਥੇਬੰਦੀਆਂ ਨੇ ਜਾਣਕਾਰੀ ਦਿੱਤੀ ਕਿ ਉਹ 16 ਨੂੰ ਮੁੰਕਮਲ ਹੜਤਾਲ ਲਈ ਤਿਆਰੀ ਸ਼ੁਰੂ ਕਰ ਚੁੱਕੇ ਹਨ ਇਸ ਸਬੰਧੀ ਮਹਿਕਮੇ ਨੂੰ ਨੋਟਿਸ ਦੇ ਚੁੱਕੇ ਹਨ। ਇਸੇ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫੋਰਮ ਨੇ ਦੱਸਿਆ ਕਿ ਉਨ੍ਹਾਂ ਨੇ 27 ਜਨਵਰੀ ਨੂੰ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਹੜਤਾਲ ਕਰਨ ਸਬੰਧੀ ਨੋਟਿਸ ਭੇਜ ਦਿੱਤਾ ਹੈ ਹੁਣ ਜ਼ਿਲਿਆਂ ਵਿੱਚ 2 ਫਰਵਰੀ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਵੀ ਪੰਜਾਬ ਸਰਕਾਰ ਨੂੰ ਹੜਤਾਲ ਕਰਨ ਸਬੰਧੀ ਨੋਟਿਸ ਭੇਜੇ ਜਾਣਗੇ।ਸਨਅਤੀ ਖੇਤਰ ਦੀਆਂ ਜੱਥੇਬੰਦੀਆਂ ਨੇ ਹੜਤਾਲ ਸਬੰਧੀ 1 ਫਰਵਰੀ ਤੱਕ ਮੈਨੇਜਮੈਂਟਾਂ ਨੂੰ ਨੋਟਿਸ ਦੇਣ ਦੀ ਜਾਣਕਾਰੀ ਸਾਂਝੀ ਕੀਤੀ।ਬੈਂਕ ਅਤੇ ਰੇਲਵੇ ਨਾਲ ਸਬੰਧਤ ਜੱਥੇਬੰਦੀਆਂ ਨੇ ਇੱਕ ਅੱਧੇ ਦਿਨ ਵਿਚ ਇਸ ਸਬੰਧੀ ਫੈਸਲਾ ਲੈਣ ਦਾ ਭਰੋਸਾ ਦਿੱਤਾ ਹੈ।
ਪੰਜਾਬ ਦੀਆਂ ਦੋਵੇਂ ਵੱਡੀਆਂ ਆੜਤੀ ਐਸੋਸੀਏਸ਼ਨਾਂ ਨੇ ਉਸ ਦਿਨ ਸਾਰੀਆਂ ਮੰਡੀਆਂ ਬੰਦ ਕਰਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਖ੍ਰੀਦ ਕੇਂਦਰ,ਉਨ੍ਹਾਂ ਦੇ ਮੁਨੀਮ ਅਤੇ ਮਜ਼ਦੂਰ ਭਾਰਤ ਬੰਦ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣਗੇ। ਵਿਦਿਆਰਥੀ ਜੱਥੇਬੰਦੀਆਂ ਨੇ ਕੌਮੀ ਸਿੱਖਿਆਂ ਨੀਤੀ 2020 ਨੂੰ ਰੱਦ ਕਰਨ ਦੀ ਮੰਗ ਨੂੰ ਮੰਗਾਂ ਵਿਚ ਜੋੜਣ ਦੀ ਅਪੀਲ ਕੀਤੀ। ਉਸਾਰੀ ਅਤੇ ਨਿਰਮਾਣ ਖੇਤਰ ਦੀਆਂ ਜੱਥੇਬੰਦੀਆਂ ਨੇ 16 ਨੂੰ ਸਾਰੇ ਕੰਮ ਠੱਪ ਰੱਖ ਕੇ ਕਿਸਾਨਾਂ ਦੇ ਇੱਕਠਾਂ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਨੇ ਪਿੰਡਾਂ ਵਿੱਚ ਬੰਦ ਦੇ ਪ੍ਰਚਾਰ ਨੂੰ ਲੈਕੇ ਜਾਣ ਦਾ ਭਰੋਸਾ ਦਿਵਾਇਆ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਦੀਆਂ ਟਰਾਂਸਪੋਰਟ ਖੇਤਰ ਨਾਲ ਜੁੜੀਆਂ ਹੋਈਆਂ ਸਾਰੀਆਂ ਜੱਥੇਬੰਦੀਆਂ ਅਤੇ ਸਮੁੱਚੇ ਵਪਾਰ ਮੰਡਲਾਂ ਤੱਕ ਪਹੁੰਚ ਕਰਕੇ ਬੰਦ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾਵੇ।ਇਸ ਨੂੰ ਜ਼ਿਲ੍ਹਾ ਪੱਧਰ ਤੇ ਲਾਗੂ ਕਰਨ ਲਈ 2 ਫਰਵਰੀ ਨੂੰ ਜ਼ਿਲਿਆਂ ਵਿੱਚ 12 ਵਜੇ ਤਾਲਮੇਲ ਮੀਟਿੰਗਾਂ ਕੀਤੀਆਂ ਜਾਣਗੀਆਂ। ਅੱਗੇ ਅਜਿਹੀਆਂ ਮੀਟਿੰਗਾਂ 5 ਫਰਵਰੀ ਨੂੰ ਤਹਿਸੀਲ ਪੱਧਰ ਤੇ ਵੀ ਕੀਤੀਆਂ ਜਾਣਗੀਆਂ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਾਰੀਆਂ ਜੱਥੇਬੰਦੀਆਂ ਨੂੰ ਆਪਣੇ ਵਲੋਂ 16 ਫਰਵਰੀ ਨੂੰ ਕੀਤੇ ਜਾ ਰਹੇ ਜਾਮ ਅਤੇ ਬਾਕੀ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ।
ਮੀਟਿੰਗ ਨੇ ਸਾਂਝੇ ਰੂਪ ਵਿੱਚ ਫੈਸਲਾ ਕੀਤਾ ਕਿ 16 ਫਰਵਰੀ ਨੂੰ ਸਵੇਰ ਤੋਂ ਲੈਕੇ ਸ਼ਾਮ ਦੇ ਚਾਰ ਵਜੇ ਤੱਕ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾ।ਇਸ ਬੰਦ ਦੌਰਾਨ ਬਰਾਤਾਂ, ਐਂਬੂਲੈਂਸ ਅਤੇ ਮਰਗ ਨਾਲ ਸਬੰਧਤ ਗੱਡੀਆਂ ਨੂੰ ਛੋਟ ਦੇਣ ਦਾ ਫੈਸਲਾ ਵੀ ਕੀਤਾ ਗਿਆ।
ਅੱਜ ਦੀ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਦੋਵੇਂ ਆੜਤੀ ਐਸੋਸੀਏਸ਼ਨਾਂ,ਏਟਕ,ਸੀਟੂ, ਇਫਟੂ,ਏਕਟੂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜਦੂਰ ਯੂਨੀਅਨ, ਨਰੇਗਾ ਮਜ਼ਦੂਰ ਯੂਨੀਅਨ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ,ਪੰਜਾਬ ਸਟੂਡੈਂਟਸ ਯੂਨੀਅਨ,ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਜੁਆਇੰਟ ਫੋਰਮ ਬਿਜਲੀ ਬੋਰਡ ਆਲ ਇੰਡੀਆ ਬੈਂਕ ਇੰਪਲਾਈਜ ਐਸੋਸੀਏਸ਼ਨ, ਉਸਾਰੀ ਅਤੇ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ,ਪੰਨ ਬੱਸ ਕੰਟਰੈਕਟ ਯੂਨੀਅਨ, ਆਂਗਨਵਾੜੀ ਮੁਲਾਜ਼ਮ ਯੂਨੀਅਨ, ਗੌਰਮਿੰਟ ਮੋਟਰ ਵਰਕਰ ਯੂਨੀਅਨ,ਹੀਰੋ ਸਾਈਕਲ ਅਤੇ ਮੋਟਰ ਵਰਕਰ ਯੂਨੀਅਨ, ਪੈਪਸੀਕੋ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਮੋਰਚਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ,ਨੋਰਦਰਨ ਰੇਲਵੇ ਵਰਕਰ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਗੌਰਮਿੰਟ ਟੀਚਰਜ਼ ਯੂਨੀਅਨ, ਦੋਧੀ ਡੈਅਰੀ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਕੁੱਲ ਹਿੰਦ ਯੂਥ ਫੈਡਰੇਸ਼ਨ, ਇਸਤਰੀ ਜਾਗ੍ਰਿਤੀ ਮੰਚ ,ਪੰਜਾਬ ਇਸਤਰੀ ਸਭਾ ਅਤੇ ਮਜ਼ਦੂਰ ਅਧਿਕਾਰ ਸੁਰਕਸ਼ਾ ਅਭਿਆਨ ਸਮੇਤ ਕਈ ਹੋਰ ਜੱਥੇਬੰਦੀਆਂ ਨੇ ਭਾਗ ਲਿਆ।

ਜਾਰੀ ਕਰਤਾ

ਮੀਡੀਆ ਸੈੱਲ, ਸੰਯੁਕਤ ਕਿਸਾਨ ਮੋਰਚਾ
9463053401

×