ਪੰਜਾਬੀਆਂ ਵੱਲੋਂ ਭਰਵੇਂ ਹੁੰਗਾਰੇ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ
ਲੁਧਿਆਣਾ ਤੋਂ ਉਪ ਚੋਣ ਅਤੇ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਦਾ ਐਲਾਨ ਹੋਣ ‘ਤੇ ਲੜਨ ਦਾ ਫੈਸਲਾ : ਡਾ ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 27 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੰਸਦੀ ਬੋਰਡ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ: ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਅੱਜ ਪਾਰਟੀ ਦੀ ਚੱਲ ਰਹੀ ਭਰਤੀ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟਾਈ ਕਿ ਪੰਜਾਬੀਆਂ ਨੇ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ।
ਮੀਟਿੰਗ ਵਿੱਚ ਵਿਚਾਰ-ਵਟਾਂਦਰੇ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਭਰਤੀ ਮੁਹਿੰਮ ਲਈ 32 ਲੱਖ ਸਲਿੱਪਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 10 ਲੱਖ ਸਲਿੱਪਾਂ ਅੱਜ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਵਾਪਸ ਮਿਲ ਗਈਆਂ ਹਨ ਅਤੇ ਬਾਕੀ ਭਰਤੀ ਮੁਹਿੰਮ ਦੇ ਆਖਰੀ ਦਿਨ ਭਲਕੇ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਭਰਤੀ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰੇਗੀ ਅਤੇ ਉਸ ਅਨੁਸਾਰ ਫੈਸਲੇ ਲਵੇਗੀ। ਉਨ੍ਹਾਂ ਕਿਹਾ ਕਿ ਅਗਲੀ ਕਾਰਵਾਈ ਵਿੱਚ ਜ਼ਿਲ੍ਹਾ ਅਬਜ਼ਰਵਰ ਸਰਕਲ ਅਤੇ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਦੀ ਨਿਗਰਾਨੀ ਕਰਨਗੇ ਜੋ ਬਦਲੇ ਵਿੱਚ ਸੂਬਾਈ ਡੈਲੀਗੇਟਾਂ ਦੀ ਚੋਣ ਕਰਨਗੇ ਜਿਸ ਤੋਂ ਬਾਅਦ ਸਮੇਂ ਸਿਰ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ।
ਡਾ.ਚੀਮਾ ਨੇ ਇਹ ਵੀ ਖੁਲਾਸਾ ਕੀਤਾ ਕਿ ਪਾਰਟੀ ਨੇ ਆਪਣੇ ਆਗੂਆਂ ਅਤੇ ਕਾਡਰਾਂ ਨੂੰ ਐਸਜੀਪੀਸੀ ਚੋਣਾਂ ਲਈ ਆਪਣੇ ਦਾਅਵੇ/ਇਤਰਾਜ਼ ਦਾਇਰ ਕਰਨ ਲਈ ਵੀ ਕਿਹਾ ਸੀ, ਜਿਸ ਦੀ ਆਖਰੀ ਮਿਤੀ 15 ਮਾਰਚ, 2025 ਸੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਗੁਰਦਵਾਰਾ ਚੋਣ ਕਮਿਸ਼ਨ ਵੱਲੋਂ ਸਿੰਘ/ਕੌਰ ਨੂੰ ਵੋਟਰਾਂ ਦੇ ਨਾਵਾਂ ਨਾਲ ਸ਼ਾਮਲ ਨਾ ਕੀਤੇ ਜਾਣ ਬਾਰੇ ਮਿਲੇ ਹੁੰਗਾਰੇ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਇਸ ਮਾਮਲੇ ‘ਤੇ ਕਾਨੂੰਨੀ ਰਾਏ ਲਵੇਗੀ ਅਤੇ ਇਸ ਮੁੱਦੇ ‘ਤੇ ਕਮਿਸ਼ਨ ਕੋਲ ਮੁੜ ਪਹੁੰਚ ਕਰੇਗੀ।
ਲੁਧਿਆਣਾ ਉਪ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਬਾਰੇ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਇਹ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦਗੀ ਦੀ ਇੱਛਾ ਨੂੰ ਪੂਰਾ ਕਰਨ ਲਈ ਹੀ ਆਪਣੇ ਉਮੀਦਵਾਰ ਦਾ ਛੇਤੀ ਐਲਾਨ ਕੀਤਾ ਸੀ।
ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਪਹਿਲਾਂ ਹੀ ਹੱਲ ਕੀਤੇ ਗਏ ਮੁੱਦਿਆਂ ‘ਤੇ ਖ਼ਬਰਾਂ ਪ੍ਰਕਾਸ਼ਿਤ ਕਰਨ ਲਈ ਸਕੀਮਾਂ ਦੀ ਬ੍ਰਾਂਡਿੰਗ/ਪੈਕੇਜਿੰਗ ਦੀ ਵੀ ਨਿੰਦਾ ਕੀਤੀ। ਉਹਨਾਂ ਕਿਹਾ ਕਿ 10ਵੀਂ ਜਮਾਤ ਤੱਕ ਸਾਰੇ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਨ ਦਾ ਫੈਸਲਾ 2008 ਵਿੱਚ ਲਿਆ ਗਿਆ ਸੀ ਅਤੇ ਉਹਨਾਂ ਨੇ ਬਤੌਰ ਸਿੱਖਿਆ ਮੰਤਰੀ 2015 ਵਿੱਚ ਇਸਨੂੰ ਲਾਗੂ ਕੀਤਾ ਸੀ। “ਹਰਜੋਤ ਬੈਂਸ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬੀ ਲਾਗੂ ਕਰਨ ਦੇ ਖੋਖਲੇ ਦਾਅਵੇ ਕਰ ਰਹੇ ਹਨ”, ਉਹਨਾਂ ਕਿਹਾ।


