ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸੁਖਨਾ ਝੀਲ ‘ਤੇ ‘ਨਸ਼ੇ ਦੇ ਖ਼ਿਲਾਫ਼ ਵਾਕਾਥੌਨ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਚੰਡੀਗੜ੍ਹ ਨੂੰ ਇੱਕ ਤੰਦਰੁਸਤ ਅਤੇ ਨਸ਼ਾ ਮੁਕਤ ਸ਼ਹਿਰ ਬਣਾਉਣ ਲਈ ਪ੍ਰਸ਼ਾਸਨ ਅਤੇ ਨਾਗਰਿਕਾਂ ਦੇ ਸੰਯੁਕਤ ਤੇ ਨਿਰੰਤਰ ਪ੍ਰਯਾਸਾਂ ਦਾ ਸੱਦਾ ਦਿੱਤਾ। ਇਹ ਵਾਕਾਥੌਨ ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗ ਦੁਆਰਾ ‘ਨਸ਼ਾ ਮੁਕਤ ਭਾਰਤ ਅਭਿਯਾਨ’ ਦੇ ਤਹਿਤ ਆਯੋਜਿਤ ਕੀਤੀ ਗਈ ਸੀ, ਜਿਸ ਦਾ ਉਦੇਸ਼ ਨਸ਼ੀਲੇ ਪਦਾਰਥਾਂ ਦੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ।
ਇਸ ਅਵਸਰ ‘ਤੇ ਪ੍ਰਸ਼ਾਸਕ ਦੇ ਨਾਲ ਗ੍ਰਹਿ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ; ਵਿੱਤ ਸਕੱਤਰ ਸ਼੍ਰੀ ਦਿਪਰਵਾ ਲਾਕੜਾ; ਸਮਾਜ ਭਲਾਈ ਸਕੱਤਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ; ਮੁੱਖ ਵਣਪਾਲ ਅਤੇ ਮੁੱਖ ਵਣਜੀਵ ਵਾਰਡਨ ਸ਼੍ਰੀ ਸੌਰਭ ਕੁਮਾਰ; ਅਤੇ ਸਮਾਜ ਭਲਾਈ ਡਾਇਰੈਕਟਰ ਸ਼੍ਰੀ ਨਵੀਨ ਰੱਤੂ ਉਪਸਥਿਤ ਰਹੇ।
ਪ੍ਰਸ਼ਾਸਕ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ, ਪਰਿਵਾਰਾਂ, ਭਾਈਚਾਰਿਆਂ ਅਤੇ ਨਾਗਰਿਕਾਂ ਦੇ ਸਮੂਹਿਕ ਪ੍ਰਯਾਸਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਦੇ ਦਰਮਿਆਨ ਅਧਿਕ ਜਾਗਰੂਕਤਾ ਵਧਾਉਣ ‘ਤੇ ਜ਼ੋਰ ਦਿੱਤਾ ਅਤੇ ਨੌਜਵਾਨਾਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਅਤੇ ਸਕਾਰਾਤਮਕ ਵਿਕਲਪ ਚੁਣਨ ਦੀ ਤਾਕੀਦ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ‘ਨਸ਼ਾ ਮੁਕਤ ਭਾਰਤ ਪ੍ਰਤਿੱਗਿਆ’ ਨਾਲ ਹੋਈ, ਜਿਸ ਵਿੱਚ ਪ੍ਰਤੀਭਾਗੀਆਂ ਨੇ ਨਸ਼ੇ ਤੋਂ ਦੂਰ ਰਹਿਣ ਅਤੇ ਚੰਡੀਗੜ੍ਹ ਨੂੰ ਇੱਕ ਸੁਰੱਖਿਅਤ ਅਤੇ ਤੰਦਰੁਸਤ ਸ਼ਹਿਰ ਬਣਾਉਣ ਵਿੱਚ ਯੋਗਦਾਨ ਦੇਣ ਦਾ ਸੰਕਲਪ ਲਿਆ।
ਪ੍ਰੋਗਰਾਮ ਦਾ ਇੱਕ ਵਿਸ਼ੇਸ਼ ਆਕਰਸ਼ਣ ਚੰਡੀਗੜ੍ਹ ਦੀਆਂ ਖੇਡ ਹਸਤੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਨੌਜਵਾਨਾਂ ਲਈ ਸਕਾਰਾਤਮਕ ਰੋਲ ਮਾਡਲ ਬਣਨ ਲਈ ਸਨਮਾਨਿਤ ਕਰਨਾ ਰਿਹਾ। ਸਨਮਾਨਿਤ ਹੋਣ ਵਾਲਿਆਂ ਵਿੱਚ ਅੰਤਰਰਾਸ਼ਟਰੀ ਜੂਡੋ ਖਿਡਾਰਨ ਸੁਸ਼੍ਰੀ ਐਂਗਲ ਯਾਦਵ; ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਸੁਸ਼੍ਰੀ ਸੰਯਮ; ਅੰਤਰਰਾਸ਼ਟਰੀ ਤਲਵਾਰਬਾਜ਼ੀ ਖਿਡਾਰਨ ਸੁਸ਼੍ਰੀ ਪ੍ਰਾਂਸ਼ੀ ਅਰੋੜਾ; ਅੰਤਰਰਾਸ਼ਟਰੀ ਤਲਵਾਰਬਾਜ਼ੀ ਖਿਡਾਰਨ ਸੁਸ਼੍ਰੀ ਯਸ਼ਕੀਰਤ ਕੌਰ ਹੇਅਰ; ਅਤੇ ਮੁੱਕੇਬਾਜ਼ ਸੁਸ਼੍ਰੀ ਗੁਰਸੀਰਤ ਕੌਰ, ਸ਼ਾਮਲ ਰਹੀਆਂ।
ਸਕੂਲ ਸਿੱਖਿਆ ਵਿਭਾਗ, ਚੰਡੀਗੜ੍ਹ ਟ੍ਰੈਫਿਕ ਪੁਲਿਸ ਅਤੇ ਖੇਡ ਵਿਭਾਗ ਦੇ ਪ੍ਰਤੀਭਾਗੀਆਂ ਦੇ ਨਾਲ-ਨਾਲ ਹੋਰ ਹਿਤਧਾਰਕਾਂ ਨੇ ਵੀ ਇਸ ਵਾਕਾਥੌਨ ਵਿੱਚ ਹਿੱਸਾ ਲਿਆ। ‘ਨਸ਼ੇ ਦੇ ਖ਼ਿਲਾਫ਼ ਵਾਕ’ ਦਾ ਸੰਦੇਸ਼ ਲੈ ਕੇ ਸਾਰੇ ਪ੍ਰਤੀਭਾਗੀ ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਦੇ ਵਿਰੁੱਧ ਇੱਕ ਮਜ਼ਬੂਤ ਅਤੇ ਇਕਜੁੱਟ ਸੰਦੇਸ਼ ਦੇਣ ਲਈ ਇਕੱਠੇ ਅੱਗੇ ਆਏ।
