ਰਾਏ ਕੇ ਕਲਾਂ ਪਿੰਡ ਦਾ ਕੀਤਾ ਦੌਰਾ, ਆਪਣੇ ਐਮ ਪੀ ਲੈਡ ਫੰਡ ਵਿਚੋਂ ਪਸ਼ੂ ਹਸਪਤਾਲ ਲਈ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਬਠਿੰਡਾ, 23 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਕਠਪੁਤਲੀ ਸ੍ਰੀ ਭਗਵੰਤ ਮਾਨ ਨੇ ਰਲ ਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਪੀਲ ਰੱਦ ਕਰ ਕੇ ਘਿਨੌਣਾ ਗੁਨਾਹ ਕੀਤਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਤੇ ਸ੍ਰੀ ਭਗਵੰਤ ਮਾਨ ਨੇ ਸਿੱਖ ਸੰਗਤ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਉਹਨਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਅਪੀਲ ਪਿਛਲੇ ਪੰਜ ਸਾਲਾਂ ਵਿਚ ਸੱਤ ਵਾਰ ਸਜ਼ਾ ਸਮੀਖਿਆ ਬੋਰਡ ਅੱਗੇ ਪੇਸ਼ ਕੀਤੀ ਗਈ ਜਿਸਨੇ ਹਰ ਵਾਰ ਆਖਿਆ ਕਿ ਅਪੀਲ ਵਿਚਾਰ ਅਧੀਨ ਹੈ ਪਰ ਹੁਣ ਉਸਨੂੰ ਧੱਕੇਸ਼ਾਹੀ ਨਾਲ ਰੱਦ ਕਰ ਦਿੱਤਾ ਗਿਆ। ਇਹ ਪ੍ਰੋ. ਭੁੱਲਰ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਆਪਣਾ ਸਿੱਖ ਵਿਰੋਧੀ ਚੇਹਰਾ ਆਪ ਹੀ ਬੇਨਕਾਬ ਕਰ ਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੰਦੀ ਸਿੰਘ ਦੀ ਹਾਲਾਤ ਬਦ ਤੋਂ ਬਦਤਰ ਹੋਣ ਦੇ ਹਾਲਾਤਾਂ ਤੋਂ ਜਾਣੂ ਹੋਣ ਸਮੇਤ ਕੇਸ ਦੇ ਤੱਥਾਂ ਦੀ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਪ੍ਰੋ. ਭੁੱਲਰ ਦੀ ਰਿਹਾਈ ਦੀ ਸਿਫਾਰਸ਼ ਕਰਨ ਤੋਂ ਨਾਂਹ ਕਰ ਦਿੱਤੀ। ਇਹ ਬਹੁਤ ਹੀ ਨਿੰਦਣਯੋਗ ਗੱਲ ਹੈ।

ਸਰਦਾਰ ਬਾਦਲ ਨੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਉਹ ਆਪ ਪਛਾਨਣ ਕਿ ਕੌਣ ਉਹਨਾਂ ਦੇ ਆਪਣੇ ਹਨ ਤੇ ਕੌਣ ਉਹਨਾਂ ਦੇ ਖਿਲਾਫ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਥ ਨੇ ਆਮ ਆਦਮੀ ਪਾਰਟੀ (ਆਪ) ਨੂੰ 92 ਸੀਟਾਂ ਜਿੱਤਣ ਵਿਚ ਮਦਦ ਕੀਤੀ ਪਰ ਹੁਣ ਇਹ ਲੋਕ ਪੰਥ ਨਾਲ ਧਰੋਹ ਕਮਾ ਰਹੇ ਹਨ। ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਨੇ ਇਹ ਵੀ ਸਾਬਤ ਕੀਤਾ ਹੈ ਕਿ ਦਿੱਲੀ ਦੀਆਂ ਪਾਰਟੀਆਂ ਦੇ ਮਨਾਂ ਵਿਚ ਸਿੱਖ ਭਾਵਨਾਵਾਂ ਪ੍ਰਤੀ ਕੋਈ ਸਤਿਕਾਰ ਨਹੀਂ ਹੈ।

ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਰਾਏ ਕੇ ਕਲਾਂ ਦਾਦੌਰਾ ਕੀਤਾ ਜਿਥੇ 250 ਤੋਂ ਜ਼ਿਆਦਾ ਦੁਧਾਰੂ ਪਸ਼ੂ ਧਨ ਦੀ ਮੌਤ ਹੋ ਗਈ ਹੈ ਅਤੇ ਉਹਨਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਿਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਇੰਨੀ ਵੱਡੀ ਵਿਚ ਦੁਧਾਰੂ ਪਸ਼ੂਆਂ ਦੀ ਮੌਤ ਦਾ ਕਾਰਣ ਸੂਬਾ ਪਸ਼ੂ ਪਾਲਣ ਵਿਭਾਗ ਵੱਲੋਂ ਸੰਕਟ ਨਾਲ ਨਜਿੱਠਣ ਵਿਚ ਕੀਤੀ ਦੇਰੀ ਹੈ। ਉਹਨਾਂ ਨੇ ਇਸ ਮੌਕੇ ਇਲਾਕੇ ਦੇ ਪਸ਼ੂ ਹਸਪਤਾਲ ਨੂੰ ਅਪਗ੍ਰੇਡ ਕਰਨ ਵਾਸਤੇ ਆਪਣੇ ਐਮ ਪੀ ਲੈਡ ਫੰਡਾਂ ਵਿਚੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਇਸ ਸਬੰਧ ਵਿਚ ਪਿੰਡ ਦੀ ਪੰਚਾਇਤ ਨੂੰ ਇਕ ਚਿੱਠੀ ਵੀ ਸੌਂਪੀ।

ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਰਾਏ ਕੇ ਕਲਾਂ ਤੇ ਸੂਚ ਪਿੰਡਾਂ ਵਿਚ ਜਿਹਨਾਂ ਦੇ ਦੁਧਾਰੂ ਪਸ਼ੂ ਬਿਮਾਰੀ ਫੈਲਣ ਨਾਲ ਮਰ ਗਏ ਹਨ, ਉਹਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਨੇ ਬਿਮਾਰੀ ਦਾ ਪਸਾਰ ਰੋਕਣ ਵਾਸਤੇ ਅਤੇ ਢੁਕਵੇਂ ਰੋਕਥਾਮ ਵਾਲੇ ਕਦਮ ਚੁੱਕਣ ਵਾਸਤੇ ਵੀ ਵੱਖਰੀ ਯੋਜਨਾ ਘੜਨ ਦਾ ਸੱਦਾ ਦਿੱਤਾ।

ਇਸ ਮੌਕੇ ਸੀਨੀਅਰ ਆਗੂ ਸਰਦਾਰ ਪ੍ਰਕਾਸ਼ ਸਿੰਘ ਭੱਟੀ ਤੇ ਸਰਦਾਰ ਬਲਕਾਰ ਸਿੰਘ ਬਰਾੜ ਵੀ ਹਾਜ਼ਰ ਸਨ।

×