ਸਵੈ-ਇੱਛਤ ਸੇਵਾ ਅਤੇ ਰੂਪਾਂਤਰਕਾਰੀ ਮਰੀਜ਼ ਦੇਖਭਾਲ਼ ਦੀ ਭਾਵਨਾ ਦਾ ਕੀਤਾ ਸਨਮਾਨ
“ਸਾਰਥੀ ਹਮਦਰਦੀ, ਕਰੁਣਾ, ਸਮਾਜਿਕ ਜ਼ਿੰਮੇਵਾਰੀ ਅਤੇ ਅਨੁਭਵਾਤਮਕ ਸਿੱਖਿਆ ‘ਤੇ ਅਧਾਰਿਤ ਹੈ; ਇਸ ਵਿੱਚ ਵਿਦਿਆਰਥੀਆਂ ਨੂੰ ਕੇਵਲ ਕੌਸ਼ਲ ਹੀ ਨਹੀਂ,ਬਲਕਿ ਹਿਰਦੇ ਦਾ ਜੀਵਨ ਭਰ ਦਾ ਪਰਿਵਰਤਨ ਪ੍ਰਾਪਤ ਹੁੰਦਾ ਹੈ” – ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਮੁੱਖ ਸਕੱਤਰ, ਚੰਡੀਗੜ੍ਹ ਪ੍ਰਸ਼ਾਸਨ
ਚੰਡੀਗੜ੍ਹ, 5 ਮਈ, 2026: ਇੱਕ ਮਹੱਤਵਪੂਰਨ ਉਪਲਬਧੀ ਦੇ ਰੂਪ ਵਿੱਚ, ਪੀਜੀਆਈਐੱਮਆਰ, ਚੰਡੀਗੜ੍ਹ ਨੇ ਅੱਜ ਦੂਸਰਾ ਵਾਰਸ਼ਿਕ ‘ਸਾਰਥੀ ਦਿਵਸ’ ਮਨਾਇਆ, ਜੋ ਸਾਰਥੀ (ਸਟੂਡੈਂਟਸ ਅਲਾਇੰਸ ਫੌਰ ਰਿਸਪੌਂਸਿਬਲ ਐਕਸ਼ਨ ਟੂ ਟ੍ਰਾਂਸਫਾਰਮ ਹੈਲਥਕੇਅਰ ਇੰਸਟੀਟਿਊਟਸ) ਦੇ ਦੋ ਸਫ਼ਲ ਵਰ੍ਹਿਆਂ ਨੂੰ ਸਮਰਪਿਤ ਹੈ। ਇਹ ਇੱਕ ਅਭਿਨਵ ਸਵੈਸੇਵੀ-ਅਧਾਰਿਤ ਪਹਿਲ ਹੈ ਜਿਸ ਦਾ ਉਦੇਸ਼ ਸੰਸਥਾਨ ਵਿੱਚ ਮਰੀਜ਼ ਦੇਖਭਾਲ਼ ਅਤੇ ਸੁਗਮਤਾ ਨੂੰ ਮਜ਼ਬੂਤ ਬਣਾਉਣਾ ਹੈ।
ਇਸ ਸਮਾਗਮ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਮੁੱਖ ਸਕੱਤਰ, ਚੰਡੀਗੜ੍ਹ ਪ੍ਰਸ਼ਾਸਨ ਸ਼ਾਮਲ ਹੋਏ, ਜਦਕਿ ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ, ਸਕੱਤਰ, ਸਿੱਖਿਆ, ਚੰਡੀਗੜ੍ਹ ਪ੍ਰਸ਼ਾਸਨ, ਵਿਸ਼ਿਸ਼ਟ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਇਸ ਅਵਸਰ ‘ਤੇ ਪੀਜੀਆਈਐੱਮਈਆਰ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ; ਸ਼੍ਰੀ ਪੰਕਜ ਰਾਏ, ਆਈਏਐੱਸ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ); ਪ੍ਰੋਫੈਸਰ ਸੰਜੈ ਜੈਨ, ਡੀਨ (ਖੋਜ); ਪ੍ਰੋਫੈਸਰ ਅਸ਼ੋਕ ਕੁਮਾਰ, ਮੈਡੀਕਲ ਸੁਪਰਡੈਂਟ, ਪੀਜੀਆਈਐੱਮਈਆਰ; ਸਹਿਤ ਹਿੱਸਾ ਲੈਣ ਵਾਲੇ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਐੱਨਐੱਸਐੱਸ ਕੋਆਰਡੀਨੇਟਰ ਦੇ ਵੀ ਉਪਸਥਿਤ ਰਹੇ।
ਪ੍ਰੋਗਰਾਮ ਵਿੱਚ ਪ੍ਰੋਜੈਕਟ ਸਾਰਥੀ ਦੀ ਵਿਸਤ੍ਰਿਤ ਪ੍ਰਸਤੁਤੀ ਦਿੱਤੀ ਗਈ, ਜਿਸ ਵਿੱਚ ਪਿਛਲੇ ਦੋ ਵਰ੍ਹਿਆਂ ਦੀ ਯਾਤਰਾ ਨੂੰ ਇੱਕ ਸੁਸੰਗਠਿਤ ਮਰੀਜ਼-ਸਹਾਇਤਾ ਪ੍ਰਣਾਲੀ ਦੇ ਰੂਪ ਵਿੱਚ ਦਰਸਾਇਆ ਗਿਆ। ਇੱਕ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਫਿਲਮ ਦੇ ਜ਼ਰੀਏ ਇਸ ਪਹਿਲ ਦੇ ਵਿਕਾਸ ਅਤੇ ਪ੍ਰਭਾਵ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਂ ਬਾਅਦ 25 ਸਹਿਭਾਗੀ ਵਿੱਦਿਅਕ ਸੰਸਥਾਵਾਂ ਨੂੰ ਉਨ੍ਹਾਂ ਦੇ ਅਨਮੋਲ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਪ੍ਰਿੰਸੀਪਲਾਂ, ਨੋਡਲ ਐੱਨਐੱਸਐੱਸ ਅਧਿਕਾਰੀਆਂ ਅਤੇ ਸਮਰਪਿਤ ਸਾਰਥੀ ਵਲੰਟੀਅਰਾਂ (‘ਬ੍ਰੇਵਹਾਰਟਸ’) ਨੂੰ ਪੀਜੀਆਈਐੱਮਈਆਰ ਵਿਖੇ ਮਰੀਜ਼ਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ ਨੇ ਸਾਰਥੀ ਪ੍ਰੋਗਰਾਮ ਦੀ ਹਮਦਰਦੀ, ਕਰੁਣਾ, ਸਮਾਜਿਕ ਜ਼ਿੰਮੇਵਾਰੀ ਅਤੇ ਅਨੁਭਵਾਤਮਕ ਸਿੱਖਿਆ ਦਾ ਸਸ਼ਕਤ ਸੰਗਮ ਦੱਸਿਆ। ਆਪਣੇ ਵਿਅਕਤੀਗਤ ਅਨੁਭਵ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੜੇ ਹਸਪਤਾਲਾਂ ਦੇ ਜਟਿਲ ਗਲਿਆਰਿਆਂ ਵਿੱਚ ਮਾਰਗਦਰਸ਼ਨ ਪ੍ਰਾਪਤ ਕਰਨਾ ਕਦੇ-ਕਦੇ ਸਭ ਤੋਂ ਸਮਰੱਥ ਵਿਅਕਤੀ ਲਈ ਵੀ ਕਠਿਨ ਹੋ ਸਕਦਾ ਹੈ; ਅਜਿਹੇ ਵਿੱਚ ਇਹ ਨੌਜਵਾਨ ਵਲੰਟੀਅਰ ਸੱਚੇ ‘ਸਾਰਥੀ’ ਬਣ ਕੇ ਮਰੀਜ਼ਾਂ ਨੂੰ ਸਨਮਾਨ ਅਤੇ ਸੰਵੇਦਨਸ਼ੀਲਤਾ ਦੇ ਨਾਲ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ।
ਮੁੱਖ ਸਕੱਤਰ ਨੇ ਕਿਹਾ ਕਿ ਅਜਿਹੀ ਸੇਵਾ ਤੋਂ ਪ੍ਰਾਪਤ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਵਲੰਟੀਅਰਾਂ ਦੇ ਨਾਲ ਜੀਵਨ ਭਰ ਰਹਿੰਦੀਆਂ ਹਨ ਅਤੇ ਉਹ ਜ਼ਿੰਮੇਵਾਰ ਅਤੇ ਆਦਰਸ਼ ਨਾਗਰਿਕ ਬਣਾਉਂਦੀਆਂ ਹਨ। ਉਨ੍ਹਾਂ ਸਾਰਿਆਂ ਨੂੰ ਸਮਾਜ ਸੇਵਾ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਸਮਾਜ ਵਿੱਚ ਯੋਗਦਾਨ ਦੇਣ ਦੇ ਅਨੇਕ ਅਵਸਰ ਉਪਲਬਧ ਹਨ। ਉਨ੍ਹਾਂ ਨੇ ਐੱਨਐੱਸਐੱਸ (NSS) ਅਤੇ ਮੇਰਾ ਯੁਵਾ ਭਾਰਤ (MY Bharat) ਨਾਲ ਜੁੜੇ ਵਲੰਟੀਅਰਾਂ ਸਹਿਤ ਸਾਰੇ ਪ੍ਰਤੀਭਾਗੀਆਂ ਦੇ ਸਮਰਪਣ ਦੀ ਸ਼ਲਾਘਾ ਕੀਤੀ।
ਪਹਿਲ ਦੇ ਵਿਆਪਕ ਪ੍ਰਭਾਵ ਤੋਂ ਪ੍ਰਭਾਵਿਤ ਹੋ ਕੇ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਕਿਹਾ, “ਪੀਜੀਆਈਐੱਮਈਆਰ (PGIMER) ਵਿੱਚ ਇੱਕ ਪਾਇਲਟ ਦੇ ਰੂਪ ਵਿੱਚ ਸ਼ੁਰੂ ਹੋਈ ਇਹ ਪਹਿਲ ਦੇਸ਼ ਦੇ ਸਭ ਤੋਂ ਵੱਡੇ ਸਮਾਜ ਸੇਵਾ ਅੰਦੋਲਨਾਂ ਵਿੱਚ ਵਿਕਸਿਤ ਹੋਣ ਦੀ ਸਮਰੱਥਾ ਰੱਖਦੀ ਹੈ। ਜਦੋਂ ਨੌਜਵਾਨ ਊਰਜਾ ਨੂੰ ਸੇਵਾ ਦੀ ਦਿਸ਼ਾ ਵਿੱਚ ਲਗਾਇਆ ਜਾਂਦਾ ਹੈ, ਤਾਂ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਦੇ ਅਨੁਭਵ ਨੂੰ ਬਦਲਿਆ ਜਾ ਸਕਦਾ ਹੈ।”
ਇਸ ਤੋਂ ਪਹਿਲਾਂ, ਪੀਜੀਆਈਐੱਮਈਆਰ ਦੇ ਡਾਇਰੈਕਟਰ, ਪ੍ਰੋ. ਵਿਵੇਕ ਲਾਲ ਨੇ
ਆਪਣੇ ਸੰਬੋਧਨ ਵਿੱਚ ਦੱਸਿਆ ਕਿ 6 ਮਈ, 2024 ਨੂੰ ਸ਼ੁਰੂ ਕੀਤੀ ਗਈ ਸਾਰਥੀ ਪਹਿਲ ਦੇ ਤਹਿਤ ਵਿਦਿਆਰਥੀ ਵਲੰਟੀਅਰਾਂ ਨੂੰ ਹਸਪਤਾਲ ਦੀ ਵਿਵਸਥਾ ਵਿੱਚ ਸ਼ਾਮਲ ਕਰਕੇ ਮਰੀਜ਼ਾਂ ਨੂੰ ਗ਼ੈਰ-ਕਲੀਨਿਕਲ ਪ੍ਰਕਿਰਿਆਵਾਂ ਜਿਵੇਂ ਕਿ ਰਜਿਸਟ੍ਰੇਸ਼ਨ, ਡਾਇਗਨੌਸਟਿਕਸ ਲਈ ਮਾਰਗਦਰਸ਼ਨ, ਵਿਭਿੰਨ ਸੇਵਾ ਬਿੰਦੂਆਂ ਦੇ ਦਰਮਿਆਨ ਆਵਾਜਾਈ ਅਤੇ ਬਜ਼ੁਰਗ ਅਤੇ ਲੋੜਵੰਦ ਰੋਗੀਆਂ ਦੀ ਸਹਾਇਤਾ- ਵਿੱਚ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਵਲੰਟੀਅਰਾਂ ਨੂੰ ਪਿਆਰ ਨਾਲ “ਬ੍ਰੇਵਹਾਰਟਸ” ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਪੀਜੀਆਈਐੱਮਈਆਰ ਦੇ ਕਰੁਣਾ, ਸੇਵਾ ਅਤੇ ਮਰੀਜ਼-ਕੇਂਦ੍ਰਿਤ ਦ੍ਰਿਸ਼ਟੀਕੋਣ ਦਾ ਪ੍ਰਤੀਕ ਦੱਸਿਆ। ਉਨ੍ਹਾਂ ਨੇ ਸਕੂਲ ਪ੍ਰਿੰਸੀਪਲਾਂ, ਅਧਿਆਪਕਾਂ, ਨੋਡਲ ਅਫ਼ਸਰਾਂ ਅਤੇ ਪ੍ਰਸ਼ਾਸਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਨਿਰੰਤਰ ਸਹਿਯੋਗ ਲਈ ਆਭਾਰ ਵਿਅਕਤ ਕੀਤਾ।
ਸੰਚਾਲਨ ਸਬੰਧੀ ਪ੍ਰਭਾਵ ਨੂੰ ਰੇਖਾਂਕਿਤ ਕਰਦੇ ਹੋਏ ਪੀਜੀਆਈਐੱਮਈਆਰ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਸ਼੍ਰੀ ਪੰਕਜ ਰਾਏ, ਆਈਏਐੱਸ, ਨੇ ਦੱਸਿਆ ਕਿ 2,000 ਤੋਂ ਅਧਿਕ ਵਿਦਿਆਰਥੀ ਵਲੰਟੀਅਰਾਂ ਨੇ ਸਮੂਹਿਕ ਤੌਰ ‘ਤੇ 1.24 ਲੱਖ ਤੋਂ ਵੱਧ ਸੇਵਾ ਘੰਟਿਆਂ ਦਾ ਯੋਗਦਾਨ ਪਾਇਆ ਹੈ, ਜਿਸ ਨਾਲ ਲੱਖਾਂ ਮਰੀਜ਼ਾਂ ਅਤੇ ਸੇਵਾਦਾਰਾਂ ਨੂੰ ਲਾਭ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਰਥੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਮਰੀਜ਼ਾਂ ਦੀ ਸੁਵਿਧਾ ਲਈ ਇੱਕ ਮਿਸਾਲੀ ਮਾਡਲ ਦੇ ਰੂਪ ਵਿੱਚ ਮਾਨਤਾ ਮਿਲੀ ਹੈ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਤੋਂ ਅਨੁਭਵਾਤਮਕ ਲਰਨਿੰਗ ਢਾਂਚੇ ਦੇ ਤਹਿਤ ਸਲਾਹਿਆ ਗਿਆ ਹੈ।
ਪ੍ਰੋਗਰਾਮ ਦਾ ਸਮਾਪਨ ਇਸ ਸੰਕਲਪ ਨਾਲ ਹੋਇਆ ਕਿ ਇਸ ਪਹਿਲ ਨੂੰ ਹੋਰ ਮਜ਼ਬੂਤ ਅਤੇ ਵਿਸਤਾਰਿਤ ਕੀਤਾ ਜਾਵੇਗਾ, ਤਾਕਿ ਦੇਸ਼ ਭਰ ਵਿੱਚ ਸਿਹਤ ਸੰਭਾਲ਼ ਸੰਸਥਾਵਾਂ ਵਿੱਚ ਇਸ ਦਾ ਪ੍ਰਭਾਵ ਹੋਰ ਅਧਿਕ ਵਿਆਪਕ ਹੋ ਸਕੇ ।