ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸੈਕਟਰ-25 ਸਥਿਤ ਬਾਲ ‘ਅਬਜ਼ਰਵੇਸ਼ਨ ਹੋਮ’ (ਨਿਗਰਾਨੀ ਗ੍ਰਹਿ), ‘ਸਪੈਸ਼ਲ ਹੋਮ’ (ਵਿਸ਼ੇਸ਼ ਗ੍ਰਹਿ) ਅਤੇ ‘ਪਲੇਸ ਆਵ੍ ਸੇਫਟੀ’ (ਸੁਰੱਖਿਅਤ ਥਾਂ); ਸੈਕਟਰ-15 ਸਥਿਤ ਲੜਕੀਆਂ ਲਈ ‘ਸਨੇਹਾਲਯ’ ਅਤੇ ‘ਸਪੈਸ਼ਲਾਇਜ਼ਡ ਅਡਾਪਸ਼ਨ ਏਜੰਸੀ’ (ਵਿਸ਼ੇਸ਼ ਗੋਦ ਲੈਣ ਵਾਲੀ ਏਜੰਸੀ) ਦਾ ਰਾਜ ਪੱਧਰੀ ਨਿਰੀਖਣ ਕੀਤਾ ਗਿਆ। ਇਨ੍ਹਾਂ ਸੰਸਥਾਵਾਂ ਵਿੱਚ ਕ੍ਰਮਵਾਰ ਕਾਨੂੰਨ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਸ਼ਾਮਲ ਬੱਚਿਆਂ ਅਤੇ ਦੇਖਭਾਲ਼ ਤੇ ਸੁਰੱਖਿਆ ਦੀ ਜ਼ਰੂਰਤ ਵਾਲੇ ਬੱਚਿਆਂ ਨੂੰ ਆਸਰਾ ਦਿੱਤਾ ਜਾਂਦਾ ਹੈ।
ਇਹ ਨਿਰੀਖਣ ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼੍ਰੀ ਨਵੀਨ ਰੱਤੂ, ਡੈਨਿਕਸ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਨਿਰੀਖਣ ਟੀਮ ਵਿੱਚ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਸ਼੍ਰੀ ਰਜਨੀਸ਼ ਕੁਮਾਰ; ਜੁਵੇਨਾਇਲ ਜਸਟਿਸ ਬੋਰਡ (ਬਾਲ ਨਿਆਂ ਬੋਰਡ) ਦੀਆਂ ਮੈਂਬਰ ਡਾ. ਸਤਿੰਦਰ ਕੌਰ ਸਚਦੇਵਾ ਅਤੇ ਸੁਸ਼੍ਰੀ ਅਨੀਤਾ ਸਿੰਘ; ਸਟੇਟ ਅਡਾਪਸ਼ਨ ਰਿਸੋਰਸ ਏਜੰਸੀ ਦੀ ਪ੍ਰੋਗਰਾਮ ਮੈਨੇਜਰ ਸੁਸ਼੍ਰੀ ਬਿਸਮਨ ਆਹੂਜਾ; ਬਾਲ ਭਲਾਈ ਕਮੇਟੀ ਦੇ ਮੈਂਬਰ ਸ੍ਰੀ ਨੀਲ ਰੌਬਰਟਸ ਅਤੇ ਸੁਸ਼੍ਰੀ ਰੁਪਾਲੀ ਗੌਤਮ ਅਤੇ ਸਿਹਤ ਸੇਵਾਵਾਂ ਵਿਭਾਗ, ਚੰਡੀਗੜ੍ਹ ਦੇ ਬਾਲ ਰੋਗ ਮਾਹਰ ਡਾ. ਵਿਵੇਕ ਤੇ ਡਾ. ਕੁਲਵਿੰਦਰ ਕੌਰ ਸ਼ਾਮਲ ਸਨ।
ਕਮੇਟੀ ਨੇ ਇਨ੍ਹਾਂ ਸੰਸਥਾਵਾਂ ਵਿੱਚ ਰੱਖੇ ਗਏ ਸਾਰੇ ਰਿਕਾਰਡਾਂ ਦਾ ਬਰੀਕੀ ਨਾਲ ਨਿਰੀਖਣ ਕੀਤਾ, ਜਿਨ੍ਹਾਂ ਵਿੱਚ ਉੱਥੇ ਰਹਿ ਰਹੇ ਬੱਚਿਆਂ ਦੀਆਂ ਕੇਸ ਫਾਇਲਾਂ ਅਤੇ ਕਾਉਂਸਲਿੰਗ ਰਜਿਸਟਰ ਸ਼ਾਮਲ ਸਨ। ਸਾਰੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਅਤੇ ਉਮਰ ਦੇ ਅਨੁਰੂਪ ਮਨੋਰੰਜਕ ਗਤੀਵਿਧੀਆਂ ਉਪਲਬਧ ਕਰਵਾਈਆਂ ਜਾ ਰਹੀਆਂ ਸਨ ਅਤੇ ਉਹ ਵਿੱਦਿਅਕ ਕਲਾਸਾਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈ ਰਹੇ ਸਨ। ਨਿਰੀਖਣ ਦੇ ਦੌਰਾਨ ਇਹ ਦੇਖਿਆ ਗਿਆ ਕਿ ਸਾਰੇ ਬੱਚੇ ਰਸਮੀ ਅਤੇ ਗ਼ੈਰ-ਰਸਮੀ ਸਿੱਖਿਆ ਪ੍ਰਣਾਲੀ ਨਾਲ ਜੁੜੇ ਹੋਏ ਹਨ। ਇਹ ਸੰਸਥਾਵਾਂ ਸਿਹਤ ਵਿਭਾਗ ਦੇ ਮਨੋਵਿਗਿਆਨੀਆਂ ਅਤੇ ਡਾਕਟਰਾਂ ਦੇ ਨਿਯਮਿਤ ਦੌਰਿਆਂ ਰਾਹੀਂ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦਾ ਧਿਆਨ ਰੱਖ ਰਹੀਆਂ ਹਨ।
ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਬੱਚਿਆਂ ਦੇ ਸੰਪੂਰਨ ਵਿਕਾਸ ਅਤੇ ਮਨੋਰੰਜਨ ਨੂੰ ਸੁਨਿਸ਼ਚਿਤ ਕਰਨ ਲਈ ਸਾਰੀਆਂ ਬਾਲ ਦੇਖਭਾਲ਼ ਸੰਸਥਾਵਾਂ ਵਿੱਚ ਖੇਡ ਮੁਕਾਬਲੇ ਆਯੋਜਿਤ ਕਰਨ ਦੇ ਨਿਰਦੇਸ਼ ਦਿੱਤੇ।


