ਯੂ.ਟੀ. ਚੰਡੀਗੜ੍ਹ ਦੇ ਇੰਜੀਨੀਅਰਿੰਗ ਵਿਭਾਗ ਨੇ ਸ਼ਹਿਰ ਵਿੱਚ ਸੜਕੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਯਾਤਰੀਆਂ ਨੂੰ ਨਿਰਵਿਘਨ, ਸੁਰੱਖਿਅਤ ਅਤੇ ਅਰਾਮਦਾਇਕ ਆਵਾਗਮਨ ਦੀ ਸੁਵਿਧਾ ਪ੍ਰਦਾਨ ਕਰਨ ਦੇ ਆਪਣੇ ਨਿਰੰਤਰ ਪ੍ਰਯਾਸਾਂ ਦੇ ਤਹਿਤ ਅੱਜ ਤੋਂ ਪ੍ਰਮੁੱਖ ਸੜਕਾਂ ਦੀ ਰੀਕਾਰਪੇਟਿੰਗ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ।

ਰੀਕਾਰਪੇਟਿੰਗ ਦਾ ਕਾਰਜ ਦਕਸ਼ਿਣ ਮਾਰਗ, ਪੂਰਵ ਮਾਰਗ ਅਤੇ ਸਾਰੰਗਪੁਰ ਰੋਡ ‘ਤੇ ਸ਼ੁਰੂ ਕੀਤਾ ਗਿਆ ਹੈ। ਮੌਜੂਦਾ ਸੜਕ ਦੀ ਸਥਿਤੀ, ਟ੍ਰੈਫਿਕ ਦੀ ਆਵਾਜਾਈ ਅਤੇ ਸਬੰਧਿਤ ਹਿੱਸਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਜ ਯੋਜਨਾਬੱਧ ਅਤੇ ਪੜਾਅਵਾਰ ਤਰੀਕੇ ਨਾਲ ਕੀਤਾ ਜਾ ਰਿਹਾ ਹੈ।

ਇੰਜੀਨੀਅਰਿੰਗ ਵਿਭਾਗ ਬਿਹਤਰ ਆਵਾਗਮਨ, ਸੜਕ ਸੁਰੱਖਿਆ ਵਧਾਉਣ ਅਤੇ ਪੂਰੇ ਚੰਡੀਗੜ੍ਹ ਵਿੱਚ ਸੰਪਰਕ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਸੜਕ ਸੁਧਾਰ ਕਾਰਜਾਂ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਕੀਤਾ ਜਾ ਰਿਹਾ ਹੈ। ਰੀ-ਕਾਰਪੇਟਿੰਗ ਨਾਲ ਲੰਬੇ ਸਮੇਂ ਦੀ ਵਰਤੋਂ ਅਤੇ ਮੌਸਮੀ ਹਾਲਤਾਂ ਕਾਰਨ ਸੜਕ ਦੀ ਸਤ੍ਹਾ ਵਿੱਚ ਆਈਆਂ ਖਰਾਬੀਆਂ ਅਤੇ ਨੁਕਸ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਮਿਲੇਗੀ।

ਵਿਭਾਗ ਨੇ ਸਬੰਧਿਤ ਅਧਿਕਾਰੀਆਂ ਅਤੇ ਫੀਲਡ ਸਟਾਫ਼ ਨੂੰ ਕਾਰਜ ਦੀ ਗੁਣਵੱਤਾ ਅਤੇ ਪ੍ਰਗਤੀ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ ਰੀਕਾਰਪੇਟਿੰਗ ਦਾ ਕਾਰਜ ਨਿਰਧਾਰਿਤ ਮਿਆਰਾਂ ਅਨੁਸਾਰ ਅਤੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ।

ਇੰਜੀਨੀਅਰਿੰਗ ਵਿਭਾਗ ਨੇ ਆਮ ਜਨਤਾ ਨੂੰ ਵੀ ਕਾਰਜ ਦੇ ਦੌਰਾਨ ਸਹਿਯੋਗ ਕਰਨ ਅਤੇ ਜ਼ਰੂਰਤ ਅਨੁਸਾਰ ਕਾਰਜਸਥਲਾਂ ‘ਤੇ ਲਾਗੂ ਟ੍ਰੈਫਿਕ ਡਾਇਵਰਜ਼ਨ, ਬੈਰੀਕੇਡਿੰਗ ਅਤੇ ਹੋਰ ਸੁਰੱਖਿਆ ਵਿਵਸਥਾਵਾਂ ਦਾ ਪਾਲਨ ਕਰਨ ਦੀ ਅਪੀਲ ਕੀਤੀ ਹੈ।

ਯੂ.ਟੀ. ਚੰਡੀਗੜ੍ਹ ਦਾ ਇੰਜੀਨੀਅਰਿੰਗ ਵਿਭਾਗ ਚੰਡੀਗੜ੍ਹ ਸ਼ਹਿਰ ਦੇ ਨਿਵਾਸੀਆਂ ਅਤੇ ਯਾਤਰੀਆਂ ਨੂੰ ਬਿਹਤਰ ਅਤੇ ਸੁਰੱਖਿਅਤ ਸੜਕ ਢਾਂਚਾ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ।