ਨਸ਼ਾ ਪੀੜ੍ਹਤ ਪਰਿਵਾਰਾਂ ਦਾ ਦੁੱਖ ਸੁਣ ਭਾਵੁਕ ਹੋਈ ਭਾਜਪਾ ਦੇ ਕੌਮੀ ਪ੍ਰਧਾਨ

ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕਰਵਾਉਣ ਲਈ ਸ਼ੁੱਕਰਵਾਰ ਨੂੰ ਪਠਾਨਕੋਟ ਆਏ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਉਦੋਂ ਭਾਵੁਕ ਹੋ ਗਏ ਜਦੋਂ ਨਸ਼ੇ ਦੀ ਭੇਟ ਚੜ੍ਹੇ ਇੱਕ ਨੌਜਵਾਨ ਦੀ ਮਾਂ ਆਪਣੀ ਵਿਥਿਆ ਸੁਣਾਉਂਦੀ ਉਨ੍ਹਾਂ ਸਾਹਮਣੇ ਰੋਣ ਲੱਗੀ, ਇਹ ਦ੍ਰਿਸ਼ ਇੰਨਾ ਭਾਵੁਕ ਸੀ ਕਿ ਨਿਤਿਨ ਨਬੀਨ ਦੀਆਂ ਵੀ ਅੱਖਾਂ ਭਰ ਆਈਆਂ।

ਪੰਜਾਬ ਦੌਰੇ ਤੋਂ ਵਾਪਸ ਜਾਣ ਤੋਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਭਾਵੁਕ ਪੋਸਟ ਨਾਲ ਵੀਡੀਓ ਪਾਈ ਹੈ। ਜਿਸ ਵਿੱਚ ਇੱਕ ਮਾਂ ਉਨ੍ਹਾਂ ਨਾਲ ਗੱਲ ਕਰਦਿਆਂ ਰੋ ਪੈਂਦੀ ਹੈ। ਜਿਸ ਤੋਂ ਭਾਵੁਕ ਹੋ ਕੇ ਉਹ ਆਪਣੀ ਸੀਟ ਤੋਂ ਖੜ੍ਹੇ ਹੋ ਜਾਂਦੇ ਹਨ। ਉਸ ਮਹਿਲਾਂ ਨੂੰ ਹੱਥ ਜੋੜ ਕੇ ਢਾਰਸ ਬੰਨ੍ਹਾਉਂਦੇ ਹਨ।

ਆਪਣੀ ਪੋਸਟ ਵਿੱਚ ਨਿਤਿਨ ਨਬੀਨ ਲਿਖਦੇ ਹਨ, ‘‘ਇਨ੍ਹਾਂ ਮਾਵਾਂ ਦਾ ਦਰਦ ਅੰਦਰ ਤੱਕ ਝੰਜੋੜ ਗਿਆ ਹੈ। ਇੱਕ ਮਾਂ ਲਈ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ ਕਿ ਉਸ ਦਾ ਪੁੱਤਰ ਉਸ ਦੀਆਂ ਅੱਖਾਂ ਸਾਹਮਣੇ ਨਸ਼ਿਆਂ ਕਾਰਨ ਦੁਨੀਆਂ ਤੋਂ ਚਲਾ ਜਾਵੇ।’’

ਦਰਅਸਲ ਸ਼ੁੱਕਰਵਾਰ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਨਿਤਿਨ ਨਵੀਨ ਨੇ ਕੁਝ ਅਜਿਹੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦੇ ਬੱਚੇ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕੇ ਹਨ ਜਾਂ ਇਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਨਸ਼ਿਆਂ ਵਿੱਚ ਡੁੱਬਦਾ ਦੇਖਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਸੰਕਟ ਨਾਲ ਨਜਿੱਠਣ ਲਈ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਅੱਗੇ ਆਉਣਾ ਪਵੇਗਾ।

ਵੀਡੀਓ ਵਿੱਚ ਜਿਸ ਤਰ੍ਹਾਂ ਦਾ ਦਰਦ ਉਨ੍ਹਾਂ ਦੇ ਚਿਹਰੇ ਉੱਤੇ ਦਿਖ ਰਿਹਾ ਹੈ, ਉਸ ਦਾ ਝਲਕਾਰਾ ਉਨ੍ਹਾਂ ਦੇ ਭਾਸ਼ਣ ਦੀ ਸ਼ੈਲ਼ੀ ਵਿੱਚ ਦਿਖਿਆ ਸੀ।

ਉਨ੍ਹਾਂ ਕਿਹਾ ਸੀ, ਪੰਜਾਬ ਦੀ ਪਛਾਣ ਨਸ਼ੇ ਨਹੀਂ ਹੋ ਸਕਦੀ, ਪੰਜਾਬ ਦੀ ਪਛਾਣ ਗੁਰੂਆਂ ਦੀ ਬਾਣੀ ਹੈ। ਪੰਜਾਬ ਦੀ ਪਛਾਣ ਕਿਸਾਨਾਂ ਦਾ ਪਸੀਨਾ ਹੈ, ਪੰਜਾਬ ਦੀ ਪਛਾਣ ਫੌਜੀ ਜਵਾਨਾਂ ਦਾ ਬਹਾਦਰੀ ਹੈ ਅਤੇ ਪੰਜਾਬ ਦੀ ਪਛਾਣ ਇਸ ਦੇ ਖਿਡਾਰੀਆਂ ਦਾ ਜਜ਼ਬਾ ਹੈ।