ਗਵਰਨਮੈਂਟ ਮਲਟੀ ਸਪੈਸ਼ਲਿਟੀ ਹੌਸਪਿਟਲ (ਜੀਐੱਮਐੱਸਐੱਚ), ਸੈਕਟਰ 16, ਚੰਡੀਗੜ੍ਹ ਨੇ ਆਪਣੀ ਇੰਟੈਗ੍ਰੇਟਿਡ ਪਬਲਿਕ ਹੈਲਥ ਲੈਬਾਰਟਰੀ (ਆਈਪੀਐੱਚਐੱਲ) ਵਿੱਚ ਬੋਨ ਮੈਰੋ ਐਸਪੀਰੇਸ਼ਨ ਸਰਵਿਸਿਜ਼ ਸ਼ੁਰੂ ਕੀਤੀਆਂ ਹਨ। ਇਸ ਨਾਲ ਖੂਨ ਸਬੰਧੀ ਵਿਕਾਰਾਂ ਦੀ ਜਾਂਚ ਦੀਆਂ ਸੁਵਿਧਾਵਾਂ ਹੋਰ ਮਜ਼ਬੂਤ ਹੋਣਗੀਆਂ। ਹਸਪਤਾਲ ਦੀ ਜ਼ਿਲ੍ਹਾ ਪ੍ਰਯੋਗਸ਼ਾਲਾ ਨੂੰ ਪੀਐੱਮ-ਅਭੀਮ (PM-ABHIM) ਦੇ ਤਹਿਤ ਇੰਟੈਗ੍ਰੇਟਿਡ ਪਬਲਿਕ ਹੈਲਥ ਲੈਬਾਰਟਰੀ (ਆਈਪੀਐੱਚਐੱਲ) ਦੇ ਰੂਪ ਵਿੱਚ ਅਪਗ੍ਰੇਡ ਕੀਤਾ ਗਿਆ ਸੀ, ਜੋ ਜੂਨ 2025 ਤੋਂ ਕਾਰਜਸ਼ੀਲ ਹੈ।

ਬੋਨ ਮੈਰੋ ਐਸਪੀਰੇਸ਼ਨ
ਬੋਨ ਮੈਰੋ ਸੈੱਲਾਂ ਦੀ ਜਾਂਚ ਕਰਨ ਦੀ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ। ਇਹ ਅਨੀਮੀਆ, ਪੈਨਸਾਇਟੋਪੀਨੀਆ, ਲਿਊਕੀਮੀਆ, ਲਿਮਫੋਮਾ, ਮਲਟੀਪਲ ਮਾਇਲੋਮਾ ਅਤੇ ਹੋਰ ਖੂਨ ਸਬੰਧੀ ਵਿਕਾਰਾਂ ਦੇ ਨਿਦਾਨ ਵਿੱਚ ਸਹਾਇਕ ਹੈ। ਜੀਐੱਮਐੱਸਐੱਚ-16 ਵਿੱਚ ਇਸ ਸੁਵਿਧਾ ਦੀ ਉਪਲਬਧਤਾ ਨਾਲ ਸਮੇਂ ‘ਤੇ ਜਾਂਚ ਕਰਵਾਉਣ ਵਿੱਚ ਮਦਦ ਮਿਲੇਗੀ। ਨਾਲ ਹੀ, ਇਸ ਪ੍ਰਕਿਰਿਆ ਨਾਲ ਮਰੀਜ਼ਾਂ ਨੂੰ ਉਚੇਰੇ ਮੈਡੀਕਲ ਕੇਂਦਰਾਂ ਵਿੱਚ ਜਾਣ ਦੀ ਜ਼ਰੂਰਤ ਘੱਟ ਹੋਵੇਗੀ ਅਤੇ ਉਨ੍ਹਾਂ ਨੂੰ ਅਧਿਕ ਸੁਵਿਧਾ ਮਿਲੇਗੀ।

ਇਹ ਸੇਵਾ ਹਸਪਤਾਲ ਪ੍ਰਸ਼ਾਸਨ ਅਤੇ ਪੈਥੋਲੋਜੀ ਵਿਭਾਗ ਦੇ ਮਾਰਗਦਰਸ਼ਨ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਗੁਣਵੱਤਾਪੂਰਨ ਜਾਂਚ ਸੇਵਾਵਾਂ, ਮਰੀਜ਼ਾਂ ਦੀ ਸੁਰੱਖਿਆ ਅਤੇ ਉਚਿਤ ਮੈਡੀਕਲ ਮੁੱਲਾਂਕਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਇਹ ਪਹਿਲ ਪਬਲਿਕ ਹੈਲਥ ਸਰਵਿਸਿਜ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਆਮ ਜਨਤਾ ਨੂੰ ਸੁਲਭ, ਕਿਫ਼ਾਇਤੀ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਹਸਪਤਾਲ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।