ਭਾਰਤ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਅਤੇ ਮਹੱਤਵਪੂਰਨ ਪ੍ਰਸ਼ਾਸਨਿਕ ਮਾਮਲਿਆਂ ਦੀ ਸਮੀਖਿਆ

ਯੂ.ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਵਿੱਚ ਪ੍ਰਸ਼ਾਸਨਿਕ ਸਕੱਤਰਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਮਹੱਤਵਪੂਰਨ ਪ੍ਰਸ਼ਾਸਨਿਕ ਮਾਮਲਿਆਂ ‘ਤੇ ਚਰਚਾ ਕੀਤੀ ਗਈ ਅਤੇ ਵਿਭਿੰਨ ਵਿਭਾਗਾਂ ਦੇ ਤਾਲਮੇਲ ਵਾਲੇ ਪ੍ਰਯਾਸਾਂ ਨਾਲ ਸਬੰਧਿਤ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਵਿੱਚ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਦੇ ਲਾਗੂਕਰਨ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ। ਮੁੱਖ ਸਕੱਤਰ ਨੇ ਸਬੰਧਿਤ ਵਿਭਾਗਾਂ ਨੂੰ ਯੋਜਨਾਵਾਂ ਦਾ ਪ੍ਰਭਾਵੀ ਅਤੇ ਸਮਾਂਬੱਧ ਲਾਗੂਕਰਨ ਸੁਨਿਸ਼ਚਿਤ ਕਰਨ, ਸ਼ਤ-
ਪ੍ਰਤੀਸ਼ਤ ਪਾਤਰ ਲਾਭਾਰਥੀਆਂ ਨੂੰ ਕਵਰ ਕਰਨ ਦੀ ਪ੍ਰਗਤੀ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਲੰਬਿਤ ਮਾਮਲਿਆਂ ਦਾ ਸਮੇਂ ‘ਤੇ ਸਮਾਧਾਨ ਕਰਨ ਦੇ ਨਿਰਦੇਸ਼ ਦਿੱਤੇ, ਤਾਕਿ ਸਾਰੇ ਪਾਤਰ ਲਾਭਾਰਥੀਆਂ ਤੱਕ ਯੋਜਨਾਵਾਂ ਦਾ ਲਾਭ ਪਹੁੰਚ ਸਕੇ।

ਮੀਟਿੰਗ ਵਿੱਚ ਸੇਵਾ ਸਹਿਕਾਰੀ ਸਭਾਵਾਂ ਦੇ ਗਠਨ ਬਾਰੇ ਵੀ ਚਰਚਾ ਕੀਤੀ ਗਈ। ਸਬੰਧਿਤ ਵਿਭਾਗ ਨੂੰ ਲਾਗੂ ਪ੍ਰਾਵਧਾਨਾਂ ਦੇ ਅਨੁਸਾਰ ਇਨ੍ਹਾਂ ਸੋਸਾਇਟੀਆਂ ਦੀ ਸਥਾਪਨਾ ਲਈ ਜ਼ਰੂਰੀ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਗਏ।

ਮੁੱਖ ਸਕੱਤਰ ਨੇ ਮਜ਼ਦੂਰਾਂ ਦੇ ਕਲਿਆਣ ਨਾਲ ਸਬੰਧਿਤ ਲੰਬਿਤ ਮਾਮਲਿਆਂ ‘ਤੇ ਵਿਚਾਰ ਕਰਨ ਲਈ ‘ਲੇਬਰ ਵੈਲਫੇਅਰ ਬੋਰਡ’ ਦੀ ਮੀਟਿੰਗ ਜਲਦੀ ਬੁਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮਜ਼ਦੂਰਾਂ ਨੂੰ ਕਿਰਤ ਕਲਿਆਣ ਯੋਜਨਾਵਾਂ ਦੀ ਜਾਣਕਾਰੀ ਦੇਣ ਅਤੇ ਇਨ੍ਹਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਕੈਂਪ ਅਤੇ ਹੋਰ ਜਨਜਾਗਰੂਕਤਾ ਗਤੀਵਿਧੀਆਂ ਆਯੋਜਿਤ ਕਰਨ ਦੇ ਵੀ ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਸਾਰੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਨੂੰ ਆਪਣੀਆਂ ਬੋਰਡ ਮੀਟਿੰਗਾਂ ਅਤੇ ਵਾਰਸ਼ਿਕ ਆਮ ਮੀਟਿੰਗਾਂ (ਏਜੀਐੱਮ) ਨਿਯਮਿਤ ਤੌਰ ‘ਤੇ ਆਯੋਜਿਤ ਕਰਨ ‘ਤੇ ਵੀ ਜ਼ੋਰ ਦਿੱਤਾ।

ਵਿਭਿੰਨ ਵਿਭਾਗਾਂ ਵਿੱਚ ‘ਤਰਸ ਦੇ ਅਧਾਰ ‘ਤੇ ਨਿਯੁਕਤੀ’ ਦੇ ਲੰਬਿਤ ਮਾਮਲਿਆਂ ‘ਤੇ ਵੀ ਚਰਚਾ ਕੀਤੀ ਗਈ। ਮੁੱਖ ਸਕੱਤਰ ਨੇ ਵਿਭਾਗਾਂ ਨੂੰ ਲਾਗੂ ਨਿਯਮਾਂ ਅਤੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਮਾਮਲਿਆਂ ਦੀ ਜਾਂਚ ਅਤੇ ਨਿਪਟਾਰੇ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਗ਼ੈਰਜ਼ਰੂਰੀ ਦੇਰੀ ਤੋਂ ਬਚਣ ਦੇ ਨਿਰਦੇਸ਼ ਦਿੱਤੇ।

‘ਸਿਟੀ ਗੈਸ ਡਿਸਟ੍ਰੀਬਿਊਸ਼ਨ’ ਦੇ ਸੁਚਾਰੂ ਲਾਗੂਕਰਨ ਲਈ ਮੁੱਖ ਸਕੱਤਰ ਨੇ ਨਗਰ ਨਿਗਮ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਜਾਰੀ ਨਿਯੰਤਰਣ ਆਦੇਸ਼ ਅਤੇ ਉਸ ਵਿੱਚ ਨਿਰਧਾਰਿਤ ਦਰਾਂ ਨੂੰ ਇੰਨਬਿੰਨ ਅਤੇ ਮੂਲ ਭਾਵਨਾ ਦੇ ਅਨੁਰੂਪ ਅਪਣਾਉਣ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ 26 ਅਕਤੂਬਰ,
2026 ਤੋਂ ਸ਼ੁਰੂ ਹੋਣ ਵਾਲੇ ਸਤਰਕਤਾ ਜਾਗਰੂਕਤਾ ਸਪਤਾਹ ਦੀਆਂ ਤਿਆਰੀਆਂ ‘ਤੇ ਵੀ ਚਰਚਾ ਕੀਤੀ ਗਈ। ਵਿਭਾਗਾਂ ਨੂੰ ਲੋਕ ਸੇਵਾ ਵਿੱਚ ਇਮਾਨਦਾਰੀ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਹੁਲਾਰਾ ਦੇਣ ਲਈ ਉਪਰੋਕਤ ਪ੍ਰੋਗਰਾਮ ਅਤੇ ਗਤੀਵਿਧੀਆਂ ਆਯੋਜਿਤ ਕਰਨ ਦੇ ਨਿਰਦੇਸ਼ ਦਿੱਤੇ ਗਏ।

ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਮੀਟਿੰਗ ਵਿੱਚ ਚਰਚਾ ਕੀਤੇ ਗਏ ਮਾਮਲਿਆਂ ‘ਤੇ ਸਮਾਂਬੱਧ ਕਾਰਵਾਈ ਅਤੇ ਨਿਯਮਿਤ ਫਾਲੋਅੱਪ ਕਾਰਵਾਈ ਸੁਨਿਸ਼ਚਿਤ ਕਰਨ ‘ਤੇ ਜ਼ੋਰ ਦਿੱਤਾ।

ਮੀਟਿੰਗ ਵਿੱਚ ਗ੍ਰਹਿ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ; ਵਿੱਤ ਸਕੱਤਰ ਸ਼੍ਰੀ ਦੀਪਰਵਾ ਲਾਕੜਾ; ਸਿੱਖਿਆ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ; ਮੁੱਖ ਵਣਪਾਲ ਸ਼੍ਰੀ ਸੌਰਭ ਕੁਮਾਰ; ਨਗਰ ਨਿਗਮ ਦੇ ਕਮਿਸ਼ਨਰ,
ਸ਼੍ਰੀ ਅਮਿਤ ਕੁਮਾਰ; ਸਕੱਤਰ ਪ੍ਰਸੋਨਲ ਸ਼੍ਰੀ ਸਵਪਨਿਲ ਨਾਇਕ; ਅਤੇ ਡਿਪਟੀ ਕਮਿਸ਼ਨਰ, ਚੰਡੀਗੜ੍ਹ,ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਸਹਿਤ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਉਪਸਥਿਤ ਰਹੇ।