ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ/GMCH) ਚੰਡੀਗੜ੍ਹ ਦਾ ਦੌਰਾ ਕੀਤਾ ਅਤੇ ਸੰਸਥਾ ਦੇ ਵਿਭਿੰਨ ਵਿਭਾਗਾਂ ਦੇ ਮੁਖੀਆਂ (ਐੱਚਓਡੀਜ਼/HoDs) ਦੇ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਸੰਸਥਾ ਦੀ ਕਾਰਜ ਪ੍ਰਣਾਲੀ ਦੀ ਸਮੀਖਿਆ ਕੀਤੀ ਗਈ ਅਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਪਾਵਾਂ ‘ਤੇ ਵਿਸਤਾਰ ਨਾਲ ਚਰਚਾ ਹੋਈ।
ਮੀਟਿੰਗ ਵਿੱਚ ਯੂਟੀ ਚੰਡੀਗੜ੍ਹ ਦੇ ਗ੍ਰਹਿ-ਅਤੇ-ਮੈਡੀਕਲ ਸਿੱਖਿਆ ਅਤੇ ਖੋਜ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ; ਮਾਣਯੋਗ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਆਰ.ਕੇ. ਸਿੰਘ ਅਤੇ ਜੀਐੱਮਸੀਐੱਚ ਦੇ ਸਾਰੇ ਵਿਭਾਗਾਂ ਦੇ ਮੁਖੀ ਉਪਸਥਿਤ ਰਹੇ।
ਮੀਟਿੰਗ ਦੇ ਦੌਰਾਨ ਮਾਣਯੋਗ ਪ੍ਰਸ਼ਾਸਕ ਨੇ ਵਿਭਾਗਾਂ ਦੇ ਮੁਖੀਆਂ ਨਾਲ ਸੰਵਾਦ ਕਰਕੇ ਵਿਭਿੰਨ ਵਿਭਾਗਾਂ ਦੇ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਵਿਭਾਗਾਂ ਦੇ ਸਾਹਮਣੇ ਆ ਰਹੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੀ ਜਾਣਕਾਰੀ ਲਈ ਅਤੇ ਸਿਹਤ ਸੇਵਾਵਾਂ, ਮੈਡੀਕਲ ਸਿੱਖਿਆ, ਖੋਜ, ਬੁਨਿਆਦੀ ਢਾਂਚੇ ਅਤੇ ਮਰੀਜ਼ਾਂ ਦੀ ਦੇਖਭਾਲ਼ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਮੰਗੇ।
ਮਾਣਯੋਗ ਪ੍ਰਸ਼ਾਸਕ ਨੇ ਜੀਐੱਮਸੀਐੱਚ, ਚੰਡੀਗੜ੍ਹ ਨੂੰ ਗੁਣਵੱਤਾਪੂਰਨ ਸਿਹਤ ਸੇਵਾਵਾਂ, ਆਧੁਨਿਕ ਬੁਨਿਆਦੀ ਢਾਂਚਾ, ਉਤਕ੍ਰਿਸ਼ਟ ਮੈਡੀਕਲ ਸਿੱਖਿਆ ਤੇ ਖੋਜ ਅਤੇ ਮਰੀਜ਼-ਕੇਂਦ੍ਰਿਤ ਸੁਵਿਧਾਵਾਂ ਨਾਲ ਲੈਸ ਉਤਕ੍ਰਿਸ਼ਟ ਸੰਸਥਾਨ (ਸੈਂਟਰ ਆਵ੍ ਐਕਸੀਲੈਂਸ/Centre of Excellence) ਦੇ ਰੂਪ ਵਿੱਚ ਵਿਕਸਿਤ ਕਰਨ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੀ ਬੁਨਿਆਦੀ ਸੰਰਚਨਾ ਤੇ ਸੇਵਾ ਪ੍ਰਦਾਨ ਕਰਨ ਵਿੱਚ ਨਿਰੰਤਰ ਸੁਧਾਰ ਸੰਸਥਾਨ ਦੀ ਸਰਬਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ, ਤਾਕਿ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ।
ਆਪਣੇ ਦੌਰੇ ਦੇ ਦੌਰਾਨ ਮਾਣਯੋਗ ਪ੍ਰਸ਼ਾਸਕ ਨੇ ਪ੍ਰੋਜੈਕਟ ਸਾਰਥੀ (ਸਟੂਡੈਂਟਸ’ ਅਲਾਇੰਸ ਫੌਰ ਰਿਸਪੌਂਸਿਬਲ ਐਕਸ਼ਨ ਟੂ ਟ੍ਰਾਂਸਫਾਰਮ ਹੈਲਥਕੇਅਰ ਇੰਸਟੀਟਿਊਟਸ) ਦੇ ਤਹਿਤ ਸੇਵਾਵਾਂ ਕਰ ਰਹੇ ਵਲੰਟੀਅਰਾਂ ਨਾਲ ਵੀ ਗੱਲਬਾਤ ਕੀਤੀ। ਇਹ ਵਲੰਟੀਅਰ ਪਹਿਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹਸਪਤਾਲ ਦੀਆਂ ਵਿਭਿੰਨ ਸੇਵਾਵਾਂ ਤੱਕ ਸਹਿਜ ਪਹੁੰਚ ਬਣਾਉਣ, ਉਨ੍ਹਾਂ ਦੇ ਹਸਪਤਾਲ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਸੰਵੇਦਨਸ਼ੀਲ ਅਤੇ ਮਾਨਵੀ ਸਿਹਤ ਸੇਵਾ ਪ੍ਰਣਾਲੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸੰਚਾਲਿਤ ਕੀਤੀ ਜਾ ਰਹੀ ਹੈ।
ਮਾਣਯੋਗ ਪ੍ਰਸ਼ਾਸਕ ਨੇ ਵਲੰਟੀਅਰਾਂ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਪਹਿਲਾਂ ਮਰੀਜ਼ਾਂ ਨੂੰ ਬਿਹਤਰ ਸਹਿਯੋਗ ਪ੍ਰਦਾਨ ਕਰਨ ਦੇ ਨਾਲ-ਨਾਲ ਅਧਿਕ ਸੰਵੇਦਨਸ਼ੀਲ ਅਤੇ ਉੱਤਰਦਾਈ ਸਿਹਤ ਸੇਵਾ ਵਿਵਸਥਾ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਵਲੰਟੀਅਰਾਂ ਨੂੰ ਸਮਰਪਣ ਅਤੇ ਸੰਵੇਦਨਸ਼ੀਲਤਾ ਨਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਪ੍ਰੋਤਸਾਹਿਤ ਕੀਤਾ।
ਜ਼ਿਕਰਯੋਗ ਹੈ ਕਿ ਪ੍ਰੋਜੈਕਟ ਸਾਰਥੀ ਦੀ ਸ਼ੁਰੂਆਤ 3 ਮਈ, 2026 ਨੂੰ ਜੀਐੱਮਸੀਐੱਚ ਵਿਖੇ ਚੰਡੀਗੜ੍ਹ ਪ੍ਰਸ਼ਾਸਨ ਦੇ ਚੰਡੀਗੜ੍ਹ ਐੱਨਐੱਸਐੱਸ ਸੈੱਲ ਦੇ ਸਹਿਯੋਗ ਨਾਲ ਕੀਤੀ ਗਈ ਸੀ। ਇਸ ਪਹਿਲ ਦਾ ਉਦੇਸ਼ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬਿਹਤਰ ਮਾਰਗਦਰਸ਼ਨ ਅਤੇ ਸਹਾਇਤਾ ਉਪਲਬਧ ਕਰਵਾਉਣਾ ਅਤੇ ਹਸਪਤਾਲ ਵਿੱਚ ਉਨ੍ਹਾਂ ਦੇ ਸੰਪੂਰਨ ਅਨੁਭਵ ਨੂੰ ਅਧਿਕ ਸਹਿਜ ਅਤੇ ਸੁਵਿਧਾਜਨਕ ਬਣਾਉਣਾ ਹੈ।
