ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਕਾਰਤਾ ਵਿਭਾਗ ਵੱਲੋਂ ਆਯੋਜਿਤ ਇੱਕ ਸਮਾਗਮ ਦੌਰਾਨ ਅੱਜ ਯੂ.ਟੀ. ਚੰਡੀਗੜ੍ਹ ਵਿੱਚ ‘ਭਾਰਤ ਟੈਕਸੀ’ ਦੀ ਸ਼ੁਰੂਆਤ ਕੀਤੀ ਗਈ।

ਯੂ.ਟੀ. ਚੰਡੀਗੜ੍ਹ ਦੇ ਮਾਣਯੋਗ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਇਸ ਸਮਾਰੋਹ ਦੀ ਸ਼ੋਭਾ ਵਧਾਈ। ਇਸ ਮੌਕੇ ਕੇਂਦਰੀ ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਸ਼੍ਰੀ ਮੁਰਲੀਧਰ ਮੋਹੋਲ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਇਸ ਅਵਸਰ ‘ਤੇ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਆਈਏਐੱਸ, ਮੁੱਖ ਸਕੱਤਰ, ਯੂ.ਟੀ. ਚੰਡੀਗੜ੍ਹ; ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ, ਗ੍ਰਹਿ ਸਕੱਤਰ; ਸ਼੍ਰੀ ਦੀਪਰਵਾ ਲਾਕੜਾ, ਆਈਏਐੱਸ, ਵਿੱਤ ਸਕੱਤਰ; ਸ਼੍ਰੀ ਰਮਨ ਕੁਮਾਰ,ਆਈਏਐੱਸ, ਸੰਯੁਕਤ ਸਕੱਤਰ, ਸਹਿਕਾਰਤਾ ਮੰਤਰਾਲਾ, ਭਾਰਤ ਸਰਕਾਰ; ਸ਼੍ਰੀ ਜਯੇਨ ਮਹਿਤਾ, ਚੇਅਰਮੈਨ, ‘ਭਾਰਤ ਟੈਕਸੀ’; ਅਤੇ ਸ਼੍ਰੀ ਐੱਲ. ਮੁਹੰਮਦ ਮਨਸੂਰ, ਆਈਏਐੱਸ, ਸਹਿਕਾਰਤਾ ਸਕੱਤਰ ਵੀ ਹਾਜ਼ਰ ਸਨ। ਸਮਾਰੋਹ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ, ‘ਭਾਰਤ ਟੈਕਸੀ’ ਦੇ ਪ੍ਰਤੀਨਿਧੀਆਂ, ਸਹਿਕਾਰੀ ਖੇਤਰ ਦੇ ਮੈਂਬਰਾਂ, ਡਰਾਇਵਰ-ਮੈਂਬਰਾਂ ਅਤੇ ਹੋਰ ਸੱਦੇ ਗਏ ਮਹਿਮਾਨਾਂ ਨੇ ਵੀ ਹਿੱਸਾ ਲਿਆ।

ਚੰਡੀਗੜ੍ਹ ਵਿੱਚ ‘ਭਾਰਤ ਟੈਕਸੀ’ ਦੀ ਸ਼ੁਰੂਆਤ ਸਹਿਕਾਰੀ ਮਾਡਲ ਨੂੰ ਤਕਨੀਕ-ਅਧਾਰਿਤ ਮੋਬਿਲਿਟੀ ਖੇਤਰ ਤੱਕ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਪਹਿਲ ਸਹਿਕਾਰਤਾ ਦੇ ਸਿਧਾਂਤਾਂ ਨੂੰ ਡਿਜੀਟਲ ਤਕਨੀਕ ਨਾਲ ਜੋੜਦੇ ਹੋਏ, ਡਰਾਇਵਰ-ਮੈਂਬਰਾਂ ਦੀ ਭਾਗੀਦਾਰੀ ਅਤੇ ਮਾਲਕੀ ਨੂੰ ਪ੍ਰੋਤਸਾਹਿਤ ਕਰਦੇ ਹੋਏ ਉਨ੍ਹਾਂ ਨੂੰ ਪਲੈਟਫਾਰਮ ਦੇ ਕੇਂਦਰ ਵਿੱਚ ਰੱਖਦੀ ਹੈ।

ਪ੍ਰੋਗਰਾਮ ਦੇ ਦੌਰਾਨ ਪਤਵੰਤਿਆਂ ਨੂੰ ਇਸ ਪਹਿਲ ਅਤੇ ਇਸ ਦੇ ਸਹਿਕਾਰੀ ਮਾਡਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ‘ਤੇ ਅਧਾਰਿਤ ਇੱਕ ਆਡੀਓ-ਵਿਜ਼ੂਅਲ ਪੇਸ਼ਕਾਰੀ ਵੀ ਦਿਖਾਈ ਗਈ।
ਡਰਾਇਵਰ-ਮੈਂਬਰਾਂ ਦੀ ਮੈਂਬਰਾਂ ਅਤੇ ਹਿਤਧਾਰਕਾਂ ਦੇ ਰੂਪ ਵਿੱਚ ਭਾਗੀਦਾਰੀ ਨੂੰ ਦਰਸਾਉਂਦੇ ਹੋਏ ਪੰਜ ਡਰਾਇਵਰ-ਮੈਂਬਰਾਂ ਨੂੰ ਸ਼ੇਅਰ ਸਰਟੀਫਿਕੇਟ ਵੰਡੇ ਗਏ।

ਮੁੱਖ ਮਹਿਮਾਨ ਨੇ ਡਿਜੀਟਲ ਤਰੀਕੇ ਨਾਲ ‘ਭਾਰਤ ਟੈਕਸੀ’ ਦਾ ਉਦਘਾਟਨ ਕੀਤਾ ਅਤੇ ਬਾਅਦ ਵਿੱਚ ਇਸ ਦੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਯੂ.ਟੀ. ਚੰਡੀਗੜ੍ਹ ਵਿੱਚ ਇਸ ਸੇਵਾ ਦੀ ਰਸਮੀ ਸ਼ੁਰੂਆਤ ਹੋਈ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਹ ਪਹਿਲ ਚੰਡੀਗੜ੍ਹ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ ਅਤੇ ਕਿਰਤ ਦੇ ਸਨਮਾਨ, ਸਹਿਕਾਰੀ ਮਲਕੀਅਤ, ਤਕਨੀਕੀ ਆਤਮਨਿਰਭਰਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਡਰਾਇਵਰ ਕੇਵਲ ਸੇਵਾ ਪ੍ਰਦਾਤਾ ਨਹੀਂ ਰਹਿਣਗੇ, ਬਲਕਿ ਪਲੈਟਫਾਰਮ ਦੇ ਮੈਂਬਰ ਅਤੇ ਹਿਤਧਾਰਕ ਦੇ ਰੂਪ ਵਿੱਚ ਵੀ ਭਾਗੀਦਾਰੀ ਕਰ ਸਕਣਗੇ।

ਚੰਡੀਗੜ੍ਹ ਦੇ ਆਧੁਨਿਕ ਅਤੇ ਪ੍ਰਗਤੀਸ਼ੀਲ ਸਰੂਪ ਦਾ ਉਲੇਖ ਕਰਦੇ ਹੋਏ ਪ੍ਰਸ਼ਾਸਕ ਨੇ ਵਿਸ਼ਵਾਸ ਵਿਅਕਤ ਕੀਤਾ ਕਿ ‘ਭਾਰਤ ਟੈਕਸੀ’ (Bharat Taxi) ਸ਼ਹਿਰ ਦੇ ਪਬਲਿਕ ਟ੍ਰਾਂਸਪੋਰਟ ਸਿਸਟਮ ਦੇ ਪੂਰਕ ਵਜੋਂ ਨਾਗਰਿਕਾਂ ਨੂੰ ਸੁਰੱਖਿਅਤ, ਕਿਫ਼ਾਇਤੀ ਅਤੇ ਭਰੋਸੇਯੋਗ ਮੋਬਿਲਿਟੀ ਸੁਵਿਧਾ ਪ੍ਰਦਾਨ ਕਰੇਗੀ। ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜ਼ਰੂਰੀ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ‘ਭਾਰਤ ਟੈਕਸੀ’ ਨੂੰ ਪਾਰਦਰਸ਼ੀ ਸੰਚਾਲਨ, ਡਾਟਾ ਸੁਰੱਖਿਆ, ਜਾਇਜ਼ ਕਿਰਾਏ, ਪ੍ਰਭਾਵੀ ਸ਼ਿਕਾਇਤ ਨਿਵਾਰਣ ਅਤੇ ਇਲੈਕਟ੍ਰਿਕ ਤੇ ਵਾਤਾਵਰਣ-ਅਨੁਕੂਲ ਵਾਹਨਾਂ ਨੂੰ ਹੁਲਾਰਾ ਦੇਣਾ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ।

ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਕਿਹਾ ਕਿ ‘ਭਾਰਤ ਟੈਕਸੀ’ ਸਹਿਕਾਰੀ ਮਾਡਲ ‘ਤੇ ਅਧਾਰਿਤ ਹੈ ਅਤੇ ਇਹ ਟੈਕਸੀ ਡਰਾਇਵਰਾਂ ਨੂੰ ਇਸ ਪਲੈਟਫਾਰਮ ਵਿੱਚ ਸਰਗਰਮ ਭਾਗੀਦਾਰ ਬਣਾਏਗੀ। ਮੈਂਬਰਾਂ ਅਤੇ ਹਿਤਧਾਰਕਾਂ ਦੇ ਰੂਪ ਵਿੱਚ ਡਰਾਇਵਰਾਂ ਨੂੰ ਇਸ ਦੇ ਲਾਭ ਵਿੱਚ ਵੀ ਹਿੱਸਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਉਨ੍ਹਾਂ ਦੀ ਆਮਦਨ ਵਿੱਚ ਸੁਧਾਰ ਕਰਨ, ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਇਹ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ ਕਿ ਪਲੈਟਫਾਰਮ ਦੇ ਲਾਭ ਖ਼ੁਦ ਡਰਾਇਵਰਾਂ ਤੱਕ ਪਹੁੰਚਣ।

ਸ਼੍ਰੀ ਮੁਰਲੀਧਰ ਮੋਹੋਲ ਨੇ ਦੱਸਿਆ ਕਿ ਹੁਣ ਤੱਕ ਦੇਸ਼ ਭਰ ਵਿੱਚ ਲਗਭਗ 10 ਲੱਖ ਡਰਾਇਵਰ ‘ਭਾਰਤ ਟੈਕਸੀ’ ਨਾਲ ਰਜਿਸਟਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਚੰਡੀਗੜ੍ਹ ਦੇ ਇੱਕ ਲੱਖ ਤੋਂ ਵੱਧ ਡਰਾਇਵਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਇਸ ਸੇਵਾ ਦੀ ਸ਼ੁਰੂਆਤ ਇਸ ਦੇ ਵਿਸਤਾਰ ਵਿੱਚ ਇੱਕ ਹੋਰ ਮਹੱਤਵਪੂਰਨ ਪੜਾਅ ਹੈ। ‘ਭਾਰਤ ਟੈਕਸੀ’ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਦੇ ਹੋਰ ਸ਼ਹਿਰਾਂ, ਜਿਵੇਂ ਕਿ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਤੱਕ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ।

ਯੂ.ਟੀ. ਚੰਡੀਗੜ੍ਹ ਦੇ ਸਹਿਕਾਰਤਾ ਵਿਭਾਗ ਨੇ ਸਬੰਧਿਤ ਵਿਭਾਗਾਂ ਅਤੇ ‘ਭਾਰਤ ਟੈਕਸੀ’ ਦੇ ਪ੍ਰਤੀਨਿਧੀਆਂ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਆਯੋਜਨ ਕੀਤਾ। ਇਸ ਪਹਿਲ ਨਾਲ ਸਹਿਕਾਰੀ ਮਾਡਲ ਨੂੰ ਟ੍ਰਾਂਸਪੋਰਟ ਸੈਕਟਰ ਤੱਕ ਵਿਸਤਾਰਿਤ ਕਰਨ ਅਤੇ ਤਕਨੀਕ-ਅਧਾਰਿਤ ਪਲੈਟਫਾਰਮ ਦੇ ਜ਼ਰੀਏ ਮੈਂਬਰਾਂ ਦੀ ਅਧਿਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਕੇ ਸਹਿਕਾਰਤਾ ਅੰਦੋਲਨ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ